ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ’ਚ ਵਿਧਾਇਕ ਸ਼ੀਤਲ ਅੰਗੁਰਾਲ ਸਾਥੀਆਂ ਸਮੇਤ ਬਰੀ
Wednesday, Jan 24, 2024 - 01:17 PM (IST)
ਜਲੰਧਰ (ਜਤਿੰਦਰ, ਭਾਰਦਵਾਜ)- ਗਗਨਦੀਪ ਕੌਰ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵੱਲੋਂ ਇਕ ਨਾਬਾਲਗ ਬੱਚੇ ਨੂੰ ਅਗਵਾ ਕਰਕੇ ਉਸ ਨੂੰ ਆਪਣੇ ਦਫ਼ਤਰ ’ਚ ਲਿਜਾ ਕੇ ਕੁੱਟਮਾਰ ਕਰਨ ਦੇ ਮਾਮਲੇ ’ਚ ਦੋਸ਼ ਸਾਬਤ ਨਾ ਹੋਣ 'ਤੇ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ, ਰਾਜਨ ਅੰਗੁਰਾਲ ਦੋਵੇਂ ਸਕੇ ਭਰਾ ਅਤੇ ਗੁਰਦੀਪ ਸਿੰਘ ਉਰਫ਼ ਦੀਪਾ, ਸਾਗਰ ਉਰਫ਼ ਜੌਲੀ, ਸੰਦੀਪ ਕੁਮਾਰ ਉਰਫ਼ ਜੈਨੀ ਨੂੰ ਬਰੀ ਕਰ ਦਿੱਤਾ।
ਜਾਣੋ ਕੀ ਹੈ ਪੂਰਾ ਮਾਮਲਾ
ਇਸ ਮਾਮਲੇ ’ਚ ਪੁਲਸ ਡਿਵੀਜ਼ਨ ਨੰ. 5 ਦੀ ਪੁਲਸ ਨੇ 2020 ’ਚ ਆਈ. ਪੀ. ਸੀ. ਦੀ ਧਾਰਾ 365 ਅਤੇ 368 ਤਹਿਤ 15 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ ਵਿਧਾਇਕ ਅੰਗੁਰਾਲ, ਰਾਜਨ ਅੰਗੁਰਾਲ, ਗੁਰਦੀਪ ਸਿੰਘ ਉਰਫ਼ ਦੀਪਾ, ਸਾਗਰ ਉਰਫ਼ ਜੌਲੀ, ਸੰਦੀਪ ਕੁਮਾਰ ਉਰਫ਼ ਜੈਨੀ ਸਾਰੇ ਨਿਵਾਸੀ ਜਲੰਧਰ ਵਿਰੁੱਧ ਮਾਮਲਾ ਦਰਜ ਕੀਤਾ ਸੀ। ਪੁਲਸ ਵੱਲੋਂ ਦਰਜ ਐੱਫ਼. ਆਈ. ਆਰ. ਅਨੁਸਾਰ ਇਹ ਬੱਚਾ ਅਗਵਾ ਬਸਤੀ ਦਾਨਿਸ਼ਮੰਦਾਂ ਨੇੜੇ ਹੋਇਆ ਸੀ। ਕੇਸ ’ਚ ਦੋਵੇਂ ਗੰਭੀਰ ਧਾਰਾਵਾਂ ਜੋੜੀਆਂ ਗਈਆਂ ਸਨ। ਉਨ੍ਹਾਂ ਪੁਲਸ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਵੀ ਲਾਏ ਸਨ। ਸ਼ੀਤਲ ਅੰਗੁਰਾਲ ਨੇ ਉਦੋਂ ਕਿਹਾ ਸੀ ਕਿ ਇਹ ਸਾਰੀਆਂ ਕਾਰਵਾਈਆਂ ਸੱਤਾਧਾਰੀ ਸਰਕਾਰ ਦੇ ਨੇਤਾਵਾਂ ਦੇ ਦਬਾਅ ਹੇਠ ਕੀਤੀਆਂ ਗਈਆਂ ਸਨ। ਪੁਲਸ ਸਿਰਫ਼ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਸਬੂਤਾਂ ਦੀ ਘਾਟ ਕਾਰਨ ਸਾਰਿਆਂ ਨੂੰ ਬਰੀ ਕਰ ਦਿਤਾ ਗਿਆ। ਐਡਵੋਕੇਟ ਪੰਕਜ ਸ਼ਰਮਾ ਵਿਧਾਇਕ ਸ਼ੀਤਲ ਦੀ ਨੁਮਾਇੰਦਗੀ ਕਰ ਰਹੇ ਸਨ।
ਇਹ ਵੀ ਪੜ੍ਹੋ : ਜਲੰਧਰ 'ਚ ਹੋਏ ਐਨਕਾਊਂਟਰ ਨੂੰ ਲੈ ਕੇ ਮੁਲਜ਼ਮਾਂ ਬਾਰੇ ਵੱਡਾ ਖ਼ੁਲਾਸਾ, ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਤਾਰ
ਜੂਏਬਾਜ਼ੀ ਦੇ ਮਾਮਲੇ ’ਚ ਵੀ ਸ਼ੀਤਲ ਹੋ ਚੁੱਕੇ ਨੇ ਬਰੀ
ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਪਹਿਲਾਂ ਸਬੂਤਾਂ ਦੀ ਘਾਟ ਕਾਰਨ ਜੂਆ ਐਕਟ ਦੇ ਇਕ ਪੁਰਾਣੇ ਕੇਸ ’ਚ ਬਰੀ ਕਰ ਦਿਤਾ ਗਿਆ ਸੀ। ਪਿਛਲੇ ਸਾਲ ਦਸੰਬਰ ’ਚ ਹੋਈ ਸੁਣਵਾਈ ਦੌਰਾਨ ਪੁਲਸ ਅਦਾਲਤ ’ਚ ਸਬੂਤ ਪੇਸ਼ ਨਹੀਂ ਕਰ ਸਕੀ ਸੀ, ਜਿਸ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿਤਾ। ਵਿਧਾਇਕ ਸ਼ੀਤਲ ਅੰਗੁਰਾਲ ਨੇ ਉਦੋਂ ਕਿਹਾ ਸੀ ਕਿ ਕੋਰੋਨਾ ਕਾਲ ਦੌਰਾਨ ਕਾਂਗਰਸ ਸਰਕਾਰ ਨੇ ਉਨ੍ਹਾਂ ਵਿਰੁਧ ਝੂਠਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਕੋਰੋਨਾ ਕਾਲ ਦੌਰਾਨ ਥਾਣਾ ਭਾਰਗਵ ਕੈਂਪ ਦੀ ਪੁਲਸ ਨੇ ਮੁਹੱਲਾ ਕੋਟ ਸਾਦਿਕ ’ਚ ਗੋਲਾ ਨਾਂ ਦੇ ਵਿਅਕਤੀ ਦੇ ਘਰ ਛਾਪਾ ਮਾਰ ਕੇ ਸ਼ੀਤਲ ਅੰਗੁਰਾਲ ਸਮੇਤ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ 2595 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਸੀ। ਇਸ ਮਾਮਲੇ ’ਚ ਕੁੱਲ 13 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਰਾਮ ਭਗਤਾਂ ਲਈ ਖ਼ੁਸ਼ਖ਼ਬਰੀ: ਜਲੰਧਰ ਕੈਂਟ ਤੋਂ ਅਯੁੱਧਿਆ ਲਈ 9 ਫਰਵਰੀ ਨੂੰ ਚੱਲੇਗੀ ਸਪੈਸ਼ਲ ਟਰੇਨ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।