ਸਿਆਸੀ ਆਗੂਆਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵਿਧਾਇਕ ਦਿਆਲਪੁਰਾ ਦਾ ਕੀਤਾ ਸਨਮਾਨ

Saturday, Aug 19, 2023 - 02:07 PM (IST)

ਸਿਆਸੀ ਆਗੂਆਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵਿਧਾਇਕ ਦਿਆਲਪੁਰਾ ਦਾ ਕੀਤਾ ਸਨਮਾਨ

ਮਾਛੀਵਾੜਾ ਸਾਹਿਬ (ਟੱਕਰ) : ਸਿਆਸੀ ਪਾਰਟੀਆਂ ਦੇ ਆਗੂ ਇੱਕ-ਦੂਜੇ 'ਤੇ ਦੂਸ਼ਣਬਾਜ਼ੀ ਲਗਾਉਂਦੇ ਤਾਂ ਜ਼ਰੂਰ ਦੇਖੇ ਹੋਣਗੇ ਪਰ ਮਾਛੀਵਾੜਾ ਇਲਾਕੇ ਵਿਚ ਅੱਜ ਨਵਾਂ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਸਿਆਸੀ ਆਗੂਆਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਲਕਾ ਸਮਰਾਲਾ ਤੋਂ ‘ਆਪ’ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਸਮਰਾਲਾ-ਮਾਛੀਵਾੜਾ ਰਾਹੋਂ ਸੜਕ ਬੇਹੱਦ ਖ਼ਸਤਾ ਹਾਲਤ ਕਾਰਨ ਲੋਕਾਂ ਲਈ ਵੱਡੀ ਮੁਸ਼ਕਿਲ ਬਣੀ ਹੋਈ ਸੀ ਅਤੇ ਲੋਕ ਪਿਛਲੀਆਂ ਸਰਕਾਰਾਂ ਦੇ ਨਾਲ-ਨਾਲ ‘ਆਪ’ ਸਰਕਾਰ ਨੂੰ ਵੀ ਕੋਸਦੇ ਨਹੀਂ ਥੱਕਦੇ ਸਨ।

ਹੁਣ ਇਸ ਦਾ ਨਿਰਮਾਣ ਸ਼ੁਰੂ ਹੋਣ ਤੋਂ ਬਾਅਦ ਜਿੱਥੇ ਹਰੇਕ ਵਰਗ ਬਾਗੋ-ਬਾਗ ਹੈ ਉੱਥੇ ਮਾਛੀਵਾੜਾ ਇਲਾਕੇ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਵਿਧਾਇਕ ਦਿਆਲਪੁਰਾ ਦਾ ਸਨਮਾਨ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸ਼ਲਾਘਾਯੋਗ ਕਾਰਜ ਕੀਤਾ ਹੈ। ਅੱਜ ਗੜ੍ਹੀ ਤਰਖਾਣਾ ਪੁਲ ਨੇੜੇ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਣ ’ਤੇ ਰੁਪਿੰਦਰ ਸਿੰਘ ਬੈਨੀਪਾਲ, ਪਵਨ ਕੁਮਾਰ, ਗੁਰਨਾਮ ਸਿੰਘ ਨਾਗਰਾ, ਸੰਪੂਰਨ ਸਿੰਘ ਧਾਲੀਵਾਲ, ਗਗਨਦੀਪ ਸਿੰਘ ਲੱਕੀ, ਦਵਿੰਦਰ ਸਿੰਘ ਗਿੱਲ, ਲਾਡੀ ਨਾਗਰਾ, ਸਾਬਕਾ ਕੌਂਸਲਰ ਪ੍ਰੇਮ ਚੰਦ (ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ) ਆਗੂਆਂ ਨੇ ਵਿਧਾਇਕ ਦਿਆਲਪੁਰਾ ਦਾ ਸਨਮਾਨ ਕਰਦਿਆਂ ਕਿਹਾ ਕਿ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਨਾਲ ਇਲਾਕੇ ਵਾਸੀਆਂ ਦੇ ਨਾਲ-ਨਾਲ ਇਤਿਹਾਸਕ ਸ਼ਹਿਰ ਮਾਛੀਵਾੜਾ ਵਿਖੇ ਸਥਾਪਿਤ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਵੀ ਵੱਡੀ ਰਾਹਤ ਮਿਲੀ ਹੈ।

ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਸਮਰਾਲਾ ਤੋਂ ਲੈ ਕੇ ਸਤਲੁਜ ਪੁਲ ਤੱਕ ਕਰੀਬ 19 ਕਿਲੋਮੀਟਰ ਲੰਬੀ ਸੜਕ ਦੀ ਖ਼ਸਤਾ ਹਾਲਤ ਹੋਣ ਕਾਰਨ ਹਜ਼ਾਰਾਂ ਹੀ ਲੋਕਾਂ ਦਾ ਵਪਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਹਾਦਸੇ ਵਾਪਰ ਰਹੇ ਸਨ ਪਰ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਇਸ ਸੜਕ ਦਾ ਨਿਰਮਾਣ ਪਹਿਲ ਦੇ ਆਧਾਰ ’ਤੇ ਸ਼ੁਰੂ ਕਰਵਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਜਿਸ ਦਾ ਸਾਰੇ ਆਗੂਆਂ ਵਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉਨ੍ਹਾਂ ਦਾ ਸਨਮਾਨ ਕੀਤਾ ਹੈ। ਰੂਬੀ ਬੈਨੀਪਾਲ ਨੇ ਕਿਹਾ ਕਿ ਜੇਕਰ ਸਰਕਾਰ ਲੋਕ ਵਿਰੋਧੀ ਫ਼ੈਸਲਾ ਲਵੇਗੀ ਤਾਂ ਉਹ ਸਰਕਾਰ ਦਾ ਵਿਰੋਧ ਵੀ ਕਰਨਗੇ ਅਤੇ ਜੇਕਰ ਲੋਕ ਹਿੱਤਾਂ ਵਾਲੇ ਕੰਮ ਕੀਤੇ ਜਾਣਗੇ ਤਾਂ ਉਸਦੀ ਸ਼ਲਾਘਾ ਕਰਨੀ ਵੀ ਬਣਦੀ ਹੈ। ਇਸ ਮੌਕੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਖਸਤਾ ਹਾਲਤ ਸੜਕ ਲੋਕਾਂ ਲਈ ਵੱਡੀ ਪਰੇਸ਼ਾਨੀ ਸੀ ਅਤੇ ਉਨ੍ਹਾਂ ਵਲੋਂ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਲਿਆ ਕੇ ਕਰੋੜਾਂ ਰੁਪਏ ਦਾ ਟੈਂਡਰ ਪਾਸ ਕਰਵਾਇਆ, ਜਿਸਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਤੈਅ ਸਮੇਂ ’ਚ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਵਿਧਾਇਕ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਾ ਉਨ੍ਹਾਂ ਦਾ ਮੁੱਢਲਾ ਫ਼ਰਜ਼ ਹੈ ਅਤੇ ਉਹ ਵੀ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਲੋਕ ਸੇਵਾ ’ਚ ਡਟੇ ਰਹਿਣਗੇ। 


author

Babita

Content Editor

Related News