ਸ਼ਰਾਰਤੀਆਂ ਨੇ ਲਾਈ ਅੱਗ, 8 ਝੁੱਗੀਆਂ ਸੜ ਕੇ ਸੁਆਹ

04/17/2021 2:29:27 AM

ਲੁਧਿਆਣਾ (ਜ.ਬ.)-ਜੱਸੀਆਂ ਇਲਾਕੇ ਦੇ ਰੇਲਵੇ ਲਾਈਨ ਕੋਲ ਬੀਤੇ ਦਿਨ ਦੀ ਦਰਮਿਆਨੀ ਰਾਤ ਨੂੰ ਅੱਗ ਲੱਗਣ ਨਾਲ 8 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਪਲਾਂ ’ਚ ਝੁੱਗੀਆਂ ਵਿਚ ਰੱਖਿਆ ਸਾਮਾਨ, ਕੱਪੜੇ, ਫਰਨੀਚਰ ਅਤੇ ਯੰਤਰ ਸੜ ਗਏ। ਇਸ ਘਟਨਾ ਵਿਚ ਕਿਸੇ ਦਾ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਘਟਨਾ ਰਾਤ ਇਕ ਵਜੇ ਦੇ ਆਸ-ਪਾਸ ਦੀ ਹੈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਦੀਆਂ 3 ਗੱਡੀਆਂ ਮੌਕੇ ’ਤੇ ਪੁੱਜੀਆਂ। ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਰਾਤ ਢਾਈ ਵਜੇ ਅੱਗ ’ਤੇ ਕਾਬੂ ਪਾਇਆ ਗਿਆ, ਜਿਸ ਵਿਚ ਇਕ ਦੁਕਾਨ ਵੀ ਸੜ ਗਈ।

PunjabKesari

ਇਹ ਵੀ ਪੜ੍ਹੋ- ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫਲਤਾ, ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਪੁਲਸ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਲਾਕੇ ਦੇ ਇਕ ਬਜ਼ੁਰਗ ਨੂਰ ਮੁਹੰਮਦ ਦੇ ਦਾਅਵੇ ਮੁਤਾਬਕ ਉਸ ਨੇ 2 ਵਿਅਕਤੀਆਂ ਨੂੰ ਅੱਗ ਲਗਾਉਂਦੇ ਹੋਏ ਦੇਖਿਆ। ਜੋ ਘਟਨਾ ਨੂੰ ਅੰਜ਼ਾਮ ਦੇ ਕੇ ਰੇਲਵੇ ਲਾਈਨਾਂ ਪਾਰ ਕਰ ਕੇ ਸਲੇਮ ਟਾਬਰੀ ਵੱਲ ਫਰਾਰ ਹੋ ਗਏ। ਉਸ ਨੇ ਦਾਅਵਾ ਕੀਤਾ ਕਿ ਇਹ ਉਸੇ ਬਦਮਾਸ਼ ਦੀ ਕਰਤੂਤ ਹੈ, ਜਿਸ ਨੂੰ ਕੁਝ ਦਿਨ ਪਹਿਲਾਂ ਝੁੱਗੀਆਂ ਤੋਂ ਮੋਬਾਇਲ ਚੋਰੀ ਕਰਦੇ ਰੰਗੇ ਹੱਥੀਂ ਫੜਿਆ ਸੀ ਅਤੇ ਉਸ ਦੀ ਜਮ ਕੇ ਛਿੱਤਰ-ਪਰੇਡ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਸੀ। ਉਸ ਵੱਲੋਂ ਜਲਦ ਹੀ ਬੇਇੱਜ਼ਤੀ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਉਸ ਨੇ ਦੱਸਿਆ ਕਿ ਉਹ ਬਦਮਾਸ਼ ਬਿੰਦਰਾ ਕਾਲੋਨੀ ਦਾ ਰਹਿਣ ਵਾਲਾ ਹੈ।
ਪੁਲਸ ਮੁਤਾਬਕ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਹੈ ਜਾਂ ਇਸ ਦੇ ਪਿੱਛੇ ਕਿਸੇ ਦੀ ਸ਼ਰਾਰਤ ਹੈ, ਇਸ ਦੀ ਜਾਂਚ ਕਰੇਗੀ। ਫਿਲਹਾਲ ਪੁਲਸ ਕੋਲ ਇਸ ਦੀ ਕੋਈ ਸ਼ਿਕਾਇਤ ਨਹੀਂ ਆਈ।

