ਮਿਸ਼ਨ ਫਤਿਹ : ਕੋਰੋਨਾ ਦੇ ਕਹਿਰ ਕਾਰਨ ਬੱਸ ਅੱਡੇ ’ਚ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ

Sunday, Jul 26, 2020 - 08:13 AM (IST)

ਮਿਸ਼ਨ ਫਤਿਹ : ਕੋਰੋਨਾ ਦੇ ਕਹਿਰ ਕਾਰਨ ਬੱਸ ਅੱਡੇ ’ਚ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ

ਜਲੰਧਰ, (ਪੁਨੀਤ)-‘ਮਿਸ਼ਨ ਫਤਿਹ’ ਤਹਿਤ ਕੋਰੋਨਾ ਖਿਲਾਫ਼ ਸਰਕਾਰੀ ਵਿਭਾਗਾਂ ਵਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ। ਇਸੇ ਕੜੀ ਤਹਿਤ ਬੀਤੇ ਦਿਨ ਬੱਸ ਅੱਡੇ ’ਚ ਬਿਨਾਂ ਮਾਸਕ ਵਿਅਕਤੀਆਂ ਦੇ ਚਲਾਨ ਕੱਟਣ ਦੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਗਈ।

ਇਸ ਦੇ ਨਾਲ-ਨਾਲ ਡਿਪੂ-1 ਦੇ ਜੀ. ਐੈੱਮ. ਨਵਰਾਜ ਬਾਤਿਸ਼ ਵਲੋਂ ਬੱਸਾਂ ਸਮੇਤ ਵੱਖ-ਵੱਖ ਥਾਵਾਂ ’ਤੇ ਮਾਸਕ ਪਹਿਨਣ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਪੋਸਟਰ ਲੁਆਏ ਗਏ। ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਬੱਸ ਅੱਡੇ ’ਚ ਦਿਨ ਭਰ ਅਨਾਊਂਸਮੈਂਟ ਕਰਵਾਉਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਲੋਕਾਂ ਨੂੰ ਕੋਰੋਨਾ ਪ੍ਰਤੀ ਸੁਚੇਤ ਕੀਤਾ ਗਿਆ। ਇਸ ਦੇ ਨਾਲ-ਨਾਲ ਇਹ ਵੀ ਅਨਾਊਂਸਮੈਂਟ ਕਰਵਾਈ ਗਈ ਕਿ ਬਿਨਾਂ ਮਾਸਕ ਹਰੇਕ ਵਿਅਕਤੀ ਦਾ ਚਲਾਨ ਕੀਤਾ ਜਾਵੇਗਾ, ਉਹ ਯਾਤਰੀ ਹੋਵੇ ਜਾਂ ਯਾਤਰੀ ਨੂੰ ਛੱਡਣ ਆਇਆ ਕੋਈ ਵਿਅਕਤੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਸਕ ਨਾ ਪਹਿਨਣ ਵਾਲਿਆਂ ਖਿਲਾਫ਼ ਕਾਰਵਾਈ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਕਿ ਸ਼ਿਫਟਾਂ ਦੇ ਹਿਸਾਬ ਨਾਲ ਬੱਸ ਅੱਡੇ ’ਚ ਡਿਊਟੀ ਦੇਣਗੀਆਂ ਅਤੇ ਨਿਯਮਾਂ ਦੀ ਪਾਲਣਾ ਕਰਵਾਉਣਗੀਆਂ। ਅਧਿਕਾਰੀਆਂ ਨੇ ਕਿਹਾ ਕਿ ਬੱਸ ਅੱਡੇ ’ਤੇ ਟਿਕਟ ਕੱਟਣ ਵਾਲੇ ਸਟਾਫ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਉਸ ਵਿਅਕਤੀ ਦੀ ਟਿਕਟ ਨਾ ਕੱਟਣ, ਜਿਸ ਨੇ ਮਾਸਕ ਨਾ ਪਹਿਨਿਆ ਹੋਵੇ। ਪਿਛਲੇ ਸਮੇਂ ਦੌਰਾਨ ਜਦੋਂ ਤੋਂ ਬਿਨਾਂ ਮਾਸਕ ਲੋਕਾਂ ਨੂੰ ਟਿਕਟਾਂ ਦੇਣੀਆਂ ਬੰਦ ਕੀਤੀਆਂ ਗਈਆਂ ਹਨ, ਉਦੋਂ ਤੋਂ ਲੋਕ ਮਾਸਕ ਪਹਿਨ ਕੇ ਬੱਸ ’ਚ ਚੜ੍ਹ ਜਾਂਦੇ ਹਨ ਅਤੇ ਬਾਅਦ ’ਚ ਮਾਸਕ ਉਤਾਰ ਦਿੰਦੇ ਹਨ। ਇਸੇ ਨੂੰ ਮੱਦੇਨਜ਼ਰ ਰੱਖਦਿਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਬੱਸਾਂ ਦੇ ਅੰਦਰ ਵੀ ਪੋਸਟਰ ਲਾਏ ਗਏ ਹਨ।

ਜੀ. ਐੈੱਮ. ਬਾਤਿਸ਼ ਨੇ ਪੁਲਸ ਨੂੰ ਕਾਰਵਾਈ ਲਈ ਲਿਖਿਆ ਪੱਤਰ

ਡਿਪੂ-1 ਦੇ ਜੀ. ਐੈੱਮ. ਨਵਰਾਜ ਬਾਤਿਸ਼ ਦਾ ਕਹਿਣਾ ਹੈ ਕਿ ਲੋਕ ਰੋਡਵੇਜ਼ ਅਧਿਕਾਰੀਆਂ ਦੀਆਂ ਗੱਲਾਂ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ, ਇਸੇ ਲਈ ਬੱਸ ਅੱਡੇ ’ਚ ਸਥਿਤ ਪੁਲਸ ਚੌਕੀ ਦੇ ਇੰਚਾਰਜ ਨੂੰ ਪੱਤਰ ਲਿਖ ਕੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਸ ਨਾਲ ਮੌਜੂਦ ਹੋਵੇਗੀ ਤਾਂ ਨਿਯਮ ਤੋੜਣ ਵਾਲਿਆਂ ’ਤੇ ਕਾਰਵਾਈ ਕਰਨਾ ਆਸਾਨ ਹੋਵੇਗਾ ਅਤੇ ਇਸ ਦਾ ਵਿਰੋਧ ਵੀ ਨਹੀਂ ਹੁੰਦਾ। ਬਾਤਿਸ਼ ਨੇ ਕਿਹਾ ਕਿ ਪੁਲਸ ਦੇ ਮੌਜੂਦ ਰਹਿਣ ਦਾ ਇਹ ਵੀ ਲਾਭ ਹੁੰਦਾ ਹੈ ਕਿ ਲੋਕ ਨਿਯਮਾਂ ਦੀ ਖੁਦ ਹੀ ਪਾਲਣਾ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਸਖਤ ਕਾਰਵਾਈ ਕਰਨ ਦੀ ਲੋੜ ਨਹੀਂ ਪੈਂਦੀ।
 


author

Lalita Mam

Content Editor

Related News