ਮੋਰਿੰਡਾ ਪੁਲਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਪਤੀ-ਪਤਨੀ ਕਾਬੂ
Saturday, Jun 22, 2024 - 06:38 PM (IST)

ਮੋਰਿੰਡਾ (ਧੀਮਾਨ) : ਮੋਰਿੰਡਾ ਪੁਲਸ ਵੱਲੋਂ ਉਪ ਕਪਤਾਨ ਪੁਲਸ ਸਬ ਡਵੀਜਨ ਮੋਰਿੰਡਾ ਗੁਰਦੀਪ ਸਿੰਘ ਸੰਧੂ ਦੀ ਨਿਗਰਾਨੀ ਹੇਠ ਨਸ਼ਿਆਂ ਤੇ ਹੋਰਨਾਂ ਵੱਧ ਰਹੀਆਂ ਵਾਰਦਾਤਾਂ ਖਿਲਾਫ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਇਕ ਪਤੀ ਪਤਨੀ ਨੂੰ 10 ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਡੀਐੱਸਪੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਰਗਰਮੀਆਂ ''ਤੇ ਕਾਬੂ ਪਾਉਣ ਅਤੇ ਅਮਨ ਕਾਨੂੰਨ ਕਾਇਮ ਰੱਖਣ ਲਈ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਨਾ ਦੀਆਂ ਹਦਾਇਤਾਂ ਅਨੁਸਾਰ ਥਾਣਾ ਸ਼ਹਿਰੀ ਮੋਰਿੰਡਾ ਦੇ ਏ.ਐੱਸ.ਆਈ. ਮਨਜੀਤ ਸਿੰਘ ਦੀ ਪੁਲਸ ਪਾਰਟੀ ਵੱਲੋਂ ਮੋਰਿੰਡਾ-ਚੁੰਨੀ ਸੜਕ ਉਪਰ ਨਾਕੇਬੰਦੀ ਤੇ ਗਸ਼ਤ ਕੀਤੀ ਜਾ ਰਹੀ ਸੀ।
ਇਸ ਦੌਰਾਨ ਜਦੋਂ ਪੁਲਸ ਪਾਰਟੀ ਦਰਪਣ ਇਨਕਲੇਵ ਨੇੜੇ ਅੰਡਰ ਬ੍ਰਿਜ ਕੋਲ ਪਹੁੰਚੀ ਤਾਂ ਦਰਪਣ ਇਨਕਲੇਵ ਵਿਚੋਂ ਇਕ ਵਿਅਕਤੀ ਅਤੇ ਔਰਤ ਐਕਟਿਵਾ 'ਤੇ ਮੋਰਿੰਡਾ ਵੱਲ ਨੂੰ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਐਕਟਿਵਾ ਚਾਲਕ ਪੁਲਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ੍ਹ ਵਿਚੋਂ ਪਲਾਸਟਿਕ ਦਾ ਲਿਫਾਫਾ ਸੁੱਟ ਕੇ ਭੱਜਣ ਲੱਗਾ। ਜਿਸ ਨੂੰ ਪੁਲਸ ਪਾਰਟੀ ਦੀ ਸਹਾਇਤਾ ਨਾਲ ਕਾਬੂ ਕਰਕੇ ਜਦੋਂ ਉਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿੱਚੋਂ 10 ਨਸ਼ੀਲੇ ਟੀਕੇ ਪੈਂਟਜੋਸਿਨ ਲੈਕਟੇਟ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੇ ਆਪਣੀ ਪਹਿਚਾਣ ਰੋਹਿਤ ਮੱਟੂ ਪੁੱਤਰ ਪੀਟਰ ਕੁਮਾਰ ਅਤੇ ਪਿੱਛੇ ਬੈਠੀ ਔਰਤ ਵੱਲੋਂ ਗਗਨਦੀਪ ਕੌਰ ਪਤਨੀ ਰੋਹਿਤ ਮੱਟੂ ਨਿਵਾਸੀ ਮੋਰਿੰਡਾ (ਜ਼ਿਲ੍ਹਾ ਰੂਪਨਗਰ) ਵਜੋਂ ਦੱਸੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਪਤੀ-ਪਤਨੀ ਰੋਹਿਤ ਮੱਟੂ ਅਤੇ ਗਗਨਦੀਪ ਕੌਰ ਵਿਰੁੱਧ ਵਿਰੁਧ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 22/ 61/85 ਅਧੀਨ ਮੁਕੱਦਮਾ ਨੰਬਰ 59 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।