ਲਾਪਤਾ ਪਤਨੀ ਦੀ ਭਾਲ ''ਚ ਗੁੰਮ ਹੋਇਆ ਪੁੱਤ, ਪੁਲਸ ਨੇ ਮਿਲਾਇਆ ਤਾਂ ਨਿਕਲੇ ਪਿਤਾ ਦੀਆਂ ਅੱਖਾਂ ''ਚੋਂ ਹੰਝੂ

04/30/2018 6:35:09 PM

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਲੁਧਿਆਣਾ ਦੇ ਰਹਿਣ ਵਾਲੇ ਹਨੀਸ਼ ਅਲੀ ਸੋਮਵਾਰ ਸਵੇਰੇ ਇਸ ਉਮੀਦ ਨਾਲ ਹੁਸ਼ਿਆਰਪੁਰ ਆਏ ਸਨ ਕਿ ਉਹ ਕਿਸੇ ਤਰ੍ਹਾਂ ਆਪਣੀ ਲਾਪਤਾ ਪਤਨੀ ਦੀ ਭਾਲ ਕਰ ਸਕਣ ਪਰ ਬੱਸ ਸਟੈਂਡ ਉਤਰਦੇ ਹੀ ਆਪਣੇ 6 ਸਾਲ ਦੇ ਬੇਟੇ ਰਹਿਮਤ ਨੂੰ ਵੀ ਖੋਹ ਬੈਠੇ। ਥੋੜ੍ਹੀ ਦੇਰ ਇੱਧਰ-ਉੱਧਰ ਭਟਕਦੇ ਰਹੇ ਤਾਂ ਫਿਰ ਪੁਲਸ ਨੇ ਬਾਲੀਵੁੱਡ ਫਿਲਮ ਵਾਂਗ ਨਾਟਕੀ ਅੰਦਾਜ਼ 'ਚ ਪੁੱਤ ਨਾਲ ਮਿਲਵਾਇਆ। ਪੁੱਤ ਨੂੰ ਦੇਖ ਹਨੀਸ਼ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਏ। ਥਾਣਾ ਸਦਰ 'ਚ ਪੁਲਸ ਨੇ ਪਿਤਾ-ਪੁੱਤ ਨੂੰ ਚਾਹ ਨਾਸ਼ਤਾ ਕਰਵਾ ਕੇ ਲੁਧਿਆਣਾ ਲਈ ਵਿਦਾ ਕੀਤਾ। ਹਨੀਸ਼ ਅਲੀ ਵਾਰ-ਵਾਰ ਥਾਣਾ ਸਦਰ ਪੁਲਸ ਦੀ ਟੀਮ ਨੂੰ ਧੰਨਵਾਦ ਕਰਦੇ ਹੋਏ ਆਪਣੇ ਬੇਟੇ ਨੂੰ ਲੈ ਕੇ ਲੁਧਿਆਣਾ ਵਾਪਸ ਰਵਾਨਾ ਹੋ ਗਏ।
4 ਮਹੀਨੇ ਪਹਿਲਾਂ ਪਤਨੀ ਹੋਈ ਸੀ ਲਾਪਤਾ
ਹਨੀਸ਼ ਨੇ ਪੁਲਸ ਅਤੇ ਮੀਡੀਆ ਨੂੰ ਦੱਸਿਆ ਕਿ ਉਹ ਲੁਧਿਆਣਾ 'ਚ ਮਜ਼ਦੂਰੀ ਕਰਕੇ ਘਰ ਪਰਿਵਾਰ ਚਲਾਉਂਦਾ ਹੈ। ਉਸ ਦੀ ਪਤਨੀ 4 ਮਹੀਨੇ ਪਹਿਲਾਂ ਅਚਾਨਕ ਲਾਪਤਾ ਹੋ ਗਈ ਤਾਂ ਸਾਰੇ ਪਰੇਸ਼ਾਨ ਹੋ ਗਏ। ਕਿਸੇ ਤੋਂ ਪਤਾ ਲੱਗਾ ਹੁਸ਼ਿਆਰਪੁਰ 'ਚ ਉਸ ਨੂੰ ਦੇਖਿਆ ਗਿਆ ਹੈ ਤਾਂ ਉਹ ਸੋਮਵਾਰ ਸਵੇਰੇ ਬੇਟੇ ਰਹਿਮਤ ਅਲੀ ਦੇ ਨਾਲ ਹੁਸ਼ਿਆਰਪੁਰ ਬੱਸ ਸਟੈਂਡ 'ਤੇ ਬੱਸ ਤੋਂ ਉਤਰਦੇ ਹੀ ਚਾਹ ਦੇ ਖੋਖੇ 'ਤੇ ਚਾਹ ਪੀਣ ਲੱਗਾ। ਇਸ ਤੋਂ ਬਾਅਦ ਬੇਟੇ ਨੂੰ ਇਥੇ ਰੁੱਕਣ ਨੂੰ ਕਹਿ ਕੇ ਉਹ ਬੱਸ ਸਟੈਂਡ ਦੇ ਨੇੜੇ ਗਲੀਆਂ 'ਚ ਪਤਨੀ ਦੀ ਤਲਾਸ਼ ਲਈ ਨਿਕਲ ਗਿਆ। ਕਰੀਬ ਅੱਧੇ ਘੰਟੇ ਬਾਅਦ ਵਾਪਸ ਆਇਆ ਤਾਂ ਰਹਿਮਤ ਅਲੀ ਖੋਖੇ 'ਤੇ ਨਹੀਂ ਸੀ। ਪਰੇਸ਼ਾਨੀ ਦੇ ਨਾਲ ਉਹ ਪਤਨੀ ਦੀ ਭਾਲ ਕਰਦੇ ਪੁੱਤ ਦੀ ਵੀ ਭਾਲ ਕਰਨ ਲੱਗਾ। ਇਸ ਤੋਂ ਬਾਅਦ ਪੁਲਸ ਨੇ 3 ਘੰਟਿਆਂ ਦੇ ਅੰਦਰ ਰਹਿਮਤ ਅਲੀ ਦੇ ਨਾਲ ਮਿਲਵਾਇਆ। 
ਚੰਡੀਗੜ੍ਹ ਰੋਡ ਤੋਂ ਬਰਾਮਦ ਹੋਇਆ ਬੱਚਾ 
ਇਸੇ ਦੌਰਾਨ ਚੰਡੀਗੜ੍ਹ ਰੋਡ 'ਤੇ ਥਾਣਾ ਸਦਰ 'ਚ ਤਾਇਨਾਤ ਏ. ਐੱਸ. ਆਈ. ਸਤਨਾਮ ਸਿੰਘ ਅਤੇ ਏ. ਐੱਸ. ਆਈ. ਜਸਵੀਰ ਸਿੰਘ ਅਤੇ ਜਗਦੀਸ਼ ਲਾਲ ਗਸ਼ਤ 'ਤੇ ਨਿਕਲੇ ਤਾਂ ਉਨ੍ਹਾਂ ਨੇ ਡੀ. ਏ. ਵੀ. ਕਾਲਜ ਦੇ ਕੋਲ ਪੀਰ ਬਾਬਾ ਦਰਗਾਹ 'ਤੇ ਰੋਂਦੇ ਹੋਏ ਬੱਚੇ ਨੂੰ ਦੇਖਿਆ। ਗੱਡੀ ਰੋਕ ਕੇ ਜਦੋਂ ਉਨ੍ਹਾਂ ਨੇ ਬੱਚੇ ਤੋਂ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਲਾਪਤਾ ਹੋਏ ਪਿਤਾ ਦੀ ਭਾਲ ਕਰ ਰਿਹਾ ਹੈ। ਜਦੋਂ ਬੱਚੇ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਬੱਸ 'ਤੇ ਹੁਸ਼ਿਆਰਪੁਰ ਆਇਆ ਸੀ ਤਾਂ ਪੁਲਸ ਟੀਮ ਰਹਿਮਤ ਅਲੀ ਨੂੰ ਬੱਸ ਸਟੈਂਡ ਵੱਲ ਲੈ ਕੇ ਆਉਣ ਲੱਗੀ। ਇਸੇ ਦੌਰਾਨ ਰਸਤੇ 'ਚ ਗਵਰਨਮੈਂਟ ਕਾਲਜ ਚੌਕ 'ਤੇ ਰਹਿਮਤ ਦੀ ਤਲਾਸ਼ 'ਚ ਭਟਕਦੇ ਪਿਤਾ ਨੇ ਦੇਖ ਕੇ ਆਵਾਜ਼ ਲਗਾਈ ਤਾਂ ਫਿਰ ਪੁਲਸ ਨੇ ਬੇਟੇ ਨੂੰ ਪਿਤਾ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਪਿਤਾ ਪੁੱਤ ਨੂੰ ਚਾਹ-ਪਾਣੀ ਪਿਲਾ ਕੇ ਦੁਪਹਿਰ ਬਾਅਦ ਲੁਧਿਆਣਆ ਰਵਾਨਾ ਕੀਤਾ।


Related News