ਟੁੱਟੀਆਂ ਸੜਕਾਂ ਦੀ ਰਿਪੇਅਰ ਨਾ ਹੋਣ ''ਤੇ MLA ਖਹਿਰਾ ਨੇ ਸਮਰਥਕਾਂ ਸਣੇ SDM ਦਫ਼ਤਰ ਮੂਹਰੇ ਲਾਇਆ ਧਰਨਾ

Friday, Oct 07, 2022 - 04:57 AM (IST)

ਟੁੱਟੀਆਂ ਸੜਕਾਂ ਦੀ ਰਿਪੇਅਰ ਨਾ ਹੋਣ ''ਤੇ MLA ਖਹਿਰਾ ਨੇ ਸਮਰਥਕਾਂ ਸਣੇ SDM ਦਫ਼ਤਰ ਮੂਹਰੇ ਲਾਇਆ ਧਰਨਾ

ਭੁਲੱਥ (ਰਜਿੰਦਰ, ਭੂਪੇਸ਼) : ਹਲਕਾ ਭੁਲੱਥ ਦੀਆਂ ਪ੍ਰਮੁੱਖ ਸੜਕਾਂ ਦੀ ਰਿਪੇਅਰ ਦਾ ਕੰਮ ਨਾ ਹੋਣ ਕਾਰਨ ਵੀਰਵਾਰ ਨੂੰ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਸਮਰਥਕਾਂ ਸਮੇਤ ਐੱਸ. ਡੀ. ਐੱਮ. ਭੁਲੱਥ ਦੇ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ। ਧਰਨੇ ਦੌਰਾਨ ਵਿਧਾਇਕ ਖਹਿਰਾ ਨੇ ਕਿਹਾ ਕਿ ਸਾਡੇ ਇਲਾਕੇ ਦੀਆਂ ਟੁੱਟੀਆਂ ਸੜਕਾਂ ਨੂੰ ਲੈ ਕੇ ਇੱਥੇ ਧਰਨਾ ਲਗਾਇਆ ਗਿਆ ਹੈ। ਇਹ ਸੜਕਾਂ ਹੁਣ ਨਹੀਂ ਟੁੱਟੀਆਂ, ਸਗੋਂ ਪਿਛਲੀ ਕਾਂਗਰਸ ਸਰਕਾਰ ਵਿਚ ਜਦੋਂ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਤਾਂ ਉਸ ਵੇਲੇ ਇਨ੍ਹਾਂ ਸੜਕਾਂ ਦੇ ਪ੍ਰਾਜੈਕਟ ਮਨਜ਼ੂਰ ਕਰਵਾਏ ਗਏ ਸਨ। ਸਭ ਤੋਂ ਪਹਿਲਾਂ ਧੁੱਸੀ ਬੰਨ੍ਹ ਦੀ ਸੜਕ ਜੋ ਸ੍ਰੀ ਹਰਗੋਬਿੰਦਪੁਰ ਦੇ ਪੁਲ ਅਤੇ ਢਿੱਲਵਾਂ ਦੇ ਜੀ. ਟੀ. ਰੋਡ ਨੂੰ ਆਪਸ ਵਿਚ ਜੋੜਦੀ ਹੈ, ਦਾ ਵੀ ਕੰਮ ਸ਼ੁਰੂ ਕਰਵਾਇਆ ਗਿਆ ਪਰ ਇਹ ਸੜਕ ਵੀ ਰੁਕੀ ਹੋਈ ਹੈ। ਇਸ ਤੋਂ ਇਲਾਵਾ ਭੁਲੱਥ ਤੋਂ ਭੋਗਪੁਰ ਸੜਕ ਦਾ ਪਿਛਲੀ ਸਰਕਾਰ ਵਿਚ ਉਨ੍ਹਾਂ ਨੇ 9 ਕਰੋੜ ਰੁਪਏ ਦਾ ਟੈਂਡਰ ਮਨਜ਼ੂਰ ਕਰਵਾਇਆ ਸੀ, ਕੰਮ ਅਲਾਟ ਹੋਣ ਤੋਂ ਬਾਅਦ ਠੇਕੇਦਾਰ ਨੇ ਆਪਣੀ ਜੇਬ 'ਚੋਂ 3 ਕਰੋੜ ਰੁਪਏ ਲਾ ਕੇ ਮੇਨ-ਮੇਨ ਕੰਮ ਕਰ ਦਿੱਤਾ ਪਰ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਨੇ ਇਸ ਸੜਕ ਦੇ ਪੈਸੇ ਰੋਕ ਦਿੱਤੇ।

