ਬੁੱਢੇ ਨਾਲੇ ’ਚ ਜ਼ਹਿਰੀਲਾ ਪਾਣੀ ਪਾਉਣਾ ਬੰਦ ਕਰ ਦਿਓ ਨਹੀਂ ਤਾਂ ਮੈਂ ਖੁਦ ਚੁੱਕਾਂਗਾ ਝੰਡਾ: ਮਦਨ ਲਾਲ ਬੱਗਾ

Wednesday, Sep 21, 2022 - 06:24 PM (IST)

ਬੁੱਢੇ ਨਾਲੇ ’ਚ ਜ਼ਹਿਰੀਲਾ ਪਾਣੀ ਪਾਉਣਾ ਬੰਦ ਕਰ ਦਿਓ ਨਹੀਂ ਤਾਂ ਮੈਂ ਖੁਦ ਚੁੱਕਾਂਗਾ ਝੰਡਾ: ਮਦਨ ਲਾਲ ਬੱਗਾ

ਜਲੰਧਰ (ਅਨਿਲ ਪਾਹਵਾ)– ਪੰਜਾਬ ਦੇ ਮਹਾਨਗਰ ਲੁਧਿਆਣਾ ਨਾਰਥ ਤੋਂ ਵਿਧਾਇਕ ਮਦਨ ਲਾਲ ਬੱਗਾ ਨੇ ਬੁੱਢਾ ਨਾਲਾ ਅਤੇ ਲੁਧਿਆਣਾ ’ਚ ਟਰੈਫਿਕ ਦੀ ਸਮੱਸਿਆ ’ਤੇ ਚਿੰਤਾ ਪ੍ਰਗਟ ਕੀਤੀ ਹੈ। ਨਾਲ ਹੀ ਉਨ੍ਹਾਂ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਲਈ ਕੁਝ ਨਾ ਕੀਤੇ ਜਾਣ ’ਤੇ ਦੁੱਖ ਵੀ ਜ਼ਾਹਿਰ ਕੀਤਾ ਹੈ। ਬੱਗਾ ਜਿੱਥੇ ਕਿੰਨੇ ਹੀ ਸਾਲਾਂ ਤੋਂ ਪੰਜਾਬ ਦੇ ਪੁਰਾਣੇ ਸ਼ਹਿਰਾਂ ਦੀ ਤਸਵੀਰ ਨਾ ਬਦਲਣ ’ਤੇ ਪ੍ਰੇਸ਼ਾਨ ਹਨ, ਉੱਥੇ ਹੀ ਉਨ੍ਹਾਂ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਤੋਂ ਉਮੀਦ ਜਤਾਉਂਦੇ ਹੋਏ ਤਬਦੀਲੀ ਦੀ ਗੱਲ ਕਹੀ ਹੈ।

ਆਪਣੇ ਸ਼ਹਿਰ ਲੁਧਿਆਣਾ ਬਾਰੇ ਕੀ ਰਾਏ ਹੈ?
70-75 ਸਾਲਾਂ ਤੋਂ ਰਵਾਇਤੀ ਪਾਰਟੀਆਂ ਪੰਜਾਬ ਜਾਂ ਦੇਸ਼ ’ਤੇ ਰਾਜ ਕਰ ਰਹੀਆਂ ਸਨ। ਪੁਰਾਣੇ ਸ਼ਹਿਰ ਉੱਥੇ ਹੀ ਖੜ੍ਹੇ ਹਨ ਜਿੱਥੇ ਪਹਿਲਾਂ ਸਨ। ਪਿਛਲੀਆਂ ਸਰਕਾਰਾਂ ਨੇ ਸਮਾਰਟ ਸਿਟੀ ਦਾ ਏਜੰਡਾ ਤਾਂ ਸ਼ੁਰੂ ਕੀਤਾ ਪਰ ਉਹੀ ਸਮਾਰਟ ਬਣੇ, ਜੋ ਪਹਿਲਾਂ ਹੀ ਠੀਕ-ਠਾਕ ਸਨ। ਲੁਧਿਆਣਾ ਦੀ ਗੱਲ ਕਰੀਏ ਤਾਂ ਸਮਾਰਟ ਸਿਟੀ ਲਈ ਵੈਸਟ ਵਿਧਾਨ ਸਭਾ ਹਲਕਾ ਪਹਿਲਾਂ ਤੋਂ ਹੀ ਬਿਹਤਰ ਸੀ ਪਰ ਉਸ ਨੂੰ ਸਮਾਰਟ ਸਿਟੀ ’ਚ ਲਿਆਂਦਾ ਗਿਆ, ਜਦੋਂਕਿ ਬਾਕੀ ਸ਼ਹਿਰ ਨੂੰ ਅਣਡਿੱਠ ਕੀਤਾ ਗਿਆ। ਲੋਕਾਂ ਨੂੰ ਕੁਝ ਨਵਾਂ ਨਹੀਂ ਮਿਲਿਆ।

