ਵਿਧਾਇਕਾਂ ਤੇ ਅਫਸਰਸ਼ਾਹੀ ਦਰਮਿਆਨ ਵਧਿਆ ਟਕਰਾਅ

Tuesday, Dec 24, 2019 - 04:40 PM (IST)

ਵਿਧਾਇਕਾਂ ਤੇ ਅਫਸਰਸ਼ਾਹੀ ਦਰਮਿਆਨ ਵਧਿਆ ਟਕਰਾਅ

ਜਲੰਧਰ (ਨਰਿੰਦਰ ਮੋਹਨ) : ਪੰਜਾਬ 'ਚ ਵਿਧਾਇਕਾਂ ਅਤੇ ਅਫਸਰਸ਼ਾਹੀ ਦਰਮਿਆਨ ਟਕਰਾਅ ਤੇਜ਼ ਹੋਣ ਲੱਗਾ ਹੈ। ਸੱਤਾਧਾਰੀ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਅਧਿਕਾਰੀਆਂ ਵਿਰੁੱਧ ਛੇੜੀ ਗਈ ਠੰਡੀ ਜੰਗ ਸਬੰਧੀ ਇਕ ਵਾਰ ਮੁੜ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਨੇ ਪਾਣੀ ਸੋਮਿਆਂ ਬਾਰੇ ਵਿਭਾਗ ਦੇ ਇਕ ਕਾਰਜਕਾਰੀ ਇੰਜੀਨੀਅਰ ਪ੍ਰਤੀ ਤਿੱਖੀ ਸ਼ਬਦਾਵਲੀ ਵਰਤੀ ਹੈ।

ਮਾਲਵਾ ਖੇਤਰ 'ਚੋਂ ਲੰਘਦੀ ਸਰਹਿੰਦ ਫੀਡਰ 'ਤੇ ਲੱਗੇ ਲਿਫਟ ਪੰਪਾਂ ਨੂੰ ਲੈ ਕੇ ਨਹਿਰ ਦੇ ਇਕ ਖੇਤਰ ਨਾਲ ਸਬੰਧਤ ਕਿਸਾਨ ਅੰਦੋਲਨ ਕਰ ਰਹੇ ਹਨ। ਲੰਬੀ ਵਿਖੇ ਦਿੱਤੇ ਗਏ ਧਰਨੇ ਨੂੰ ਖਤਮ ਕਰਵਾਉਣ ਲਈ ਆਏ ਰਾਜਾ ਵੜਿੰਗ ਨੇ ਕਿਸਾਨਾਂ ਨੂੰ ਖੁਸ਼ ਕਰਨ ਲਈ ਪਾਣੀ ਸੋਮਿਆਂ ਬਾਰੇ ਵਿਭਾਗ ਦੇ ਅਬੋਹਰ ਸਥਿਤ ਇਕ ਕਾਰਜਕਾਰੀ ਇੰਜੀਨੀਅਰ ਪ੍ਰਤੀ ਤਿੱਖੀ ਭਾਸ਼ਾ ਦੀ ਵਰਤੋਂ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਕਿਸਾਨ ਆਪਣੇ ਲਿਫਟ ਪੰਪਾਂ ਦੇ ਕੁਨੈਕਸ਼ਨ ਖੁਦ ਹੀ ਨਹਿਰ ਨਾਲ ਜੋੜ ਲੈਣ। ਅਸਲ 'ਚ ਪਾਣੀ ਸੋਮਿਆਂ ਬਾਰੇ ਵਿਭਾਗ ਕੋਲ ਸ਼ਿਕਾਇਤਾਂ ਦਾ ਢੇਰ ਲੱਗ ਰਿਹਾ ਸੀ। ਇਨ੍ਹਾਂ ਸ਼ਿਕਾਇਤਾਂ 'ਚ ਕਿਹਾ ਗਿਆ ਸੀ ਕਿ ਕਿਸਾਨ ਸਰਹਿੰਦ ਫੀਡਰ 'ਤੇ ਲਿਫਟ ਪੰਪ ਲਾ ਕੇ ਵੱਡੀਆਂ ਮੋਟਰਾਂ ਨਾਲ ਅਲਾਟ ਕੀਤੀ ਗਈ ਮਾਤਰਾ ਤੋਂ ਕਿਤੇ ਵੱਧ ਪਾਣੀ ਖਿੱਚ ਰਹੇ ਹਨ। ਇਸ ਕਾਰਨ ਨਹਿਰ ਦੇ ਦੂਜੇ ਖੇਤਰ ਦੇ ਜ਼ਿਲਾ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਕਿਸਾਨਾਂ ਨੂੰ ਪਾਣੀ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ।

