ਲਾਪਤਾ ਪੁੱਤਰ ਨੂੰ ਯੂਕਰੇਨ ਤੋਂ ਵਾਪਸ ਲਿਆਉਣ ਲਈ ਪਰਿਵਾਰ ਨੇ ਕੀਤੀ ਸਰਕਾਰ ਨੂੰ ਫਰਿਆਦ

Thursday, Sep 12, 2019 - 12:38 AM (IST)

ਲਾਪਤਾ ਪੁੱਤਰ ਨੂੰ ਯੂਕਰੇਨ ਤੋਂ ਵਾਪਸ ਲਿਆਉਣ ਲਈ ਪਰਿਵਾਰ ਨੇ ਕੀਤੀ ਸਰਕਾਰ ਨੂੰ ਫਰਿਆਦ

ਭੋਗਪੁਰ,(ਸੂਰੀ): ਏਜੰਟਾਂ ਦੀ ਠੱਗੀ ਦਾ ਸ਼ਿਕਾਰ ਪਰਿਵਾਰ ਨੇ ਯੂਕਰੇਨ 'ਚ ਫਸੇ ਆਪਣੇ ਪੁੱਤਰ ਨੂੰ ਵਾਪਸ ਲਿਆਉਣ ਲਈ ਸਰਕਾਰ ਨੂੰ ਫਰਿਆਦ ਕੀਤੀ ਹੈ। ਇਸ ਸਬੰਧੀ ਯੂਕਰੇਨ 'ਚ ਏਜੰਟਾਂ ਵੱਲੋਂ ਲਾਪਤਾ ਕੀਤੇ ਗਏ ਮਨਪ੍ਰੀਤ ਸਿੰਘ ਦੇ ਪਿਤਾ ਬਲਦੇਵ ਸਿੰਘ, ਮਾਤਾ ਜਸਵੀਰ ਕੌਰ, ਭਰਾ ਹਰਜਿੰਦਰ ਸਿੰਘ, ਰਮਨਦੀਪ ਕੌਰ ਤੇ ਸੰਦੀਪ ਕੌਰ (ਦੋਨੋਂ ਭੈਣਾਂ) ਨੇ 'ਜਗ ਬਾਣੀ' ਨੂੰ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਰਹਿਣ ਵਾਲੇ ਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਲਾਲਚ ਦਿੱਤਾ ਸੀ ਕਿ ਉਹ ਮਨਪ੍ਰੀਤ ਸਿੰਘ ਨੂੰ ਆਸਟਰੀਆ ਭੇਜ ਦੇਣ ਤਾਂ ਜੋ ਘਰ ਦੀ ਗਰੀਬੀ ਖਤਮ ਹੋ ਸਕੇ। ਰਜਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਸਾਲੇ ਏਜੰਟੀ ਦਾ ਕੰਮ ਕਰਦੇ ਹਨ, ਉਹ ਮਨਪ੍ਰੀਤ ਨੂੰ ਜਲਦ ਤੇ ਘੱਟ ਪੈਸਿਆਂ ਵਿਚ ਆਸਟਰੀਆ ਭੇਜ ਦੇਣਗੇ। ਰਜਿੰਦਰ ਸਿੰਘ ਨੇ ਆਪਣੇ ਦੋਨੋਂ ਸਾਲੇ ਪਲਵਿੰਦਰ ਸਿੰਘ ਭਿੰਦਾ ਤੇ ਮਨਜੀਤ ਸਿੰਘ ਨੂੰ ਆਪਣੇ ਘਰ ਬੁਲਾ ਕੇ ਮਨਪ੍ਰੀਤ ਨੂੰ ਆਸਟਰੀਆ ਭੇਜਣ ਲਈ ਬਲਦੇਵ ਸਿੰਘ ਨਾਲ ਸਾਢੇ ਨੌਂ ਲੱਖ ਵਿਚ ਸੌਦਾ ਤੈਅ ਕੀਤਾ ਸੀ।