PunjabKesari
ਸਿਲੰਡਰ ਫਟਣ ਨਾਲ ਭੜਕੀ ਅੱਗ
ਲੋਕਾਂ ਨੇ ਦੱਸਿਆ ਕਿ ਇਸ ਦੌਰਾਨ ਗੈਸ ਸਿਲੰਡਰ ਫਟ ਜਾਣ ਕਾਰਨ ਅੱਗ ਜ਼ਿਆਦਾ ਭੜਕ ਗਈ, ਜਿਸ ਨੇ ਦੇਖਦੇ ਹੀ ਦੇਖਦੇ 8 ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਗਿਆ। ਸਿਲੰਡਰ ਫਟਣ ਕਾਰਨ ਸਾਰੇ ਜਾਨ ਬਚਾਉਣ ਲਈ ਇਧਰ-ਉਧਰ ਭੱਜ ਖੜ੍ਹੇ ਹੋਏ ਅਤੇ ਬੇਵੱਸ ਹੋ ਕੇ ਝੁੱਗੀਆਂ ਨੂੰ ਸੜਦੇ ਦੇਖਦੇ ਰਹੇ।
20,000 ਦੀ ਨਕਦੀ ਸਮੇਤ ਸੜ ਗਿਆ ਸਾਰਾ ਸਾਮਾਨ
ਸਫਾਈ ਦਾ ਕੰਮ ਕਰਨ ਵਾਲੇ ਕਮਲ ਰਾਮ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਉਸ ਦੀਆਂ ਦੋਵੇਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਜਾਨ ਬਚਾਉਣ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਹੋਰ ਨਹੀਂ ਸੁੱਝਿਆ। ਉਸ ਨੇ ਦੱਸਿਆ ਕਿ ਅੱਗ ’ਚ ਉਸ ਵੱਲੋਂ ਜਮ੍ਹਾ ਕੀਤੀ ਗਈ ਪੂੰਜੀ 20,000 ਰੁਪਏ ਦੀ ਨਕਦੀ ਅਤੇ ਸਾਰਾ ਸਾਮਾਨ ਸੜ ਗਿਆ।

PunjabKesari
ਕੁਝ ਨਹੀਂ ਬਚਿਆ
ਸਿਲਾਈ ਦਾ ਕੰਮ ਕਰਨ ਵਾਲੇ ਕਰਣ, ਕਬਾੜੀਏ ਬੁੱਧ ਰਾਮ, ਕਾਮਤੂ, ਸੂਰਜ ਪ੍ਰਕਾਸ਼, ਮੀਟ ਦੀ ਦੁਕਾਨ ਕਰਨ ਵਾਲੇ ਅੰਸ਼ੂ ਕੁਰੈਸ਼ੀ ਆਦਿ ਨੇ ਦੱਸਿਆ ਕਿ ਝੁੱਗੀਆਂ ’ਚ ਰੱਖਿਆ ਉਨ੍ਹਾਂ ਦਾ ਸਾਰਾ ਸਾਮਾਨ ਸੜ ਗਿਆ। ਕਰਣ ਨੇ ਦੱਸਿਆ ਕਿ ਪਿੰਡ ਦੀ ਜ਼ਮੀਨ ਦੇ ਕਾਗਜ਼ ਉਸ ਕੋਲ ਸਨ, ਜੋ ਸੜ ਗਏ। ਬਾਕੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਫਰਨੀਚਰ, ਕੱਪੜੇ, ਯੰਤਰ, ਇਲੈਕਟ੍ਰੋਨਿਕ ਆਦਿ ਸਾਰਾ ਸਾਮਾਨ ਸੜ ਗਿਆ ਹੈ।
2 ਘੰਟਿਆਂ ਬਾਅਦ ਪੁੱਜੀ ਪੁਲਸ
ਵਾਰਡ ਨੰ. 94 ਦੀ ਇਕ ਕਾਂਗਰਸੀ ਔਰਤ ਪ੍ਰਧਾਨ ਪ੍ਰੀਤੀ ਸ਼ਰਮਾ ਦਾ ਕਹਿਣਾ ਹੈ ਕਿ ਉਸ ਨੇ ਰਾਤ ਕਰੀਬ ਸਵਾ 1 ਵਜੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਕੁਝ ਦੇਰ ਬਾਅਦ ਪਾਣੀ ਦੀਆਂ ਗੱਡੀਆਂ ਪੁੱਜ ਗਈਆਂ ਪਰ ਜਗਤਪੁਰੀ ਪੁਲਸ ਨੂੰ ਅੱਧਾ ਕਿਲੋਮੀਟਰ ਦਾ ਰਸਤਾ ਤੈਅ ਕਰਨ ’ਚ 2 ਘੰਟੇ ਲੱਗ ਗਏ। ਉਹ ਰਾਤ ਢਾਈ ਵਜੇ ਪੁੱਜੀ ਅਤੇ ਬਾਅਦ ਵਿਚ ਖਾਨਾਪੂਰਤੀ ਕਰ ਕੇ ਚਲੀ ਗਈ, ਜਦੋਂਕਿ ਪੁਲਸ ਨੇ ਉਕਤ ਦੋਸ਼ਾਂ ਨੂੰ ਸਿਰਿਓਂ ਖਾਰਿਜ ਕੀਤਾ ਹੈ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


Sunny Mehra

Content Editor

Related News