MLA ਰਮਨ ਅਰੋੜਾ ਦਾ ਫਰਜ਼ੀ PA ਬਣ ਕੇ ਸ਼ਹਿਰ ਦੇ ਕਾਰੋਬਾਰੀਆਂ ਨੂੰ ਫੋਨ ਕਰ ਕੇ ਪੈਸੇ ਮੰਗਣ ਵਾਲੇ ਗਿਰੋਹ ’ਤੇ ਕੇਸ
Thursday, Jan 05, 2023 - 11:56 AM (IST)
ਜਲੰਧਰ (ਵਰੁਣ)–ਆਮ ਆਦਮੀ ਪਾਰਟੀ ਦੇ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦੇ ਨਾਂ ’ਤੇ ਸ਼ਹਿਰ ਦੇ ਕਾਰੋਬਾਰੀਆਂ ਤੋਂ ਪੈਸੇ ਮੰਗਣ ਵਾਲੇ ਗਿਰੋਹ ਖ਼ਿਲਾਫ਼ ਕੇਸ ਦਰਜ ਹੋ ਗਿਆ ਹੈ। ਫਿਲਹਾਲ ਗਿਰੋਹ ਦੀ ਪਛਾਣ ਕੀਤੀ ਜਾ ਰਹੀ ਹੈ। ਸ਼ਹਿਰ ਦੇ 7 ਤੋਂ 8 ਲੋਕਾਂ ਨੂੰ ਵਿਧਾਇਕ ਦਾ ਪੀ. ਏ. ਬਣ ਕੇ ਇਕ ਠੱਗ ਵਿਧਾਇਕ ਦੇ ਨਾਂ ’ਤੇ ਪੈਸੇ ਟਰਾਂਸਫਰ ਕਰਨ ਲਈ ਕਹਿ ਕੇ ਫੋਨ ਕਰ ਚੁੱਕਾ ਹੈ। ਪੁਲਸ ਨੇ ਅਣਪਛਾਤੇ ਠੱਗ ਗਿਰੋਹ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਸਾਰੇ ਲੋਕਾਂ ਦੇ ਬਿਆਨ ਦਰਜ ਕਰ ਲਏ ਹਨ, ਜਿਨ੍ਹਾਂ ਨੂੰ ਫਰਜ਼ੀ ਪੀ. ਏ. ਨੇ ਫੋਨ ਕਰਕੇ ਪੈਸੇ ਮੰਗੇ।
ਇਸੇ ਤਰ੍ਹਾਂ ਦਾ ਇਕ ਫੋਨ ਮਨੀ ਐਕਸਚੇਂਜਰ ਗੌਰਵ ਭੱਲਾ ਨੂੰ ਵੀ ਆਇਆ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਵਿਧਾਇਕ ਰਮਨ ਅਰੋੜਾ ਦਾ ਪੀ. ਏ. ਬੋਲ ਰਿਹਾ ਹੈ। ਉਸ ਨੇ ਕਿਹਾ ਕਿ ਅੱਜ ਦੀ ਤਰੀਕ ਵਿਚ ਵਿਧਾਇਕ ਦੀ ਬੇਟੀ ਦੀ ਕਾਲਜ ਫੀਸ ਜਮ੍ਹਾ ਕਰਵਾਉਣੀ ਹੈ ਅਤੇ ਉਸ ਨੂੰ ਫ਼ੀਸ ਲਈ ਪੈਸੇ ਟਰਾਂਸਫਰ ਕਰਨੇ ਹਨ। ਇੰਨੇ ਵਿਚ ਹੀ ਖ਼ੁਦ ਨੂੰ ਪੀ. ਏ. ਦੱਸਣ ਵਾਲੇ ਵਿਅਕਤੀ ਨੇ ਵਿਧਾਇਕ ਨਾਲ ਗੱਲ ਕਰਨ ਦਾ ਕਹਿ ਕੇ ਕਿਸੇ ਹੋਰ ਨੂੰ ਫੋਨ ਫੜਾ ਦਿੱਤਾ। ਗੱਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਰਮਨ ਅਰੋੜਾ ਬੋਲ ਰਿਹਾ ਹੈ ਅਤੇ ਇਸ ਸਮੇਂ ਚੰਡੀਗੜ੍ਹ ਵਿਚ ਹੈ। ਅਜਿਹੇ ਵਿਚ ਬੇਟੀ ਦੀ ਫ਼ੀਸ ਪੀ. ਏ. ਵੱਲੋਂ ਵ੍ਹਟਸਐਪ ਕੀਤੇ ਬੈਂਕ ਖ਼ਾਤੇ 'ਚ 22764 ਰੁਪਏ ਟਰਾਂਸਫਰ ਕਰ ਦਿਓ।
ਇਹ ਵੀ ਪੜ੍ਹੋ : ਗੋਰਾਇਆ ਵਿਖੇ ਪੁੱਤ ਦੇ ਵਿਆਹ ਦੇ ਕਾਰਡ ਵੰਡ ਕੇ ਪਰਤ ਰਹੇ ਪਿਤਾ ਨਾਲ ਵਾਪਰੀ ਅਣਹੋਣੀ