ਇਹ ਵੀ ਪੜ੍ਹੋ: ਭਾਬੀ ਤੇ ਉਸ ਦੇ ਪ੍ਰੇਮੀ ਦਾ ਦਿਓਰ ਨੇ ਕੀਤਾ ਸੀ ਬੇਰਹਿਮੀ ਨਾਲ ਕਤਲ, ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

ਬੁੱਢੇ ਨਾਲੇ ਨਾਲ ਹੋ ਰਹੇ ਪ੍ਰਦੂਸ਼ਣ ’ਤੇ ਕੀ?
ਲੁਧਿਆਣਾ ’ਚ ਇਕ ਤੋਂ ਡੇਢ ਮਹੀਨੇ ’ਚ ਵਾਹਨਾਂ ਦੇ ਨੰਬਰਾਂ ਦੀ ਇਕ ਸੀਰੀਜ਼ ਖਤਮ ਹੁੰਦੀ ਹੈ ਮਤਲਬ ਲਗਭਗ 10 ਹਜ਼ਾਰ ਵਾਹਨ ਹਰ ਮਹੀਨੇ ਸੜਕ ’ਤੇ ਉਤਰ ਰਹੇ ਹਨ। ਤੇਜ਼ੀ ਨਾਲ ਵਾਹਨ ਸੜਕਾਂ ’ਤੇ ਆ ਰਹੇ ਹਨ ਪਰ ਸੜਕਾਂ ਓਨੀਆਂ ਹੀ ਹਨ। ਨਵੇਂ ਬੂਟੇ ਨਹੀਂ ਲੱਗ ਰਹੇ, ਜਿਸ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ।
ਇਸ ਦੇ ਲਈ ਸਾਡੀ ਸੁਸਾਇਟੀ ਖੁਦ ਜ਼ਿੰਮੇਵਾਰ ਹੈ। ਜਿੱਥੋਂ ਤਕ ਬੁੱਢੇ ਨਾਲੇ ਦੀ ਗੱਲ ਹੈ ਤਾਂ ਉਸ ਵਿਚ ਡਿੱਗ ਰਹੇ ਡਾਇੰਗ ਇੰਡਸਟ੍ਰੀ ਦੇ ਪਾਣੀ ਤੋਂ ਸਰਕਾਰ ਫਿਕਰਮੰਦ ਹੈ ਅਤੇ ਇਸ ’ਤੇ ਅਸੀਂ ਕੰਮ ਕਰ ਰਹੇ ਹਾਂ। ਬੁੱਢੇ ਨਾਲੇ ’ਚ ਜ਼ਹਿਰੀਲੇ ਪਾਣੀ ਨੂੰ ਲੈ ਕੇ ਪਹਿਲਾਂ ਸਰਕਾਰਾਂ ’ਚ ਉੱਪਰ ਤਕ ਚੜ੍ਹਾਵਾ ਚੜ੍ਹਦਾ ਸੀ ਪਰ ਹੁਣ ਉਹ ਨਹੀਂ ਹੈ।
ਵਿਧਾਨ ਸਭਾ ’ਚ ਮੈਂ ਹੀ ਇਸ ’ਤੇ ਅੰਕੜਿਆਂ ਸਮੇਤ ਸਵਾਲ ਉਠਾਇਆ ਸੀ, ਜਿਸ ਤੋਂ ਬਾਅਦ ਕਮੇਟੀ ਬਣੀ ਹੈ। ਇਸ ਕਮੇਟੀ ਵਿਚ ਬੁੱਢਾ ਨਾਲਾ ਤੇ ਘੱਗਰ ਦਰਿਆ ਸਬੰਧੀ 13-14 ਬੈਠਕਾਂ ਹੋ ਚੁੱਕੀਆਂ ਹਨ। ਬੈਠਕਾਂ ’ਚ ਅਫਸਰਾਂ ਤੋਂ ਵੀ ਹਿਸਾਬ ਮੰਗਿਆ ਗਿਆ ਹੈ।

