ਨਾਬਾਲਗਾ ਨੂੰ ਧਮਕਾ ਕੇ ਕੀਤਾ ਜਬਰ-ਜ਼ਿਨਾਹ, ਮੁਲਜ਼ਮ ਕਾਬੂ

07/28/2020 5:50:40 PM

ਲੁਧਿਆਣਾ (ਰਾਜ) : ਕਿਚਲੂ ਨਗਰ ਕੋਠੀਆਂ 'ਚ ਸਫਾਈ ਦਾ ਕੰਮ ਕਰਨ ਵਾਲੀ ਨਾਬਾਲਗਾ ਨੂੰ ਇਕ ਨੌਜਵਾਨ ਬਹਿਕਾ ਕੇ ਕਮਰੇ ਵਿਚ ਲੈ ਗਿਆ ਜਿਥੇ ਜ਼ਬਰਨ ਉਸ ਨਾਲ ਜਬਰ-ਜ਼ਿਨਾਹ ਕੀਤਾ। ਫਿਰ ਉਸਨੂੰ ਧਮਕਾਇਆ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਜਾਨ ਤੋਂ ਮਾਰ ਦੇਵੇਗਾ ਪਰ ਨਾਬਾਲਗਾ ਨੇ ਆਪਣੇ ਘਰ ਪੁੱਜ ਕੇ ਮਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ। ਜਿਸ ਤੋਂ ਬਾਅਦ ਥਾਣਾ ਪੀ. ਏ. ਯੂ ਦੀ ਪੁਲਸ ਨੇ ਮੁਲਜ਼ਮ ਅਜੇ ਕੁਮਾਰ  ਖ਼ਿਲਾਫ਼ ਜਬਰ-ਜ਼ਿਨਾਹ ਦੀ ਧਾਰਾ ਅਧੀਨ ਕੇਸ ਕਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਬੇਟੀ ਕੋਠੀਆਂ ਵਿਚ ਸਾਫ਼ ਸਫ਼ਾਈ ਦਾ ਕੰਮ ਕਰਦੀ ਹੈ। ਗੁਆਂਢ ਵਿਚ ਮਕਾਨ ਦਾ ਨਿਰਮਾਣ ਹੋ ਰਿਹਾ ਹੈ। ਜਿਥੇ ਅਜੇ ਲੇਬਰ ਦਾ ਕੰਮ ਕਰਦਾ ਹੈ।

ਨੌਜਵਾਨ ਦੀ ਉਸਦੀ ਬੇਟੀ ਨਾਲ ਜਾਣ ਪਛਾਣ ਹੋ ਗਈ। ਫਿਰ 25 ਜੁਲਾਈ ਨੂੰ ਮੁਲਜ਼ਮ ਉਸਦੀ ਬੇਟੀ ਨੂੰ ਘੁਮਾਉਣ ਦੀ ਗੱਲ ਕਹਿ ਕੇ ਕਮਰੇ ਵਿਚ ਲੈ ਗਿਆ ਜਿਥੇ ਡਰਾ ਧਮਕਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਕਿਸੇ ਨੂੰ ਕੁਝ ਦੱਸਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪੀੜਦਾ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਉਸਦੀ ਧੀ ਘਰ ਆਈ ਤਾਂ ਉਹ ਕਾਫੀ ਡਰੀ ਹੋਈ ਸੀ। ਜਦੋਂ ਉਸਨੇ ਪੁੱਛਿਆ ਤਾਂ ਬੇਟੀ ਨੇ ਸਾਰੀ ਘਟਨਾ ਬਾਰੇ ਦੱਸਿਆ। ਜਿਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ। ਉਧਰ ਪੁਲਸ ਦਾ ਕਹਿਣਾ ਹੈ ਕਿ ਪੀੜਤਾ ਦਾ ਸਰਕਾਰੀ ਹਸਪਤਾਲ ਵਿਚ ਮੈਡੀਕਲ ਕਰਵਾਇਆ ਜਾ ਰਿਹਾ ਹੈ ਜਦਕਿ ਦੋਸ਼ੀ ਨੂੰ ਫੜ ਲਿਆ ਗਿਆ ਹੈ।


Gurminder Singh

Content Editor

Related News