ਮੋਬਾਇਲ, ਮੋਟਰਸਾਈਕਲ ਅਤੇ ਐਕਟਿਵਾ ਲੁੱਟਣ ਵਾਲੇ ਕਾਬੂ
Sunday, Feb 03, 2019 - 08:11 PM (IST)

ਲੁਧਿਆਣਾ (ਰਾਮ ਗੁਪਤਾ) -ਥਾਣਾ ਮੋਤੀ ਨਗਰ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਥਾਣਾ ਪੁਲਸ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਅਤੇ ਚੋਰੀ ਦੀਆਂ ਕਥਿਤ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋ ਨਸ਼ੇੜੀਆਂ ਨੂੰ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ। ਜਿਨ੍ਹਾਂ ਪਾਸੋਂ ਪੁਲਸ ਨੇ ਲੁੱਟੇ ਹੋਏ ਮੋਬਾਇਲ, ਚੋਰੀਸ਼ੁਦਾ ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ ਕਰ ਲਈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਧਨਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਅਜੀਤ ਕੁਮਾਰ ਠਾਕੁਰ ਪੁੱਤਰ ਅਰਵਿੰਦ ਕੁਮਾਰ ਠਾਕੁਰ ਵਾਸੀ ਜਵਾਲਾ ਨਗਰ, ਜਮਾਲਪੁਰ, ਲੁਧਿਆਣਾ ਨੇ ਦੱਸਿਆ ਕਿ ਮੋਟਰਸਾਈਕਲਸ ਵਾਰ ਦੋ ਨੌਜਵਾਨਾਂ ਨੇ ਉਸਦਾ ਮੋਬਾਇਲ ਫੋਨ ਲੁੱਟ ਲਿਆ। ਜਿਸਦੀ ਜਾਂਚ ਦੌਰਾਨ ਉਨ੍ਹਾਂ ਦੀ ਪੁਲਸ ਪਾਰਟੀ ਨੇ ਐਵਰੈਸਟ ਸਕੂਲ ਟੀ-ਪੁਆਇੰਟ ਤੋਂ ਇਕ ਮੋਟਰਸਾਈਕਲ 'ਤੇ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਉਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਜਿਨ੍ਹਾ ਪਾਸੋਂ ਪੁਲਸ ਨੇ ਥੋੜ੍ਹਾ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਪਾਸੋਂ ਲੁੱਟੇ ਹੋਏ 8 ਮੋਬਾਇਲ ਫੋਨ, ਇਕ ਚੋਰੀ ਸ਼ੁਦਾ ਐਕਟਿਵਾ ਅਤੇ ਮੋਟਰਸਾਈਕਲ ਬਰਾਮਦ ਕੀਤੇ। ਜਿਨ੍ਹਾਂ ਦੀ ਪਛਾਣ ਜਗਦੀਪ ਸਿੰਘ ਉਰਫ ਦੀਪੂ ਪੁੱਤਰ ਜਸਵੰਤ ਸਿੰਘ ਵਾਸੀ ਲਛਮਣ ਨਗਰ, ਮੂੰਡੀਆਂ ਖੁਰਦ, ਜਾਮਲਪੁਰ, ਲੁਧਿਆਣਾ ਅਤੇ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਸੰਜੀਵ ਕੁਮਾਰ ਵਾਸੀ ਮੁਹੱਲਾ ਵਾਲਮੀਕਿ ਕਲੋਨੀ, ਭਾਮੀਆਂ ਰੋਡ, ਲੁਧਿਆਣਾ ਦੇ ਰੂਪ 'ਚ ਹੋਈ ਹੈ।
ਨਸ਼ੇ ਦੀ ਪੂਰਤੀ ਲਈ ਕਰਦੇ ਸੀ ਲੁੱਟ ਖੋਹ
ਜਾਂਚ ਅਧਿਕਾਰੀ ਧਨਵੰਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵੇਂ ਕਥਿਤ ਦੋਸ਼ੀ ਹੈਰੋਇਨ ਦਾ ਕਥਿਤ ਨਸ਼ਾ ਕਰਨ ਦੇ ਆਦੀ ਸਨ। ਜੋ ਆਪਣੈ ਨਸ਼ੇ ਦੀ ਪੂਰਤੀ ਲਈ ਪ੍ਰਵਾਸੀ ਮਜ਼ਦੂਰਾਂ ਪਾਸੋਂ ਲੁੱਟ-ਖੋਹ ਅਤੇ ਦੋਪਹੀਆ ਵਾਹਨ ਚੋਰੀ ਕਰਕੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਸਨ। ਜਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਚਿੱਟੇ ਦਾ ਨਸ਼ਾ ਕਰਨ ਦੇ ਆਦੀ ਹਨ। ਜਿਸ ਲਈ ਉਹ ਪ੍ਰਵਾਸੀ ਮਜ਼ਦੂਰਾਂ ਪਾਸੋਂ ਮੋਬਾਇਲ, ਨਕਦੀ ਅਤੇ ਦੋਪਹੀਆ ਵਾਹਨ ਚੋਰੀ ਕਰਕੇ ਨਸ਼ੇ ਦੀ ਪੂਰਤੀ ਕਰਦੇ ਸਨ।