6 ਸਾਲਾਂ ਦੌਰਾਨ ਪੰਜਾਬ ''ਚੋਂ ਲਾਪਤਾ ਹੋਏ 1491 ਬੱਚਿਆਂ ਦਾ ਨਹੀਂ ਲੱਗਾ ਕੋਈ ਥਹੁ-ਪਤਾ

Wednesday, Feb 12, 2020 - 11:14 AM (IST)

6 ਸਾਲਾਂ ਦੌਰਾਨ ਪੰਜਾਬ ''ਚੋਂ ਲਾਪਤਾ ਹੋਏ 1491 ਬੱਚਿਆਂ ਦਾ ਨਹੀਂ ਲੱਗਾ ਕੋਈ ਥਹੁ-ਪਤਾ

ਮੋਗਾ (ਗੋਪੀ ਰਾਊਕੇ): ਪੰਜਾਬ 'ਚ ਅਜਿਹੇ ਸੈਂਕੜੇ ਮਾਪੇ ਹਨ, ਜਿਨ੍ਹਾਂ ਦੇ ਜਿਗਰ ਦੇ ਟੁਕੜੇ ਗੁਆਚੇ ਹਨ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਪਣੇ ਬੱਚਿਆਂ ਦਾ 'ਖੁਰਾ-ਖੋਜ' ਲੱਭਣ ਲਈ ਮਾਪੇ 'ਸਰਕਾਰੇ-ਦਰਬਾਰੇ' ਦੇ ਅਨੇਕਾਂ ਚੱਕਰ ਕੱਟ ਕੇ 'ਹੰਭ' ਗਏ ਹਨ ਪਰ ਉਨ੍ਹਾਂ ਦੇ ਜਿਗਰ ਦੇ ਟੁਕੜਿਆਂ ਦਾ ਕੋਈ ਥਹੁ-ਪਤਾ ਨਹੀਂ। ਪੰਜਾਬ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਸਹੀ ਜਾਣਕਾਰੀ ਇਕੱਤਰ ਕਰਨ ਲਈ ਆਰ. ਟੀ. ਆਈ. ਐਕਟੀਵਿਸਟ ਰੋਹਿਤ ਸੱਭਰਵਾਲ ਵੱਲੋਂ ਜਾਣਕਾਰੀ ਮੰਗੀ ਗਈ ਤਾਂ ਜਿਹੜੇ ਅੰਕੜੇ ਪ੍ਰਾਪਤ ਹੋਏ ਹਨ ਉਨ੍ਹਾਂ 'ਚ ਪਤਾ ਲੱਗਾ ਕਿ 2013 ਤੋਂ 2018 ਤੱਕ ਸੂਬੇ 'ਚੋਂ ਕੁੱਲ 8432 ਬੱਚੇ ਗੁੰਮ ਹੋਏ, ਜਿਨ੍ਹਾਂ 'ਚੋਂ 6941 ਬੱਚੇ ਤਾਂ ਮਿਲ ਗਏ, ਜਦਕਿ ਹਾਲੇ ਵੀ 1491 ਬੱਚੇ ਗੁੰਮ ਹਨ, ਜਿਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ।'ਜਗ ਬਾਣੀ' ਵੱਲੋਂ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਲਾਪਤਾ ਹੋਏ ਬੱਚਿਆਂ 'ਚੋਂ ਜਿਨ੍ਹਾਂ ਦੀ ਭਾਲ ਨਹੀਂ ਹੋ ਸਕੀ, ਉਨ੍ਹਾਂ 'ਚ ਮੋਗਾ ਜ਼ਿਲੇ ਦੇ 13 ਬੱਚੇ ਵੀ ਸ਼ਾਮਲ ਹਨ।

ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ : ਰੋਹਿਤ ਸੱਭਰਵਾਲ
ਮਾਮਲੇ ਨੂੰ ਬੇਪਰਦ ਕਰਨ ਲਈ ਮੁੱਖ ਭੂਮਿਕਾ ਨਿਭਾਉਣ ਵਾਲੇ ਆਰ. ਟੀ. ਆਈ. ਐਕਟੀਵਿਸਟ ਰੋਹਿਤ ਸੱਭਰਵਾਲ ਦਾ ਕਹਿਣਾ ਸੀ ਕਿ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਇਸ ਮਾਮਲੇ 'ਤੇ ਕਮਿਸ਼ਨ ਦਾ ਗਠਨ ਵੀ ਹੈ ਪਰ ਫਿਰ ਵੀ ਲਾਪਤਾ ਬੱਚਿਆਂ ਦੀ ਭਾਲ ਨਹੀਂ ਹੋ ਰਹੀ। ਮਾਣਯੋਗ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਜੇਕਰ 4 ਮਹੀਨੇ ਤੱਕ ਕਿਸੇ ਗੁੰਮਸ਼ੁਦਾ ਦੀ ਭਾਲ ਨਹੀਂ ਹੁੰਦੀ ਤਾਂ ਇਸ ਦੀ ਸੂਚਨਾ ਵੀ ਕਮਿਸ਼ਨ ਨੂੰ ਦੇਣੀ ਜ਼ਰੂਰੀ ਬਣਦੀ ਹੈ। ਉਨ੍ਹਾਂ ਬੱਚਿਆਂ ਦੀ ਖਰੀਦੋ-ਫਰੋਖਤ ਹੋਣ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਇਸ ਮਾਮਲੇ ਦੀ ਸਹੀ ਪੜਤਾਲ ਹੋਵੇ ਤਾਂ ਹੈਰਾਨੀਜਨਕ ਖੁਲਾਸੇ ਹੋ ਸਕਦੇ ਹਨ।

ਅੰਕੜੇ ਹੋਰ ਵਧਣ ਦੀ ਸੰਭਾਵਨਾ
ਇਸ ਮਾਮਲੇ 'ਚ ਪਤਾ ਲੱਗਾ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਸੂਬੇ ਦੇ 1491 ਬੱਚੇ 6 ਸਾਲਾਂ ਤੋਂ ਲੱਭ ਨਹੀਂ ਰਹੇ, ਜਦਕਿ ਜੋ ਗਰੀਬ ਜਾਂ ਲਾਵਾਰਿਸ ਬੱਚੇ ਲਾਪਤਾ ਹੋਏ ਹਨ, ਜਿਨ੍ਹਾਂ ਦੀ ਪੁਲਸ ਰਿਪੋਰਟ ਦਰਜ ਨਹੀਂ ਹੋ ਸਕੀ ਉਨ੍ਹਾਂ ਨੂੰ ਮਿਲਾ ਕੇ ਅੰਕੜੇ ਹੋਰ ਵਧਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਜਦੋਂ ਪੁਲਸ ਪ੍ਰਸ਼ਾਸਨ ਦਾ ਪੱਖ ਲੈਣ ਲਈ ਜ਼ਿਲਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ ਦੇ ਪੀ. ਐੱਸ. ਓ. ਨੇ ਕਿਹਾ ਕਿ ਸਾਹਿਬ ਬਿਜ਼ੀ ਹਨ।


author

Shyna

Content Editor

Related News