ਇਹ ਵੀ ਪੜ੍ਹੋ : ਬਾਲੀਵੁੱਡ ਅਭਿਨੇਤਾ ਤੇ ਸੰਸਦ ਮੈਂਬਰ ਸੰਨੀ ਦਿਓਲ ਫਿਰ ਚਰਚਾ 'ਚ, ਸ਼ਹਿਰ 'ਚ ਲੱਗੇ 'ਗੁੰਮਸ਼ੁਦਾ' ਦੇ ਪੋਸਟਰ

PunjabKesari

ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿਚ ਇਹ ਮਸਲਾ ਉਠਾਇਆ ਤੇ ਪਿਛਲੇ ਸੈਸ਼ਨ ਵਿਚ ਪੀ. ਡਬਲਯੂ. ਡੀ. ਮੰਤਰੀ ਕਹਿ ਰਿਹਾ ਹੈ ਕਿ ਇਹ ਕੰਮ 30 ਨਵੰਬਰ 2022 ਤੱਕ ਮੁਕੰਮਲ ਹੋ ਜਾਵੇਗਾ, ਜਦਕਿ ਪਿਛਲੇ 3-4 ਮਹੀਨਿਆਂ ਤੋਂ ਇਹ ਕੰਮ ਬੰਦ ਪਿਆ ਹੈ। ਸਾਡੇ ਧਰਨੇ ਕਰਕੇ ਕੱਲ੍ਹ ਦੇ ਅਫ਼ਸਰ ਕਹਿ ਰਹੇ ਹਨ ਕਿ ਅਸੀਂ ਠੇਕੇਦਾਰ ਦਾ 3 ਕਰੋੜ ਰੁਪਏ ਰਿਲੀਜ਼ ਕਰ ਦਿੱਤਾ ਹੈ ਤੇ ਅਗਲਾ ਕੰਮ ਵੀ ਹਫ਼ਤੇ ਵਿਚ ਸ਼ੁਰੂ ਕਰਵਾ ਦਿਆਂਗੇ। ਉਨ੍ਹਾਂ ਕਿਹਾ ਕਿ ਭੁਲੱਥ-ਨਡਾਲਾ-ਸੁਭਾਨਪੁਰ ਸੜਕ ਵੀ ਟੁੱਟੀ ਹੋਈ ਹੈ, ਜਿਸ ਦਾ ਮੁੱਦਾ ਵੀ ਵਿਧਾਨ ਸਭਾ ਵਿਚ ਰੱਖਿਆ ਸੀ, ਜਿਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਇਸ ਬਾਰੇ ਅਸੀਂ 18 ਕਰੋੜ ਰੁਪਏ ਦਾ ਐਸਟੀਮੇਟ ਮਨਜ਼ੂਰ ਕਰਵਾ ਕੇ ਵਿੱਤ ਵਿਭਾਗ ਨੂੰ ਲਿਖ ਦਿੱਤਾ ਹੈ ਪਰ ਅੱਜ ਤੱਕ ਇਸ ਸੜਕ 'ਤੇ ਵੀ ਕੋਈ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ। ਹੁਣ ਪਿਛਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਉਨ੍ਹਾਂ ਨੇ 6 ‘ਕਾਲ ਅਟੈਂਸ਼ਨ ਮੋਸ਼ਨ’ ਵੀ ਲਗਾਏ, ਜੋ ਸੜਕਾਂ ਤੇ ਹੋਰ ਵੱਖ-ਵੱਖ ਮੁੱਦਿਆਂ ਲਈ ਸਨ ਪਰ ਮੈਨੂੰ ਬੋਲਣ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਭਲਕੇ ਕੱਢੇ ਜਾਣਗੇ ਰੋਸ ਮਾਰਚ, ਜਾਰੀ ਕੀਤਾ ਰੂਟ ਪਲਾਨ