ਦਿਲਚਸਪ ਗੱਲ ਇਹ ਵੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਆਪਣੇ ਸਾਬਕਾ ਵਿਧਾਨ ਸਭਾ ਹਲਕਾ ਅਬੋਹਰ 'ਚ ਇਸ ਕਾਰਨ ਪੈਦਾ ਹੋ ਰਹੀ ਪਾਣੀ ਦੀ ਕਮੀ ਵਿਰੁੱਧ ਪਾਣੀ ਸੋਮਾ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਰਹੇ ਹਨ। ਉਨ੍ਹਾਂ ਦਾ ਦੋਸ਼ ਰਿਹਾ ਹੈ ਕਿ ਲੰਬੀ ਅਤੇ ਹੋਰ ਖੇਤਰਾਂ ਵਿਚ ਪ੍ਰਭਾਵਸ਼ਾਲੀ ਬਾਦਲ ਪਰਿਵਾਰ ਵਧੇਰੇ ਪਾਣੀ ਲੈ ਰਿਹਾ ਹੈ। ਕਿਸਾਨਾਂ ਦਾ ਹੱਕ ਮਾਰਿਆ ਜਾ ਰਿਹਾ ਹੈ। ਹੁਣ ਕਾਂਗਰਸ ਦੇ ਹੀ ਵਿਧਾਇਕ ਰਾਜਾ ਵੜਿੰਗ ਨੇ ਪਾਣੀ ਸੋਮਿਆਂ ਬਾਰੇ ਵਿਭਾਗ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਪਾਣੀ ਸੋਮਿਆਂ ਬਾਰੇ ਵਿਭਾਗ ਦੇ ਇਕ ਅਧਿਕਾਰੀ ਦਾ ਕਹਿਣਾ ਸੀ ਕਿ ਉਹ ਆਗੂਆਂ ਦਰਮਿਆਨ ਸੈਂਡਵਿਚ ਬਣ ਰਹੇ ਹਨ। ਐਤਵਾਰ ਫਿਰੋਜ਼ਪੁਰ ਦੇ ਨਿਗਰਾਨ ਇੰਜੀਨੀਅਰ ਨਾਲ ਤਿੰਨ ਕਾਰਜਕਾਰੀ ਇੰਜੀਨੀਅਰਾਂ ਦੀ ਸਾਈਟ 'ਤੇ ਬੈਠਕ ਹੋਈ ਸੀ। ਇਸ 'ਚ ਵੜਿੰਗ ਵਲੋਂ ਕਿਸਾਨਾਂ ਨੂੰ ਕਥਿਤ ਤੌਰ 'ਤੇ ਅਧਿਕਾਰੀਆਂ ਵਿਰੁੱਧ ਭੜਕਾਉਣ ਸਬੰਧੀ ਦਿੱਤੇ ਗਏ ਬਿਆਨ 'ਤੇ ਚਿੰਤਾ ਪ੍ਰਗਟ ਕੀਤੀ ਗਈ। ਅਧਿਕਾਰੀਆਂ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਸ ਮੁਖੀ ਨੂੰ ਕਿਸੇ ਸੰਭਾਵਿਤ ਹਮਲੇ ਤੋਂ ਜਾਣੂ ਕਰਵਾਇਆ ਹੈ।


author

Anuradha

Content Editor

Related News