ਵਿਧਾਇਕ ਮਨਪ੍ਰੀਤ ਇਯਾਲੀ ਨੇ ਭਰੋਸਗੀ ਮਤੇ ਨੂੰ ਲੈ ਕੇ ਘੇਰੀ ਭਗਵੰਤ ਮਾਨ ਸਰਕਾਰ, ਕਹੀਆਂ ਇਹ ਗੱਲਾਂ (ਵੀਡੀਓ)

10/04/2022 1:43:54 AM

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਅੱਜ ਵਿਧਾਨ ਸਭਾ ਵਿੱਚ ‘ਆਪ’ ਵੱਲੋਂ ਪਾਸ ਕੀਤੇ ਗਏ ਭਰੋਸਗੀ ਮਤੇ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਭਰੋਸਗੀ ਮਤਾ ਲਿਆ ਕੇ ਵਿਧਾਨ ਸਭਾ ਦਾ ਸੈਸ਼ਨ ਮਜ਼ਾਕ ਉਡਾਇਆ ਹੈ, ਜਦਕਿ ਹੋਰ ਜ਼ਰੂਰੀ ਮੁੱਦਿਆਂ ’ਤੇ ਵਿਚਾਰ-ਚਰਚਾ ਦੀ ਵਾਧੂ ਲੋੜ ਸੀ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਸੱਦਣ ਸਮੇਂ ਭਰੋਸਗੀ ਮਤੇ ਦੀ ਕੋਈ ਮੰਗ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਵਿਧਾਨ ਸਭਾ ਦੀ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ’ਚ ਏਜੰਡਾ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਹਿਲਾਂ ਹੀ ਵਿਧਾਨ ਸਭਾ ਦਾ ਬਹੁਮਤ ਹਾਸਲ ਹੈ ਅਤੇ ਕਿਸੇ ਵੀ ਵਿਧਾਇਕ ਨੇ ‘ਆਪ’ ਪਾਰਟੀ ਨੂੰ ਭਰੋਸਗੀ ਮਤਾ ਪੇਸ਼ ਕਰਨ ਲਈ ਨਹੀਂ ਕਿਹਾ ਸੀ। ਮਨਪ੍ਰੀਤ ਸਿੰਘ ਅਯਾਲੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਸ ਨੇ ਹੁਣ ਤੱਕ ਤਥਾਕਥਿਤ ਆਪ੍ਰੇਸ਼ਨ ਲੋਟਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਡੀ.ਜੀ.ਪੀ. ਨੂੰ ਪੱਤਰ ਨੂੰ ਪੱਤਰ ਲਿੱਖ ਕੇ ਸ਼ਿਕਾਇਤ ਕੀਤੀ ਸੀ, ਜਿਸ ’ਚ ਉਨ੍ਹਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਭਾਜਪਾ ਨੇ ਪਾਲਾ ਬਦਲਣ ਲਈ ਹਰੇਕ ਵਿਧਾਇਕ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ, ਜਦਕਿ ਉਸ ਦੇ ਸਬੂਤ ਜਨਤਕ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ‘ਇਸ ਮਾਮਲੇ ਵਿਚ ਕਿਸੇ ਵੀ ਮੁਲਜ਼ਮ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਮਾਮਲਾ ਦਰਜ ਹੋਣ ਦੇ 18 ਦਿਨ ਬਾਅਦ ਵੀ ਕੋਈ ਗ੍ਰਿਫ਼ਤਾਰੀ ਕੀਤੀ ਗਈ ਹੈ।’

