ਖੇਤੀ ਮੀਟਰਾਂ ਦੀ ਰੀਡਿੰਗ ਲੈਣ ਗਏ ਪਾਵਰਕਾਮ ਕਰਮਚਾਰੀਆਂ ਦਾ ਘਿਰਾਓ
Saturday, Feb 03, 2018 - 07:16 AM (IST)
ਸਮਾਣਾ (ਦਰਦ) - ਸਬ-ਡਵੀਜ਼ਨ ਦੇ ਪਿੰਡ ਪ੍ਰੇਮ ਸਿੰਘ ਵਾਲਾ ਵਿਚ ਖੇਤੀ ਮੋਟਰਾਂ 'ਤੇ ਲੱਗੇ ਮੀਟਰਾਂ ਦੀ ਰੀਡਿੰਗ ਲੈਣ ਗਏ ਪਾਵਰਕਾਮ ਸਮਾਣਾ ਦੇ ਕਰਮਚਾਰੀਆਂ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ। ਪਿੰਡ ਦੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਰੀਡਿੰਗ ਲੈਣ ਆਏ ਜੇ. ਈ. ਦੀ ਅਗਵਾਈ ਹੇਠ ਪਾਵਰਕਾਮ ਕਰਮਚਾਰੀਆਂ ਦਾ ਘਿਰਾਓ ਕਰ ਕੇ ਉਨ੍ਹਾਂ ਨੂੰ ਬਿਨਾਂ ਰੀਡਿੰਗ ਕੀਤਿਆਂ ਵਾਪਸ ਭਜਾ ਦਿੱਤਾ। ਇਸ ਸਬੰਧੀ ਸਤਿਗੁਰ ਸਿੰਘ ਨਿਵਾਸੀ ਪਿੰਡ ਪ੍ਰੇਮ ਸਿੰਘ ਵਾਲਾ ਦੀ ਅਗਵਾਈ ਵਿਚ ਦਿਲਪ੍ਰੀਤ ਸਿੰਘ, ਬਬਲੀ ਸਿੰਘ, ਜ਼ੋਰਾ ਸਿੰਘ, ਅਜਾਇਬ ਸਿੰਘ, ਪੰਚਾਇਤ ਮੈਂਬਰ ਕਰਨੈਲ ਸਿੰਘ, ਗੁਰਚਰਨ ਸਿੰਘ ਅਤੇ ਹਰੀ ਸਿੰਘ ਨੰਬਰਦਾਰ ਨੇ ਕਿਹਾ ਕਿ ਚੋਣਾਂ ਦੌਰਾਨ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੇ ਮੋਟਰਾਂ ਦੀ ਰੀਡਿੰਗ ਅਤੇ ਬਿੱਲ ਨਾ ਲੈਣ ਦਾ ਵਾਅਦਾ ਕੀਤਾ ਸੀ। ਹੁਣ ਕਾਂਗਰਸ ਸਰਕਾਰ ਮੋਟਰਾਂ ਦੀ ਰੀਡਿੰਗ ਲੈ ਕੇ ਬਿੱਲ ਲਾਉਣ ਦੀ ਯੋਜਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸੇ-ਕਿਸੇ ਪਿੰਡ ਵਿਚ ਕੁਝ ਮੋਟਰਾਂ 'ਤੇ ਹੀ ਮੀਟਰ ਲੱਗੇ ਹਨ। ਇਸ ਲਈ ਰੀਡਿੰਗ ਲੈਣ ਦੀ ਕੋਈ ਤੁਕ ਨਹੀਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਿੰਡ ਵਾਸੀ ਅਤੇ ਕਿਸਾਨ ਮੋਟਰਾਂ 'ਤੇ ਲੱਗੇ ਮੀਟਰ ਦੀ ਰੀਡਿੰਗ ਨਹੀਂ ਲੈਣ ਦੇਣਗੇ ਅਤੇ ਬਿੱਲ ਲੱਗਣ ਦਾ ਸਖਤ ਵਿਰੋਧ ਕਰਨਗੇ।
ਸਿਰਫ ਐਸਟੀਮੇਟ ਬਣਾਉਣ ਲਈ ਕੀਤੀ ਜਾ ਰਹੀ ਏ ਰੀਡਿੰਗ : ਐੱਸ. ਡੀ. ਓ.
ਇਸ ਸਬੰਧੀ ਪਾਵਰਕਾਮ ਦੇ ਐੈੱਸ. ਡੀ. ਓ. ਸੁਖਰਾਜ ਸਿੰਘ ਨੇ ਦੱਸਿਆ ਕਿ ਪਾਵਰਕਾਮ ਤੋਂ ਮਿਲੇ ਹੁਕਮਾਂ 'ਤੇ ਭੇਜੇ ਗਏ ਕਰਮਚਾਰੀਆਂ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਬਿਨਾਂ ਰੀਡਿੰਗ ਲਏ ਵਾਪਸ ਆਉਣਾ ਪਿਆ। ਉਨ੍ਹਾਂ ਦੱਸਿਆ ਕਿ ਇਹ ਰੀਡਿੰਗ ਕੇਵਲ ਐਸਟੀਮੇਟ ਬਣਾਉਣ ਲਈ ਕੀਤੀ ਜਾ ਰਹੀ ਸੀ ਪਰ ਪਿੰਡ ਦੇ ਕਿਸਾਨ ਬਿਨਾਂ ਕਿਸੇ ਗੱਲ ਤੋਂ ਵਿਰੋਧ 'ਚ ਉਤਰ ਆਏ।