ਮਹਿੰਗੇ ਹੁੰਦੇ ਇਲਾਜ ’ਤੇ ਕੀ ਯੋਜਨਾ ਹੈ?
ਸਾਡੇ ਕੋਲ ਸਿਵਲ ਹਸਪਤਾਲ ਤੋਂ ਇਲਾਵਾ ਹੋਰ ਕੋਈ ਹਸਪਤਾਲ ਨਹੀਂ ਹੈ। ਉੱਥੇ ਜੋ ਜਾਂਦਾ ਹੈ, 10 ਹੋਰ ਬੀਮਾਰੀਆਂ ਲੈ ਕੇ ਆਉਂਦਾ ਹੈ। ਸਰਕਾਰ ਨੇ ਮੁਹੱਲਾ ਕਲੀਨਿਕਾਂ ਨੂੰ ਉਤਸ਼ਾਹਿਤ ਕੀਤਾ ਹੈ। ਲੁਧਿਆਣਾ ’ਚ ਮੇਰੇ ਇਲਾਕੇ ਵਿਚ ਮੁਹੱਲਾ ਕਲੀਨਿਕਾਂ ਦਾ ਅਗਸਤ ਤੋਂ ਹੁਣ ਤਕ 23 ਹਜ਼ਾਰ ਲੋਕਾਂ ਨੇ ਫਾਇਦਾ ਲਿਆ ਹੈ। ਉਨ੍ਹਾਂ ਦਾ ਮੁਫਤ ਇਲਾਜ ਹੋਇਆ ਹੈ। ਜੇ ਇਹੀ ਲੋਕ ਪ੍ਰਾਈਵੇਟ ਹਸਪਤਾਲਾਂ ’ਚ ਜਾਂਦੇ ਤਾਂ ਲੱਖਾਂ ਰੁਪਏ ਦੇਣੇ ਪੈਂਦੇ। ਹੁਣ ਮੇਰੇ ਇਲਾਕੇ ਵਿਚ ਇਕ ਹੋਰ ਮੁਹੱਲਾ ਕਲੀਨਿਕ ਬਣਾਇਆ ਜਾ ਰਿਹਾ ਹੈ।
ਮੁਹੱਲਾ ਕਲੀਨਿਕਾਂ ’ਚ ਹਰ ਤਰ੍ਹਾਂ ਦੇ ਲੋਕ ਆ ਰਹੇ ਹਨ। ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਜਿਹੜੇ ਸੇਵਾ ਕੇਂਦਰਾਂ ਦੀ ਗੱਲ ਉਹ ਕਰ ਰਹੇ ਹਨ, ਉੱਥੇ ਨਸ਼ੇ ਕੀਤੇ ਜਾ ਰਹੇ ਸਨ। ਜਾਨਵਰ ਤੇ ਕੀੜੇ ਪੈਦਾ ਹੋ ਰਹੇ ਸਨ। ਜੇ ‘ਆਪ’ ਸਰਕਾਰ ਨੇ ਸੇਵਾ ਕੇਂਦਰਾਂ ਦੀ ਸਾਫ-ਸਫਾਈ ਕਰ ਕੇ ਉਨ੍ਹਾਂ ਦੀ ਲੋਕਾਂ ਦੇ ਇਲਾਜ ਲਈ ਵਰਤੋਂ ਕੀਤੀ ਤਾਂ ਇਸ ਵਿਚ ਗਲਤ ਕੀ ਹੈ? ਅਕਾਲੀ ਦਲ ਦੀ ਤਾਂ ਆਪਣੀ ਹਾਲਤ ਬਹੁਤ ਖਰਾਬ ਹੋ ਗਈ ਹੈ।

