6 ਮਹੀਨਿਅਾਂ ਤੋਂ ਲਾਪਤਾ ਨੌਜਵਾਨ ਨੂੰ ਲੱਭ ਕੇ ਕੀਤਾ ਪਰਿਵਾਰ ਹਵਾਲੇ
Sunday, Jun 17, 2018 - 02:33 AM (IST)
ਗੁਰੂ ਕਾ ਬਾਗ, (ਭੱਟੀ)- ਬੀਤੇ ਦਸੰਬਰ ਮਹੀਨੇ ’ਚ ਸੰਤ ਬਾਬਾ ਭੂਰੀਵਾਲਿਆਂ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਯਾਤਰਾ ’ਤੇ ਗਏ ਪਿੰਡ ਤੇਡ਼ਾ ਕਲਾਂ ਤਹਿਸੀਲ ਅਜਨਾਲਾ ਦੇ ਨੌਜਵਾਨ ਮੰਗਲ ਸਿੰਘ ਪੁੱਤਰ ਦਲੀਪ ਸਿੰਘ ਜੋ ਕਿ ਉਥੇ ਗੁੰਮ ਹੋ ਗਿਆ ਸੀ, ਨੂੰ ਅੱਜ ਉੱਤਰ ਪ੍ਰਦੇਸ਼ ਦੀ ਇਕ ਸਮਾਜਿਕ ਸੰਸਥਾ ਸ਼ਾਈਨ ਗਰੁੱਪ ਨੇ ਫੈਜ਼ਾਬਾਦ ਸ਼ਹਿਰ ਤੋਂ ਲੱਭ ਕੇ ਪਿੰਡ ਜਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ, ਜਿਥੇ ਵੱਡੀ ਗਿਣਤੀ ’ਚ ਇਕੱਤਰ ਹੋ ਏ ਪਿੰਡ ਵਾਸੀਅਾਂ ਨੇ ਮੰਗਲ ਸਿੰਘ ਦਾ ਸਵਾਗਤ ਕਰਦਿਆਂ ਸ਼ਾਈਨ ਗਰੁੱਪ ਦਾ ਧੰਨਵਾਦ ਕੀਤਾ।
ਇਸ ਮੌਕੇ ਮੰਗਲ ਸਿੰਘ ਦੀ ਭਾਬੀ ਦਲਬੀਰ ਕੌਰ ਜੋ ਕਿ ਯਾਤਰਾ ’ਤੇ ਨਾਲ ਗਈ ਸੀ, ਨੇ ਦੱਸਿਆ ਕਿ ਦਸੰਬਰ ’ਚ ਪਟਨਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੰਗਲ ਸਿੰਘ ਉਥੋਂ ਗੁੰਮ ਹੋ ਗਿਆ ਸੀ, ਜਿਸ ਨੂੰ 10-12 ਦਿਨ ਉਥੇ ਲੱਭਿਆ ਗਿਆ ਤੇ ਕਈ ਥਾਵਾਂ ’ਤੇ ਅਨਾਊਂਸਮੈਂਟ ਵੀ ਕਰਵਾਈ ਪਰ ਇਸ ਦਾ ਕੋਈ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਉਹ ਥੱਕ-ਹਾਰ ਕੇ ਘਰ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਬਡ਼ੀ ਖੁਸ਼ੈ ਕਿ ਮੰਗਲ ਸਿੰਘ ਘਰ ਵਾਪਸ ਆ ਗਿਆ, ਜਦ ਕਿ ਸ਼ਾਈਨ ਗਰੁੱਪ ਦੇ ਚੇਅਰਮੈਨ ਗਿਆਨ ਪ੍ਰਕਾਸ਼ ਉਪਾਧਿਆਏ ਤੇ ਸ਼੍ਰੀਕਾਂਤ ਮਿਸ਼ਰਾ ਨੇ ਦੱਸਿਆ ਕਿ ਮੰਗਲ ਸਿੰਘ ਉਨ੍ਹਾਂ ਨੂੰ 20 ਦਿਨ ਪਹਿਲਾਂ ਫੈਜ਼ਾਬਾਦ ਰੇਲਵੇ ਸਟੇਸ਼ਨ ’ਤੇ ਮਿਲਿਆ ਸੀ ਤੇ ਉਹ ਆਪਣੇ ਬਾਰੇ ਕੁਝ ਵੀ ਨਹੀਂ ਸੀ ਦੱਸ ਰਿਹਾ ਪਰ ਬੀਤੇ 2 ਦਿਨਾਂ ਤੋਂ ਉਹ ਸਾਡੇ ਨਾਲ ਬੋਲਣ ਲੱਗ ਪਿਆ ਤੇ ਸਾਨੂੰ ਆਪਣੇ ਪਿੰਡ, ਤਹਿਸੀਲ ਤੇ ਜ਼ਿਲੇ ਦਾ ਨਾਂ ਦੱਸਿਆ ਤਾਂ ਉਨ੍ਹਾਂ ਗੂਗਲ ’ਚ ਸਰਚ ਕਰ ਕੇ ਐੱਸ. ਐੱਸ. ਪੀ. ਅੰਮ੍ਰਿਤਸਰ ਤੇ ਥਾਣਾ ਝੰਡੇਰ ਦੇ ਮੁਖੀ ਹਰਪਾਲ ਸਿੰਘ ਸੋਹੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਗਲ ਸਿੰਘ ਦੇ ਪਰਿਵਾਰ ਦੀ ਸ਼ਨਾਖਤ ਕਰ ਕੇ ਸਾਨੂੰ ਦੱਸਿਆ ਤੇ ਉਨ੍ਹਾਂ ਦੀ ਮਦਦ ਨਾਲ ਅੱਜ ਉਹ ਆਪਣੇ ਪਰਿਵਾਰ ਨੂੰ ਮਿਲ ਸਕਿਆ, ਜਿਸ ਨਾਲ ਉਨ੍ਹਾਂ ਨੂੰ ਬਡ਼ੀ ਖੁਸ਼ੀ ਮਹਿਸੂਸ ਹੋਈ ਹੈ।
ਇਸ ਮੌਕੇ ਸ਼ਾਈਨ ਗਰੁੱਪ ਵੱਲੋਂ ਉਂਕਾਰ ਨਾਥ, ਅਰੁਣ ਕੁਮਾਰ ਤੇ ਪਵਨ ਸਿੰਘ ਤੋਂ ਇਲਾਵਾ ਉੱਘੇ ਸਮਾਜ ਸੇਵਕ ਪ੍ਰਧਾਨ ਦਲਵਿੰਦਰ ਸਿੰਘ ਤੇਡ਼ਾ, ਸਾਬਕਾ ਸਰਪੰਚ ਸੁਰਜੀਤ ਮਸੀਹ, ਗਿਆਨੀ ਲੱਖਾ ਸਿੰਘ, ਕਾਬਲ ਸਿੰਘ, ਹਰਜਿੰਦਰ ਸਿੰਘ ਗਿੱਲ, ਦਾਰਾ ਸਿੰਘ, ਜਗੀਰ ਸਿੰਘ, ਚੰਨਣ ਸਿੰਘ ਫੌਜੀ, ਬੀਰ ਸਿੰਘ ਭੱਠੇ ਵਾਲੇ, ਮੈਂਬਰ ਗੁਲਜ਼ਾਰ ਸਿੰਘ, ਸੁੱਖਦੇਵ ਸਿੰਘ, ਬਲਕਾਰ ਸਿੰਘ ਤੇ ਮੈਂਬਰ ਜਸਵੰਤ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ। ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਇਸ ਨੇਕ ਕਾਰਜ ਲਈ ਸ਼ਾਈਨ ਗਰੁੱਪ ਦੇ ਮੈਂਬਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ।