ਖਹਿਰਾ ਨੇ ਕਿਹਾ ਕਿ ਉਹ ਪੰਜਾਬ ਦੇ ਹਰੇਕ ਵਰਗ ਦੀ ਗੱਲ ਚੁੱਕਦੇ ਹਨ ਤੇ ਹਰੇਕ ਮੁੱਦਾ ਉਠਾਉਂਦੇ ਹਨ। ਇਸੇ ਕਰਕੇ ਬਦਲੇ ਦੀ ਭਾਵਨਾ ਕਰਕੇ ਉਨ੍ਹਾਂ ਨਾਲ ਵਿਧਾਨ ਸਭਾ ਵਿਚ ਵੀ ਸਰਕਾਰ ਵੱਲੋਂ ਅਜਿਹਾ ਵਤੀਰਾ ਅਪਣਾਇਆ ਜਾ ਰਿਹਾ ਹੈ। ਕੈਪਟਨ ਸਰਕਾਰ ਵੱਲੋਂ ਸਾਬਕਾ ਫੌਜੀਆਂ ਨੂੰ ਜੀ. ਓ. ਜੀ. (ਗਾਰਡੀਅਨਜ਼ ਆਫ਼ ਗਵਰਨੈਂਸ) ਲਗਾਇਆ ਗਿਆ ਸੀ, ਇਨ੍ਹਾਂ ਨੂੰ ਦਿੱਤੇ ਜਾਣ ਵਾਲੇ ਮਾਣਭੱਤੇ ਲਈ 72 ਕਰੋੜ ਰੁਪਏ ਦਾ ਬਜਟ ਸੀ, ਸਾਰੇ 4300 ਜੀ. ਓ. ਜੀ. ਨੂੰ ਕੱਢ ਦਿੱਤਾ ਗਿਆ ਹੈ ਕਿ ਤੁਹਾਡਾ ਕੰਮ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਉਨ੍ਹਾਂ ਨੇ ਇਲਾਕੇ ਵਿਚ 65 ਕਿਲੋਮੀਟਰ ਨਵੀਆਂ ਸੜਕਾਂ ਲਈ ਕੰਮ ਸ਼ੁਰੂ ਕਰਵਾਏ, ਇਹ ਸਾਰੀਆਂ ਬੰਦ ਪਈਆਂ ਹਨ, ਜਦੋਂ ਅਸੀਂ ਠੇਕੇਦਾਰਾਂ ਨਾਲ ਗੱਲ ਕਰਦੇ ਹਾਂ ਤਾਂ ਅੱਗਿਓਂ ਇਹ ਜਵਾਬ ਮਿਲਦਾ ਹੈ ਕਿ ਰੇਤਾ-ਬੱਜਰੀ ਨਹੀਂ ਮਿਲਦੀ। ਇਸ ਵੇਲੇ ਰੇਤਾ-ਬੱਜਰੀ ਦੇ ਰੇਟ ਬਹੁਤ ਜ਼ਿਆਦਾ ਵਧ ਗਏ ਹਨ ਤੇ ਲੋਕ ਆਪਣੀਆਂ ਕੰਧਾਂ ਪਲੱਸਤਰ ਕਰਵਾਉਣ ਤੋਂ ਬੈਠੇ ਹਨ। ਧਰਨੇ ਦੌਰਾਨ ਜੀ. ਓ. ਜੀ. ਵੱਲੋਂ ਐੱਸ. ਡੀ. ਐੱਮ. ਭੁਲੱਥ ਨੂੰ ਮੰਗ-ਪੱਤਰ ਵੀ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ : CM ਮਾਨ ਨਾਲ ਕਿਸਾਨਾਂ ਦੀ ਹੋਈ ਮੀਟਿੰਗ, ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਦੁਹਰਾਈ ਵਚਨਬੱਧਤਾ

ਇਸ ਮੌਕੇ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ, ਸਾਬਕਾ ਚੇਅਰਮੈਨ ਰਛਪਾਲ ਸਿੰਘ ਬੱਚਾਜੀਵੀ, ਕੁਲਦੀਪ ਸਿੰਘ ਪੰਡੋਰੀ, ਮਨਜੀਤ ਕੌਰ ਖਾਲਸਾ, ਸੁਰਿੰਦਰ ਕੱਕੜ, ਨਰੇਸ਼ ਕੁਮਾਰ ਸਹਿਗਲ, ਪਲਵਿੰਦਰ ਸਿੰਘ ਭਿੰਡਰ, ਅਜੀਤ ਸਿੰਘ ਘੁੰਮਣ, ਕੁਲਦੀਪ ਸਿੰਘ ਕੰਗ, ਅੰਗਰੇਜ ਸਿੰਘ ਕੰਗ, ਅਮਨਦੀਪ ਸਿੰਘ ਖੱਸਣ, ਲਖਵਿੰਦਰ ਸਿੰਘ ਮੁਲਤਾਨੀ, ਰਿਟਾ. ਇੰਸਪੈਕਟਰ ਮਾਨ ਸਿੰਘ ਅਕਾਲਾ, ਕਰਮਪਾਲ ਸਿੰਘ ਸਾਬੀ, ਨਿਰਮਲ ਸਿੰਘ ਸਰਪੰਚ ਰਾਮਗੜ੍ਹ, ਸੁੱਖਾ ਨੌਰੰਗਪੁਰ, ਕੌਂਸਲਰ ਲਕਸ਼ ਚੌਧਰੀ, ਕੌਂਸਲਰ ਪਰਮਜੀਤ ਸਿੰਘ ਕਾਲਾ, ਕੌਂਸਲਰ ਬਲਜੀਤ ਸਿੰਘ, ਸਤਵੰਤਪ੍ਰੀਤ ਸਿੰਘ ਸੀਕਰੀ, ਹਰਦੀਪ ਸਿੰਘ ਬਾਜਵਾ, ਕੈਪਟਨ ਬਲਵੀਰ ਸਿੰਘ, ਸੂਬੇਦਾਰ ਮੇਜਰ ਜਰਨੈਲ ਸਿੰਘ, ਜੀ. ਓ. ਜੀ. ਤੇ ਕਾਂਗਰਸੀ ਵਰਕਰ ਮੌਜੂਦ ਸਨ।