ਕੁਝ ਹੀ ਸੈਕਿੰਡ ਵਿਚ ਗੌਰਵ ਦੇ ਵ੍ਹਟਸਐਪ ’ਤੇ ਬੈਂਕ ਖ਼ਾਤਾ ਸੈਂਡ ਕਰ ਦਿੱਤਾ ਗਿਆ। ਗੌਰਵ ਨੂੰ ਸ਼ੱਕ ਹੋਇਆ ਤਾਂ ਉਸ ਨੇ ਕਿਸੇ ਤਰ੍ਹਾਂ ਵਿਧਾਇਕ ਅਰੋੜਾ ਦੇ ਪੀ. ਏ. ਨਾਲ ਗੱਲ ਕੀਤੀ। ਜਦੋਂ ਸਾਰੀ ਗੱਲ ਦੱਸੀ ਤਾਂ ਪਤਾ ਲੱਗਾ ਕਿ ਇਹ ਕਾਲ ਇਕ ਫਰਾਡ ਕਾਲ ਸੀ। ਵਿਧਾਇਕ ਤੱਕ ਮਾਮਲਾ ਪਹੁੰਚਿਆ ਤਾਂ ਇਕ-ਇਕ ਕਰਕੇ 7 ਤੋਂ 8 ਅਜਿਹੇ ਕਾਰੋਬਾਰੀ ਸਾਹਮਣੇ ਆ ਗਏ, ਜਿਨ੍ਹਾਂ ਨੂੰ ਫਰਜ਼ੀ ਪੀ. ਏ. ਨੇ ਵਿਧਾਇਕ ਰਮਨ ਅਰੋੜਾ ਦਾ ਨਾਂ ਲੈ ਕੇ ਕਿਸੇ ਨਾ ਕਿਸੇ ਬਹਾਨੇ ਪੈਸੇ ਮੰਗੇ। ਵਿਧਾਇਕ ਅਰੋੜਾ ਨੇ ਇਸ ਬਾਰੇ ਤੁਰੰਤ ਸੀ. ਪੀ. ਨੂੰ ਸ਼ਿਕਾਇਤ ਦਿੱਤੀ। ਸੀ. ਪੀ. ਨੇ ਤੁਰੰਤ ਕਾਰਵਾਈ ਕਰਦਿਆਂ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕਰਕੇ ਸਾਰੇ ਕਾਰੋਬਾਰੀਆਂ ਦੇ ਬਿਆਨ ਦਰਜ ਕੀਤੇ ਹਨ। ਹੁਣ ਪੁਲਸ ਜਿਸ ਨੰਬਰ ਤੋਂ ਫੋਨ ਆਏ, ਉਸ ਦੀ ਡਿਟੇਲ ਕਢਵਾ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਲੋਕਲ ਠੱਗ ਗਿਰੋਹ ਦਾ ਕੰਮ ਹੈ, ਜਿਸ ਨੂੰ ਜਲਦ ਹੀ ਬੇਨਕਾਬ ਕਰ ਲਿਆ ਜਾਵੇਗਾ।
ਜਲਦ ਫੜਿਆ ਜਾਵੇਗਾ ਗਿਰੋਹ: ਵਿਧਾਇਕ ਅਰੋੜਾ
ਵਿਧਾਇਕ ਰਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਤੁਰੰਤ ਸੀ. ਪੀ. ਨੂੰ ਸ਼ਿਕਾਇਤ ਿਦੱਤੀ ਗਈ। 31 ਦਸੰਬਰ ਤੋਂ ਗਿਰੋਹ ਲੋਕਾਂ ਨੂੰ ਫੋਨ ਕਰਕੇ ਪੈਸੇ ਮੰਗ ਰਿਹਾ ਸੀ, ਜਦਕਿ ਉਨ੍ਹਾਂ ਦਾ ਅਕਸ ਬੇਦਾਗ ਹੈ ਅਤੇ ਉਨ੍ਹਾਂ ਦਾ ਇਸ ਫਰਾਡ ਕਾਲ ਨਾਲ ਦੂਰ-ਦੂਰ ਤਕ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਗਿਰੋਹ ਨੂੰ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਹੋਰ ਵੀ ਲੋਕਾਂ ਨੂੰ ਅਜਿਹੇ ਫੋਨ ਆਏ ਹਨ ਤਾਂ ਉਹ ਤੁਰੰਤ ਉਨ੍ਹਾਂ ਨੂੰ ਜਾਣਕਾਰੀ ਦੇਣ ਤਾਂ ਕਿ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ, ਪੰਜਾਬ ਦੇ 90 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ 'ਜ਼ੀਰੋ'
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