ਇਨ੍ਹਾਂ ਤਿੰਨਾਂ ਏਜੰਟਾਂ ਨੇ ਪੌਣੇ ਪੰਜ ਲੱਖ ਰੁਪਏ ਬਲਦੇਵ ਸਿੰਘ ਤੋਂ ਲੈ ਕੇ ਮਈ 2018 ਵਿਚ ਮਨਪ੍ਰੀਤ ਨੂੰ ਵਿਦੇਸ਼ ਲਈ ਰਵਾਨਾ ਕਰ ਦਿੱਤਾ। ਏਜੰਟਾਂ ਨੇ ਉਸ ਨੂੰ ਆਸਟਰੀਆ ਦੀ ਬਜਾਏ ਯੂਕਰੇਨ ਵਿਚ ਰੋਕ ਲਿਆ ਅਤੇ ਬਲਦੇਵ ਸਿੰਘ ਤੋਂ ਬਾਕੀ ਪੌਣੇ ਪੰਜ ਲੱਖ ਰੁਪਏ ਦੀ ਮੰਗ ਕੀਤੀ। ਮਨਪ੍ਰੀਤ ਨੂੰ ਏਜੰਟਾਂ ਦੇ ਕਬਜ਼ੇ 'ਚੋਂ ਆਜ਼ਾਦ ਕਰਵਾ ਕੇ ਆਸਟਰੀਆ ਭੇਜਣ ਲਈ ਬਲਦੇਵ ਸਿੰਘ ਨੇ ਏਜੰਟਾਂ ਨੂੰ ਬਾਕੀ ਰਹਿੰਦੇ ਪੌਣੇ ਪੰਜ ਲੱਖ ਵੀ ਦੇ ਦਿੱਤੇ। ਏਜੰਟਾਂ ਨੇ ਫਿਰ ਵੀ ਮਨਪ੍ਰੀਤ ਨੂੰ ਆਸਟਰੀਆ ਨਾ ਭੇਜਿਆ ਤੇ ਪਰਿਵਾਰ ਤੋਂ ਤਿੰਨ ਲੱਖ ਰੁਪਏ ਹੋਰ ਦੇਣ ਦੀ ਮੰਗ ਕਰ ਦਿੱਤੀ। ਏਜੰਟਾਂ ਨੇ ਪੂਰਾ ਪੈਸੇ ਲੈ ਕੇ ਵੀ ਮਨਪ੍ਰੀਤ ਨੂੰ ਯੂਕਰੇਨ ਵਿਚ ਲਾਪਤਾ ਕਰ ਦਿੱਤਾ ਹੈ। ਡੇਢ ਸਾਲ ਦੇ ਕਰੀਬ ਸਮਾਂ ਬੀਤਣ ਤੋਂ ਬਾਅਦ ਵੀ ਮਨਪ੍ਰੀਤ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਉਚ ਪੁਲਸ ਅਫਸਰਾਂ ਤੇ ਪੰਜਾਬ ਸਰਕਾਰ ਤੋਂ ਮਨਪ੍ਰੀਤ ਨੂੰ ਵਾਪਸ ਭਾਰਤ ਲਿਆਉਣ, ਏਜੰਟਾਂ ਨੂੰ ਜਲਦ ਗ੍ਰਿਫਤਾਰ ਕਰਨ ਅਤੇ ਏਜੰਟਾਂ ਵੱਲੋਂ ਠੱਗੀ ਮਾਰ ਕੇ ਲਈ ਗਈ ਸਾਢੇ ਨੌਂ ਲੱਖ ਦੀ ਕਰਮ ਵਾਪਸ ਕਰਵਾਏ ਜਾਣ ਦੀ ਮੰਗ ਕੀਤੀ ਹੈ ਮਨਪ੍ਰੀਤ ਦੇ ਯੂਕਰੇਨ ਵਿਚ ਲਾਪਤਾ ਹੋ ਜਾਣ ਕਾਰਨ ਪਰਿਵਾਰ ਦਾ ਹਾਲ ਬੇਹੱਦ ਖਰਾਬ ਹੈ।


Related News