ਮਨਰੇਗਾ ਰੋਜ਼ਗਾਰ ਅਤੇ ਪਲਾਟਾਂ ਦੀ ਮੰਗ ਨੂੰ ਲੈ ਕੇ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਨੇ ਕੀਤਾ ਰੋਸ ਪ੍ਰਦਰਸ਼ਨ

Thursday, Aug 24, 2017 - 06:23 PM (IST)

ਮਨਰੇਗਾ ਰੋਜ਼ਗਾਰ ਅਤੇ ਪਲਾਟਾਂ ਦੀ ਮੰਗ ਨੂੰ ਲੈ ਕੇ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਨੇ ਕੀਤਾ ਰੋਸ ਪ੍ਰਦਰਸ਼ਨ

ਗੁਰਦਾਸਪੁਰ (ਦੀਪਕ) – ਮਨਰੇਗਾ ਰੋਜ਼ਗਾਰ ਅਤੇ ਪਲਾਟਾਂ ਦੀ ਮੰਗ ਨੂੰ ਲੈ ਕੇ ਸੀ. ਪੀ. ਆਈ. (ਐੱਮ. ਐੱਲ) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ 'ਚ ਹਜ਼ਾਰਾਂ ਮਜ਼ਦੂਰਾਂ ਨੇ ਸਥਾਨਕ ਗੁਰੂ ਨਾਨਕ ਪਾਰਕ ਵਿਚ ਇਕੱਠੇ ਹੋਣ ਉਪਰੰਤ ਸ਼ਹਿਰ ਦੇ ਬਾਜ਼ਾਰਾਂ ਵਿਚ ਪ੍ਰਦਰਸ਼ਨ ਕਰਦੇ ਹੋਏ ਜ਼ਿਲਾ ਪ੍ਰਬੰੰਧਕੀ ਕੰਪਲੈਕਸ ਦਾ ਘਿਰਾਓ ਕਰਕੇ ਭਾਰੀ ਗਿਣਤੀ 'ਚ ਕਈ ਘੰਟੇ ਰੋਸ ਧਰਨਾ ਦਿੱਤਾ। ਇਸ ਦੌਰਾਨ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਪਰੰਤ ਡੀ. ਸੀ. ਗੁਰਦਾਸਪੁਰ ਨੂੰ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ, ਜ਼ਿਲਾ ਕਾਰਜਕਾਰੀ ਸਕੱਤਰ  ਗੁਲਜਾਰ ਸਿੰਘ ਭੁੰਬਲੀ ਅਤੇ ਮੋਰਚਾ ਜ਼ਿਲਾ ਪ੍ਰਧਾਨ ਵਿਜੇ ਕੁਮਾਰ ਸੋਹਲ ਨੇ ਕਿਹਾ ਕਿ ਪੰਜਾਬ ਅਤੇ ਜ਼ਿਲੇ 'ਚ ਇਸ ਸਾਲ ਦੇ 8 ਮਹੀਨੇ ਬੀਤ ਜਾਣ ਉਪਰੰਤ ਵੀ 5 ਫੀਸਦੀ ਕਿਰਤੀਆਂ ਨੂੰ ਵੀ ਮਨਰੇਗਾ ਰੋਜ਼ਗਾਰ ਮੁਹੱਈਆ ਨਹੀਂ ਕਰਵਾਇਆ ਗਿਆ ਅਤੇ ਇਕੱਲੇ ਗੁਰਦਾਸਪੁਰ ਜ਼ਿਲੇ 'ਚ 2017-18 'ਚ ਕੀਤੇ ਕੰਮ ਦੀਆਂ 49.15 ਲੱਖ ਉਜਰਤਾ ਸਰਕਾਰ ਵੱਲ ਫਸੀਆਂ ਪਈਆਂ ਹਨ ਅਤੇ ਪਿਛਲੇ 3 ਸਾਲ ਦੇ ਕੁੱਲ 1 ਕਰੋੜ 36 ਲੱਖ ਦੇ ਬਕਾਏ ਨਹੀਂ ਦਿੱਤੇ ਜਾ ਰਹੇ । ਕੰਮ ਦੇ ਸਮੇਂ ਸਿਆਸੀ ਪੱਖਪਾਤ ਖੁੱਲੇਆਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਸਬੰਧੀ ਸਰਪੰਚਾਂ ਵੱਲੋਂ ਤਸਦੀਕ ਕਰਨ ਅਤੇ ਮਤੇ ਪਾਉਣ ਤੋਂ ਇਨਕਾਰੀ ਕੀਤੀ ਜਾ ਰਹੀ ਹੈ ਅਤੇ ਜਾਬ ਕਾਰਡਾਂ ਤੇ ਹਾਜ਼ਰੀ ਨਹੀਂ ਲਾਈ ਜਾ ਰਹੀ ਹੈ। 
ਧਰਨੇ ਦੌਰਾਨ ਮੰਗ ਗਈ ਕੀਤੀ ਕਿ ਮਨਰੇਗਾ ਕੰਮ 'ਚ ਸਿਆਸੀ ਦਖਲਅੰਦਾਜ਼ੀ ਬੰਦ ਕਰਕੇ ਹਰ ਮਜ਼ਦੂਰ ਪਰਿਵਾਰ ਨੂੰ ਵਾਰੰਟੀ ਨਾਲ 100 ਦਿਨ ਦਾ ਰੋਜ਼ਗਾਰ ਜਾਂ ਕਾਨੂੰਨੀ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਅਤੇ ਕੰਮ ਦੇ ਪੈਸਿਆਂ ਦੀ ਅਦਾਇਗੀ 15 ਦਿਨਾਂ 'ਚ ਕੀਤੀ ਜਾਵੇ, ਜਾਬ ਕਾਰਡ ਬਣਾਉਣ ਲਈ ਕੈਂਪ ਲਾਏ ਜਾਣ, ਮਜ਼ਦੂਰੀ ਦੇ ਬਕਾਇਆ ਦਾ ਭੁਗਤਾਨ ਫੌਰੀ ਕੀਤਾ ਜਾਵੇ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੋਂ ਵਾਅਦੇ ਮੁਤਾਬਿਕ 5-5 ਮਰਲੇ ਦੇ ਪਲਾਟਾਂ ਦੀ ਵੰਡ ਦੀ ਮੰਗ ਕਰਦਿਆਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ 'ਚ ਸਰਕਾਰ ਬੇ-ਘਰਿਆਂ ਨੂੰ ਘਰ ਨਹੀਂ ਦੇ ਸਕੀ, ਜੋ ਵਾਰ-ਵਾਰ ਵਾਅਦਾ ਖਿਲਾਫੀ ਹੈ। ਇਸ ਮੌਕੇ ਜ਼ਿਲਾ ਕਸੱਤਰ ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕਬਮਾਰ, ਬਲਬੀਰ ਸਿੰਘ ਰੰਧਾਵਾ, ਸ਼੍ਰੀਮਤੀ ਜਤਿੰਦਰ, ਗੋਪਾਲ ਕਿਸ਼ਨ ਪਾਲ, ਗੁਰਵਿੰਦਰ ਸਿੰਘ, ਕੁਲਦੀਪ ਰਾਜੁ, ਜੋਗਿੰਦਰਪਾਲ ਲੇਹਲ, ਬਸੀਰ ਗਿੱਲ ਆਦਿ ਹਾਜ਼ਰ ਸਨ।


Related News