ਇਹ ਵੀ ਪੜ੍ਹੋ: ‘ਆਪ’ ਵੱਲੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਭਾਜਪਾ ਨੇ ਦੱਸਿਆ ਫਰਜ਼ੀ, ‘ਆਪਰੇਸ਼ਨ ਲੋਟਸ’ ’ਤੇ ਕਹੀ ਇਹ ਗੱਲ

ਲੁਫਥਾਂਸਾ ਤੇ ਬੀ. ਐੱਮ. ਡਬਲਯੂ. ’ਤੇ ਘਿਰ ਰਹੀ ਸਰਕਾਰ
ਅੱਜ ਪੰਜਾਬ ’ਚ ਭਗਵੰਤ ਮਾਨ ਦੀ ਸਰਕਾਰ ਹੈ। ਨਵੀਂ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਜੋ ਇਸ ਤੋਂ ਪ੍ਰਭਾਵਿਤ ਹੋਏ ਹਨ, ਉਹ ਲੋਕ ਪ੍ਰੇਸ਼ਾਨ ਹਨ ਅਤੇ ਸਰਕਾਰ ਖਿਲਾਫ ਸਾਜ਼ਿਸ਼ਾਂ ਰਚ ਰਹੇ ਹਨ। ਵਿਰੋਧੀ ਧਿਰ ਕੋਲ ਕੋਈ ਏਜੰਡਾ ਨਹੀਂ। ਅਕਾਲੀ ਦਲ ਦੀ ਸਰਕਾਰ ਸੀ ਤਾਂ ਕਾਂਗਰਸ ਬੋਲਦੀ ਸੀ। ਬਾਅਦ ’ਚ ਕਾਂਗਰਸ ਦੀ ਸਰਕਾਰ ’ਚ ਉਹੀ ਹਿੱਸੇਦਾਰ ਬਣ ਗਏ। ਅੱਜ ਮਾਨ ਸਰਕਾਰ ਨੇ ਜੋ ਸਖਤ ਕਦਮ ਚੁੱਕੇ, ਉਸ ਕਾਰਨ ਕਈ ਲੋਕਾਂ ਨੂੰ ਪ੍ਰੇਸ਼ਾਨੀ ਹੋਈ। ਇਕ ਮਹੀਨੇ ’ਚ ਸਭ ਸਪਸ਼ਟ ਹੋ ਜਾਵੇਗਾ ਕਿਉਂਕਿ ਲੋਕ ਸਰਕਾਰ ਦੇ ਨਾਲ ਹਨ।

ਤੁਹਾਡੇ ਵੱਡੇ ਮੁੱਦੇ ਕੀ ਹਨ?
ਲੁਧਿਆਣਾ ’ਚ ਟਰੈਫਿਕ ਤੇ ਬੁੱਢਾ ਨਾਲਾ ਸਭ ਤੋਂ ਵੱਡੇ ਮੁੱਦੇ ਹਨ, ਜਿਨ੍ਹਾਂ ਵੱਲ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਬੁੱਢਾ ਨਾਲਾ ਹਰ ਵਾਰ ਬਰਸਾਤ ’ਚ ਕਈ ਇਲਾਕਿਆਂ ’ਚ ਗੰਦਾ ਪਾਣੀ ਭਰਨ ਦਾ ਕਾਰਨ ਬਣਦਾ ਰਿਹਾ ਹੈ ਪਰ ਇਨ੍ਹਾਂ 6 ਮਹੀਨਿਆਂ ’ਚ ਅਸੀਂ ਇਸ ’ਤੇ ਕੰਮ ਕੀਤਾ ਅਤੇ ਇਸ ਵਾਰ ਲੁਧਿਆਣਾ ਦੇ ਕਿਸੇ ਵੀ ਇਲਾਕੇ ’ਚ ਇਸ ਨਾਲੇ ਦਾ ਪਾਣੀ ਦਾਖਲ ਨਹੀਂ ਹੋਇਆ, ਜਿਸ ਨਾਲ ਲੋਕਾਂ ਨੂੰ ਬੜੀ ਰਾਹਤ ਮਿਲੀ। ਸਮੇਂ-ਸਮੇਂ ’ਤੇ ਨਾਲੇ ਦੀ ਸਫਾਈ ਹੋਣ ਕਾਰਨ ਇਹ ਰਾਹਤ ਮਿਲ ਸਕੀ।

