ਕਤਲ ਮਾਮਲੇ ’ਚ ਸਜ਼ਾ ਕੱਟ ਰਹੇ ਨੌਜਵਾਨ ਕੋਲੋਂ ਮਿਲਿਆ ਮੋਬਾਇਲ

Saturday, Sep 09, 2023 - 01:45 PM (IST)

ਕਤਲ ਮਾਮਲੇ ’ਚ ਸਜ਼ਾ ਕੱਟ ਰਹੇ ਨੌਜਵਾਨ ਕੋਲੋਂ ਮਿਲਿਆ ਮੋਬਾਇਲ

ਚੰਡੀਗੜ੍ਹ (ਸੰਦੀਪ) : ਬੁੜੈਲ ਜੇਲ੍ਹ 'ਚ ਕਤਲ ਮਾਮਲੇ 'ਚ ਉਮਰਕੈਦ ਦੀ ਸਜ਼ਾ ਕੱਟ ਰਹੇ 21 ਸਾਲਾ ਰਜਤ ਕੋਲੋਂ ਜੇਲ੍ਹ ਪ੍ਰਸ਼ਾਸਨ ਨੂੰ ਮੋਬਾਇਲ ਫੋਨ ਅਤੇ ਸਿਮ ਕਾਰਡ ਮਿਲਿਆ ਹੈ। ਸੈਕਟਰ-49 ਥਾਣਾ ਪੁਲਸ ਨੇ ਜੇਲ ਦੇ ਵਧੀਕ ਸੁਪਰੀਡੈਂਟ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਸ਼ੀ ਬੈਰਕ ਨੰਬਰ-5 'ਚ 6 ਸਤੰਬਰ ਨੂੰ ਮੋਬਾਇਲ ਫੋਨ ਦੀ ਵਰਤੋਂ ਕਰ ਰਿਹਾ ਸੀ। ਉਹ ਇਕ ਮਾਮਲੇ 'ਚ ਸਜ਼ਾਯਾਫ਼ਤਾ ਕੈਦੀ ਹੈ।

ਸੈਕਟਰ-39 ਥਾਣੇ 'ਚ 26 ਅਗਸਤ 2019 ਨੂੰ ਦਰਜ ਕਤਲ ਦੇ ਮਾਮਲੇ 'ਚ ਉਸ ਨੂੰ ਉਮਰਕੈਦ ਦੀ ਸਜ਼ਾ ਹੋਈ ਸੀ। ਉਹ ਬੈਰਕ ਨੰਬਰ-5 'ਚ ਬੰਦ ਸੀ। ਹਾਲ ਹੀ 'ਚ ਰਜਤ ਅਤੇ ਹੋਰ ਕੈਦੀਆਂ ਦੀ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਵੱਖ-ਵੱਖ ਬੈਰਕਾਂ 'ਚ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਜੇਲ੍ਹ ਡਿਸਪੈਂਸਰੀ 'ਚ ਰਜਤ ਦਾ ਇਲਾਜ ਕੀਤਾ ਗਿਆ। ਬੈਰਕ 'ਚ ਜਾਂਚ ਦੌਰਾਨ ਰਜਤ ਦੀ ਜੇਬ ਵਿਚੋਂ ਮੋਬਾਇਲ ਫੋਨ ਅਤੇ ਏਅਰਟੈੱਲ ਦਾ ਸਿਮ ਕਾਰਡ ਮਿਲਿਆ। ਪੁਲਸ ਨੇ ਰਜਤ ਨੂੰ ਦੂਜੇ ਸੈੱਲ 'ਚ ਸ਼ਿਫਟ ਕਰ ਦਿੱਤਾ, ਤਾਂ ਜੋ ਫਿਰ ਕੋਈ ਲੜਾਈ ਨਾ ਹੋਵੇ। ਉੱਥੇ ਹੀ ਉਸ ਕੋਲੋਂ ਜੇਲ੍ਹ 'ਚ ਮਿਲੇ ਮੋਬਾਇਲ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੋਬਾਇਲ ਦੀ ਜਾਂਚ 'ਚ ਜੁੱਟ ਗਈ ਹੈ।
 


author

Babita

Content Editor

Related News