ਇਹ ਖ਼ਬਰ ਵੀ ਪੜ੍ਹੋ : ਵਿਧਾਨ ਸਭਾ ’ਚ ਭਗਵੰਤ ਮਾਨ ਸਰਕਾਰ ਦੇ ਹੱਕ ’ਚ ਸਰਬਸੰਮਤੀ ਨਾਲ ਪਾਸ ਹੋਇਆ ਭਰੋਸਗੀ ਮਤਾ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ‘ਆਪ’ ਸਰਕਾਰ ਵੱਲੋਂ ਪੇਸ਼ ਕੀਤੇ ਗਏ ਭਰੋਸਗੀ ਮਤੇ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹੋਰ ਜ਼ਰੂਰੀ ਮੁੱਦਿਆਂ ’ਤੇ ਧਿਆਨ ਨਾ ਦਿੰਦੇ ਹੋਏ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ’ਚ ਰਾਜਸੀ ਲਾਹਾ ਲੈਣ ਲਈ ਲਗਾਤਾਰ ਦੋਸ਼ ਲਗਾਉਣ ਦੀ ਰਾਜਨੀਤੀ ਕਰ ਰਹੀ ਹੈ। ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਯਾਲੀ ਨੇ ਕਿਹਾ ਕਿ ਭਰੋਸਗੀ ਮਤੇ ਦਾ ਵਿਰੋਧ ਇਕ ਰਿਕਾਰਡ ਦੀ ਗੱਲ ਹੈ, ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਅਫਵਾਹ ਫੈਲਾ ਰਹੀ ਹੈ ਕਿ ਅਕਾਲੀ ਦਲ ਦੇ ਵਿਧਾਇਕਾਂ ਨੇ ਭਰੋਸਗੀ ਮਤੇ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾਈ ਸਭ ਦੇ ਸਾਹਮਣੇ ਲਿਆਉਣੀ ਜ਼ਰੂਰੀ ਹੈ। ਵਿਧਾਨ ਸਭਾ ’ਚ ਅਕਾਲੀ ਦਲ ਨੇ ਭਰੋਸਗੀ ਮਤੇ ਦਾ ਵਿਰੋਧ ਕੀਤਾ ਹੈ, ਜਦਕਿ ਇਹ ਸਭ ਕੁਝ ਰਿਕਾਰਡ ’ਤੇ ਦਰਜ ਹੈ। ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਕੁਲਤੀਰ ਸਿੰਘ ਸੰਧਵਾਂ ਤੋਂ ਇਸ ਝੂਠ ਨੂੰ ਤੁਰੰਤ ਠੀਕ ਕਰਵਾਉਣ ਅਤੇ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ।

ਇਯਾਲੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਕ ਜਨਸੰਪਰਕ ਕਵਾਇਦ ’ਤੇ ਜਨਤਾ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ, ਜੋ ਸਿਰਫ਼ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਨੂੰ ਪ੍ਰਾਜੈਕਟ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਦਾ ਪੰਜਾਬ ਅਤੇ ਪੰਜਾਬੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਖੇਤੀ ਖੇਤਰ ਵਿੱਚ ਸੰਕਟ ਦੇ ਚਲਦਿਆਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਇਸ ਤੋਂ ਇਲਾਵਾ ਵੀ ਪੰਜਾਬ ਦੇ ਵਧੇਰੇ ਮੁੱਦੇ ਵਿਚਾਰਨਯੋਗ ਹਨ, ਅਮਨ ਅਤੇ ਕਾਨੂੰਨ ਬਾਰੇ ਗੱਲ ਕਰਨ ਦੀ ਲੋੜ ਹੈ, ਨਸ਼ਾ ਤਸਕਰੀ ਦਾ ਮਾਮਲਾ ਹੈ, ਨਾਜਾਇਜ਼ ਮਾਈਨਿੰਗ ਜਾਰੀ ਹੈ, ਮੰਤਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਅਤੇ ਸ਼ਰਾਬ ’ਚ 5 ਹਜ਼ਾਰ ਕਰੋੜ ਰੁਪਏ ਦੇ ਘਪਲੇ ਬਾਰੇ ਕੋਈ ਗੱਲ ਨਹੀਂ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਅਸਲ ਮੁੱਦਿਆਂ ਬਾਰੇ ਵਿਚਾਰ-ਚਰਚਾ ਕੀਤੀ ਜਾਵੇ।

ਇਹ ਖ਼ਬਰ ਵੀ ਪੜ੍ਹੋ :  CM ਮਾਨ ਦਾ ਅਕਾਲੀ ਦਲ ਤੇ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਪੰਜਾਬ ’ਚ ਗੈਂਗਸਟਰਵਾਦ ਲਈ ਦੋਵੇਂ ਨੇ ਜ਼ਿੰਮੇਵਾਰ

 


Manoj

Content Editor

Related News