ਇਹ ਵੀ ਪੜ੍ਹੋ : ਕਪੂਰਥਲਾ ਤੋਂ 'ਆਪ' ਹਲਕਾ ਇੰਚਾਰਜ ਮੰਜੂ ਰਾਣਾ ਨੇ 3 ਵਿਅਕਤੀਆਂ 'ਤੇ ਕਰਵਾਈ FIR, ਜਾਣੋ ਪੂਰਾ ਮਾਮਲਾ

ਸੜਕਾਂ ਨਾ ਬਣਨ ’ਤੇ ਚੱਕਾ ਜਾਮ ਕਰਨ ਦੀ ਚਿਤਾਵਨੀ

ਵਿਧਾਇਕ ਖਹਿਰਾ ਨੇ ਹੋਰ ਆਖਿਆ ਕਿ ਜੇਕਰ ਹਲਕਾ ਭੁਲੱਥ ਦੀਆਂ ਸੜਕਾਂ ਨਾ ਬਣਾਈਆਂ ਤਾਂ ਅਸੀਂ ਚੱਕਾ ਜਾਮ ਕਰਾਂਗੇ ਕਿਉਂਕਿ ਅੱਜ ਤਾਂ ਸਰਕਾਰ ਨੂੰ ਇਕ ਟਰੇਲਰ ਵਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਵੀ ਮੇਰੀ ਗੱਲ ਹੋਈ ਹੈ ਕਿਉਂਕਿ ਨਗਰ ਪੰਚਾਇਤਾਂ ਦੀਆਂ ਐੱਨ. ਓ. ਸੀ. ਕਰਕੇ ਰਜਿਸਟਰੀਆਂ ਨਹੀਂ ਹੋ ਰਹੀਆਂ। ਨਗਰ ਪੰਚਾਇਤ ਪ੍ਰਸ਼ਾਸਨ ਤੇ ਤਹਿਸੀਲਦਾਰ ਵਿਚ ਤਾਲਮੇਲ ਨਾ ਹੋਣ ਕਰਕੇ ਲੋਕ ਖੱਜਲ-ਖੁਆਰ ਹੋ ਰਹੇ ਹਨ।

PunjabKesari

ਇਹ ਵੀ ਪੜ੍ਹੋ : ਮੁੰਬਈ 'ਚ ਨੀਤਾ ਅੰਬਾਨੀ ਦੇ ਨਾਂ 'ਤੇ ਖੁੱਲ੍ਹੇਗਾ ਭਾਰਤ ਦਾ ਪਹਿਲਾ ਬਹੁ-ਕਲਾ ਸੱਭਿਆਚਾਰਕ ਕੇਂਦਰ

3 ਮਹੀਨਿਆਂ ’ਚ ਬਣ ਜਾਵੇਗੀ ਭੁਲੱਥ-ਭੋਗਪੁਰ ਸੜਕ : ਐੱਸ. ਡੀ. ਐੱਮ.

ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਲਗਾਏ ਧਰਨੇ ਵਿਚ ਐੱਸ. ਡੀ. ਐੱਮ. ਭੁਲੱਥ ਲਾਲ ਵਿਸ਼ਵਾਸ ਬੈਂਸ ਨੇ ਪਹੁੰਚ ਕੇ ਭਰੋਸਾ ਦਿੱਤਾ ਕਿ ਭੁਲੱਥ-ਭੋਗਪੁਰ ਸੜਕ ਲਈ 3 ਕਰੋੜ ਰੁਪਏ ਆ ਚੁੱਕੇ ਹਨ। ਇਸ ਸੜਕ ਦਾ ਕੰਮ 3 ਮਹੀਨਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ ਤੇ ਬਾਕੀ ਸੜਕਾਂ ਵੱਲ ਵੀ ਸਾਡੀ ਤਵੱਜੋ ਹੈ। ਉਨ੍ਹਾਂ ਹੋਰ ਕਿਹਾ ਕਿ ਨਗਰ ਪੰਚਾਇਤਾਂ ਦੀਆਂ ਐੱਨ. ਓ. ਸੀ. ਕਰਕੇ ਰਜਿਸਟਰੀਆਂ ਦਾ ਜੋ ਮਸਲਾ ਹੈ, ਉਸ ਸਬੰਧੀ ਤਹਿਸੀਲਦਾਰ ਭੁਲੱਥ ਤੇ ਈ. ਓ. ਭੁਲੱਥ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News