ਇਹ ਵੀ ਪੜ੍ਹੋ: ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ, ਕੀਤਾ ਵੱਡਾ ਖ਼ੁਲਾਸਾ

ਬੁੱਢੇ ਨਾਲੇ ਨੂੰ ਮੁੜ ਦਰਿਆ ਬਣਾਉਣਾ ਹੈ
ਸ਼ਹਿਰ ’ਚੋਂ ਲਗਭਗ 14 ਕਿਲੋਮੀਟਰ ਬੁੱਢਾ ਨਾਲਾ ਨਿਕਲ ਕੇ ਜਾਂਦਾ ਹੈ। 5-6 ਥਾਵਾਂ ’ਤੇ ਬੁੱਢੇ ਨਾਲੇ ਨੂੰ ਠੀਕ ਕਰਨ ਦੇ ਨੀਂਹ-ਪੱਥਰ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਲੱਗੇ ਹਨ ਪਰ ਕੰਮ ਨਹੀਂ ਹੋਇਆ। ਅਸੀਂ ਚੋਣਾਂ ’ਚ ਵੋਟਾਂ ਲਈਆਂ ਹਨ ਤਾਂ ਕੀਤੇ ਗਏ ਵਾਅਦਿਆਂ ਨੂੰ ਨਿਭਾਉਣ ਲਈ ਕੰਮ ਕਰ ਰਹੇ ਹਾਂ। ਮੇਰੇ ਇਲਾਕੇ ’ਚ ਬੁੱਢੇ ਨਾਲੇ ’ਤੇ ਜਿਹੜੇ ਵੀ ਹੋਣ ਵਾਲੇ ਜ਼ਰੂਰੀ ਕੰਮ ਸਨ, ਉਹ 7 ਤੋਂ 8 ਕਰੋੜ ਰੁਪਏ ਦੇ ਕੰਮ ਚੱਲ ਰਹੇ ਹਨ। ਡਾਇੰਗ ਇੰਡਸਟ੍ਰੀ ਵੱਲੋਂ ਨਾਲੇ ’ਚ ਪਾਏ ਜਾ ਰਹੇ ਜ਼ਹਿਰੀਲੇ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ। ਤਾਜਪੁਰ ਰੋਡ ਤੋਂ ਬੁੱਢਾ ਨਾਲਾ ’ਚ ਵੱਡੀ ਮਾਤਰਾ ’ਚ ਡਾਇੰਗ ਦਾ ਪਾਣੀ ਨਾਲੇ ’ਚ ਡਿੱਗਦਾ ਹੈ। ਕਈ ਸੈਂਪਲ ਭਰਵਾਏ ਗਏ, ਜੋ ਫੇਲ ਹੋ ਗਏ ਹਨ। ਡਾਇੰਗ ਇੰਡਸਟ੍ਰੀ ਨੂੰ ਮੇਰੀ ਅਪੀਲ ਹੈ ਕਿ ਸਹਿਯੋਗ ਦਿਓ, ਨਹੀਂ ਤਾਂ ਉਨ੍ਹਾਂ ਦੇ ਖਿਲਾਫ ਝੰਡਾ ਚੁੱਕਿਆ ਜਾਵੇਗਾ ਕਿਉਂਕਿ ਸਾਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਮਨਜ਼ੂਰ ਨਹੀਂ। ਬੁੱਢਾ ਨਾਲ ਜੋ ਕਦੇ ਦਰਿਆ ਹੁੰਦਾ ਸੀ, ਉਸ ਨੂੰ ਮੁੜ ਦਰਿਆ ਹੀ ਬਣਾਉਣਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


author

shivani attri

Content Editor

Related News