ਅੱਠਵੀਂ ’ਚ ਪੜ੍ਹਦੀ ਨਾਬਾਲਗ ਕੁੜੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
Wednesday, Mar 03, 2021 - 01:46 PM (IST)
ਮਾਛੀਵਾਡ਼ਾ ਸਾਹਿਬ (ਟੱਕਰ) : ਇੱਥੋਂ ਦੇ ਨੇੜਲੇ ਪਿੰਡ ਤੱਖਰਾਂ-ਖੋਖਰਾਂ ਵਿਖੇ ਅੱਠਵੀਂ ਜਮਾਤ ’ਚ ਪੜ੍ਹਦੀ ਨਾਬਾਲਗ ਕੁੜੀ ਨੇ ਆਪਣੇ ਘਰ 'ਚ ਹੀ ਪੱਖੇ ਨਾਲ ਗਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕੁੜੀ ਦੇ ਪਿਤਾ ਪਿੰਟੂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਉਹ ਤੇ ਉਸ ਦੀ ਪਤਨੀ ਕੰਮ ’ਤੇ ਚਲੇ ਗਏ। ਪਿੱਛੋਂ ਘਰ 'ਚ ਕੁੜੀ ਇਕੱਲੀ ਸੀ ਅਤੇ ਉਸ ਨੇ ਪੱਖੇ ਨਾਲ ਗਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਜਿਸ ਕਾਰਨ ਉਸ ਦੀ ਲਾਸ਼ ਲਟਕਦੀ ਮਿਲੀ।
ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਕੁੜੀ ਨੇੜਲੇ ਹੀ ਪਿੰਡ ਦੇ ਸਰਕਾਰੀ ਸਕੂਲ ’ਚ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਪਿਛਲੇ 4 ਦਿਨਾਂ ਤੋਂ ਉਹ ਸਕੂਲ ਵੀ ਨਹੀਂ ਜਾ ਰਹੀ ਸੀ। ਪਿਤਾ ਪਿੰਟੂ ਅਨੁਸਾਰ ਜਦੋਂ ਉਸ ਨੂੰ ਸਕੂਲ ਨਾ ਜਾਣ ਬਾਰੇ ਪੁੱਛਿਆ ਤਾਂ ਉਸ ਨੇ ਇਹੀ ਕਿਹਾ ਕਿ 15 ਮਾਰਚ ਤੋਂ ਫਾਈਨਲ ਇਮਤਿਹਾਨ ਸ਼ੁਰੂ ਹੋ ਰਹੇ ਹਨ ਅਤੇ ਉਹ ਉਦੋਂ ਹੀ ਸਕੂਲ ਜਾਵੇਗੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਘਰ ’ਚੋਂ ਕੋਈ ਵੀ ਕੁੜੀ ਵੱਲੋਂ ਲਿਖਿਆ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ, ਜਿਸ ਤੋਂ ਸਪੱਸ਼ਟ ਹੋ ਸਕੇ ਕਿ ਉਸ ਨੇ ਖ਼ੁਦਕੁਸ਼ੀ ਕਿਉਂ ਕੀਤੀ ਅਤੇ ਪਰਿਵਾਰਕ ਮੈਂਬਰ ਵੀ ਹੈਰਾਨ ਹਨ ਕਿ ਕੁੜੀ ਨੂੰ ਅਜਿਹੀ ਕੀ ਪਰੇਸ਼ਾਨੀ ਸੀ ਕਿ ਉਸਨੇ ਗਲ ਫ਼ਾਹਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਵੱਲੋਂ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਨਾਬਾਲਗ ਕੁੜੀ ਨੇ ਖ਼ੁਦਕੁਸ਼ੀ ਕਿਉਂ ਕੀਤੀ।