MLA ਅਮਰਜੀਤ ਸੰਦੋਆ ਨੇ ਵਿਧਾਇਕੀ ਅਹੁਦੇ ਤੋਂ ਅਸਤੀਫਾ ਲਿਆ ਵਾਪਸ : ਸੂਤਰ

Thursday, Nov 21, 2019 - 03:26 AM (IST)

MLA ਅਮਰਜੀਤ ਸੰਦੋਆ ਨੇ ਵਿਧਾਇਕੀ ਅਹੁਦੇ ਤੋਂ ਅਸਤੀਫਾ ਲਿਆ ਵਾਪਸ : ਸੂਤਰ

ਰੂਪਨਗਰ (ਸੱਜਣ ਸੈਣੀ,ਰਮਨਜੀਤ)-ਆਮ ਆਦਮੀ ਪਾਰਟੀ ਦੀ ਟਿਕਟ ’ਤੇ 2017 ’ਚ ਰੋਪਡ਼ ਸੀਟ ਤੋਂ ਚੋਣ ਜਿੱਤਣ ਵਾਲੇ ਅਮਰਜੀਤ ਸਿੰਘ ਸੰਦੋਆ ਨੇ ਵਿਧਾਨ ਸਭਾ ਮੈਂਬਰੀ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੀ ਚਿੱਠੀ ਵਿਧਾਨ ਸਭਾ ਨੂੰ ਦੇ ਦਿੱਤੀ ਹੈ। ਲੋਕ ਸਭਾ ਚੋਣਾਂ 2019 ਦੇ ਐਲਾਨ ਤੋਂ ਬਾਅਦ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ 4 ਮਈ 2019 ਨੂੰ ਅਮਰਜੀਤ ਸਿੰਘ ਸੰਦੋਆ ਨੇ ਕੈ. ਅਮਰਿੰਦਰ ਸਿੰਘ ਦੀ ਹਾਜ਼ਰੀ ’ਚ ਕਾਂਗਰਸ ਜੁਆਇਨ ਕਰ ਲਈ ਸੀ। ਦਲ ਬਦਲੂ ਕਾਨੂੰਨ ਤੋਂ ਬਚਣ ਲਈ ਸੰਦੋਆ ਵਲੋਂ ਵਿਧਾਨ ਸਭਾ ਸਪੀਕਰ ਨੂੰ 2 ਲਾਈਨਾਂ ’ਚ ਲਿਖਿਆ ਆਪਣਾ ਅਸਤੀਫਾ ਜਮ੍ਹਾ ਕਰਵਾ ਦਿੱਤਾ ਸੀ ਅਤੇ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਉਮੀਦਵਾਰ ਮਨੀਸ਼ ਤਿਵਾਡ਼ੀ ਲਈ ਪ੍ਰਚਾਰ ਵੀ ਕੀਤਾ ਸੀ। ਇਸ ਸਬੰਧੀ ਅਧਿਕਾਰਕ ਪੁਸ਼ਟੀ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਦੇ ਫੋਨ ਨੂੰ ਉਨ੍ਹਾਂ ਦੇ ਸੁਰੱਖਿਆ ਅਮਲੇ ਵਲੋਂ ਰਿਸੀਵ ਕਰਦਿਆਂ ਦੱਸਿਆ ਗਿਆ ਕਿ ਸਪੀਕਰ ਕਿਸੇ ਵਿਆਹ ਸਮਾਰੋਹ ’ਚ ਹਨ। ਉਥੇ ਹੀ ਅਮਰਜੀਤ ਸਿੰਘ ਸੰਦੋਆ ਦਾ ਫੋਨ ਵੀ ਲਗਾਤਾਰ ਬੰਦ ਰਹਿਣ ਕਾਰਣ ਉਨ੍ਹਾਂ ਨਾਲ ਵੀ ਗੱਲ ਨਹੀਂ ਹੋ ਸਕੀ।

ਸੰਦੋਆ ਪਹਿਲਾਂ ਵੀ ਰਹਿ ਚੁੱਕੇ ਹਨ ਵਿਵਾਦਾਂ 'ਚ
ਇਸ ਤੋਂ ਪਹਿਲਾਂ ਸੰਦੋਆ ਉਦੋਂ ਵੀ ਵਿਵਾਦਾਂ 'ਚ ਆਏ ਸਨ, ਜਦੋਂ ਉਹ ਰੋਪੜ ਦੇ ਨੇੜਲੇ ਇਲਾਕਿਆਂ ਵਿਚ ਨਾਜਾਇਜ਼ ਮਾਈਨਿੰਗ ਕਥਿਤ ਰੇਤ–ਮਾਫ਼ੀਆ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਸੰਦੋਆ ਦੀ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। 

ਕੈਨੇਡਾ ਦੇ ਹਵਾਈ ਅੱਡੇ ਤੋਂ ਸੰਦੋਆ ਨੂੰ ਮੋੜਿਆ ਸੀ ਬੇਰੰਗ
ਦੂਜੀ ਵਾਰ ਉਹ ਉਦੋਂ ਸੁਰਖੀਆਂ 'ਚ ਆਏ ਸਨ, ਜਦੋਂ ਉਨ੍ਹਾਂ ਨੂੰ ਕੈਨੇਡਾ ਦੇ ਮਹਾਂਨਗਰ ਟੋਰਾਂਟੋ ਦੇ ਹਵਾਈ ਅੱਡੇ ਤੋਂ ਬੇਰੰਗ ਵਾਪਸ ਭੇਜ ਦਿੱਤਾ ਗਿਆ ਸੀ ਤੇ ਕੈਨੇਡਾ ਵਿਚ ਸਿਆਸੀ ਰੈਲੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਅਮਰਜੀਤ ਸਿੰਘ ਰੂਪਨਗਰ ਤੋਂ 2017 ਵਿਚ ਆਮ ਆਦਮੀ ਪਾਰਟੀ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਉਹ 4 ਮਈ ਨੂੰ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਸੰਦੋਆ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਸੁਰਖੀਆਂ ਵਿਚ ਸਨ। 


author

Sunny Mehra

Content Editor

Related News