ਵਿਧਾਇਕ ਸੰਦੋਆ ਨੇ ਸਿਵਲ ਹਸਪਤਾਲ ਸਿੰਘਪੁਰ ’ਚ ਮਾਰਿਆ ਛਾਪਾ, ਅਧਿਕਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ

Friday, Apr 23, 2021 - 05:05 PM (IST)

ਵਿਧਾਇਕ ਸੰਦੋਆ ਨੇ ਸਿਵਲ ਹਸਪਤਾਲ ਸਿੰਘਪੁਰ ’ਚ ਮਾਰਿਆ ਛਾਪਾ, ਅਧਿਕਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ

ਨੂਰਪੁਰਬੇਦੀ (ਭੰਡਾਰੀ) : ਰੂਪਨਗਰ ਤੋਂ ‘ਆਪ’ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਲਗਾਤਾਰ ਸਰਕਾਰੀ ਵਿਭਾਗਾਂ ਦੇ ਕੰਮਕਾਜ ਦੀ ਕੀਤੀ ਜਾ ਰਹੀ ਚੈਕਿੰਗ ਦੀ ਲੜੀ ਤਹਿਤ ਅੱਜ ਉਨ੍ਹਾਂ ਸਿਵਲ ਹਸਪਤਾਲ ਸਿੰਘਪੁਰ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਜਿੱਥੇ ਐੱਸ.ਐੱਮ.ਓ. ਡਾ. ਵਿਧਾਨ ਚੰਦਰ ਕੋਲੋਂ ਹਸਪਤਾਲ ’ਚ ਚੱਲ ਰਹੀਆਂ ਵੱਖ-ਵੱਖ ਸੇਵਾਵਾਂ ਦੀ ਜਾਣਕਾਰੀ ਪ੍ਰਾਪਤ ਕੀਤੀ, ਉੱਥੇ ਹੀ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਹਦਾਇਤ ਕੀਤੀ।

ਇਸ ਮੌਕੇ ਉਨ੍ਹਾਂ ਸਰਕਾਰੀ ਹਸਪਤਾਲ ’ਚ ਬਣਾਏ ਜਾਣ ਵਾਲੇ ਕੋਵਿਡ ਵਾਰਡ ਦਾ ਵੀ ਦੌਰਾ ਕੀਤਾ ਅਤੇ ਬੀਤੇ ਇਕ ਸਾਲ ਤੋਂ ਇਸ ਵਾਰਡ ਦੇ ਮੁਕੰਮਲ ਨਾ ਹੋਣ ਦਾ ਸਖ਼ਤ ਨੋਟਿਸ ਲਿਆ। ਉਨ੍ਹਾਂ ਮੌਕੇ ’ਤੇ ਹੀ ਫੋਨ ਰਾਹੀਂ ਵਾਰਡ ਤਿਆਰ ਕਰਨ ਵਾਲੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਮਹੱਤਵਪੂਰਣ ਵਾਰਡ ਦੇ ਮੁਕੰਮਲ ਨਾ ਹੋਣ ਦਾ ਸਖ਼ਤੀ ਨਾਲ ਕਾਰਨ ਪੁੱਛਿਆ। ਇਸ ਮੌਕੇ ਗੱਲ ਕਰਦਿਆਂ ਹਲਕਾ ਵਿਧਾਇਕ ਸੰਦੋਆ ਨੇ ਕਿਹਾ ਕਿ ਉਨ੍ਹਾਂ ਨੂੰ ਵੱਖ-ਵੱਖ ਪਿੰਡਾਂ ਤੋਂ ਲੋਕਾਂ ਦੀ ਸ਼ਿਕਾਇਤ ਮਿਲ ਰਹੀ ਸੀ ਕਿ ਸਿੰਘਪੁਰ ਹਸਪਤਾਲ ’ਚ ਕੋਵਿਡ ਵਾਰਡ ’ਚ ਕਿਸੇ ਵੀ ਪ੍ਰਕਾਰ ਦੀ ਕੋਈ ਸਹੂਲਤ ਨਹੀਂ ਮਿਲ ਰਹੀ ਹੈ ਜਿਸ ’ਤੇ ਉਨ੍ਹਾਂ ਅੱਜ ਹਸਪਤਾਲ ਦਾ ਦੌਰਾ ਕਰਕੇ ਐੱਸ.ਐੱਮਓ. ਅਤੇ ਸਟਾਫ਼ ਨੂੰ ਉਕਤ ਵਾਰਡ ਨੂੰ ਜਲਦ ਮੁਕੰਮਲ ਕਰਨ ਦੇ ਜ਼ਰੂਰੀ ਦਿਸ਼ਾ-ਨਿਰਦੇਸ਼ ਤਾਂ ਜੋ ਹੋਰਨਾਂ ਸਹੂਲਤਾਂ ਤੋਂ ਇਲਾਵਾ ਕੋਰੋਨਾ ਪੀੜਤ ਨਾਗਰਿਕਾਂ ਨੂੰ ਸਭ ਤੋਂ ਪਹਿਲਾਂ ਇੱਥੇ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।

ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ 108 ਨੰਬਰ ਐਂਬੂਲੈਂਸ ਨੂੰ ਵੀ ਸਿੰਘਪੁਰ ਹਸਪਤਾਲ ’ਚ ਪੱਕੇ ਤੌਰ ’ਤੇ ਸਥਾਪਤ ਕਰਨ ਲਈ ਵੀ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਅਤੇ ਅਗਰ ਜ਼ਰੂਰੀ ਹੋਇਆ ਤਾਂ ਉਹ ਜ਼ਿਲ੍ਹਾ ਅਧਿਕਾਰੀਆਂ ਨਾਲ ਵੀ ਇਸ ਸਬੰਧੀ ਗੱਲ ਕਰਨਗੇ। ਹਸਪਤਾਲ ਦੇ ਐੱਸ.ਐੱਮ.ਓ. ਡਾ. ਵਿਧਨ ਚੰਦਰ ਨੇ ਦੱਸਿਆ ਕਿ ਹਲਕਾ ਵਿਧਾਇਕ ਵੱਲੋਂ ਜੋ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਨੂੰ ਉਹ ਜਲਦ ਤੋਂ ਜਲਦ ਅਮਲ ’ਚ ਲਿਆਉਣਗੇ ਅਤੇ ਹਸਪਤਾਲਾਂ ਦੀਆਂ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣਗੇ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀਆਂ ਹੋਰਨਾਂ ਸਮੱਸਿਆਵਾਂ ਸਬੰਧੀ ਵੀ ਵਿਧਾਇਕ ਦੇ ਧਿਆਨ ’ਚ ਲਿਆਂਦਾ ਗਿਆ ਹੈ।


author

Gurminder Singh

Content Editor

Related News