ਪਠਾਨਕੋਟ ''ਚ ਮਾਂ-ਧੀ ਦੀ ਵੱਡੀ ਹਿੰਮਤ, ਕੰਨਾਂ ਦੀਆਂ ਵਾਲੀਆਂ ਖੋਹ ਕੇ ਭੱਜ ਰਹੇ 2 ਮੁਲਜ਼ਮ ਫੜੇ
Tuesday, Oct 27, 2026 - 02:43 PM (IST)
ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ): ਪਠਾਨਕੋਟ 'ਚ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਰਹੇ ਤਿੰਨ ਨੌਜਵਾਨਾਂ ਵਿੱਚੋਂ ਦੋ ਨੂੰ ਇੱਕ ਮਾਂ ਅਤੇ ਉਸ ਦੀ ਧੀ ਨੇ ਰਾਹਗੀਰਾਂ ਦੀ ਮਦਦ ਨਾਲ ਕਾਬੂ ਕਰ ਲਿਆ। ਘਟਨਾ ਦੌਰਾਨ ਮਾਂ ਦੇ ਕੰਨਾਂ ਵਿੱਚੋਂ ਵਾਲੀਆਂ ਖੋਹਣ ਕਾਰਨ ਉਹ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਈ, ਪਰ ਧੀ ਨੇ ਹਿੰਮਤ ਦਿਖਾਉਂਦਿਆਂ ਮੁਲਜ਼ਮਾਂ ਦਾ ਪਿੱਛਾ ਕੀਤਾ। ਲੋਕਾਂ ਨੇ ਵੀ ਮਾਂ-ਧੀ ਦਾ ਸਾਥ ਦਿੰਦਿਆਂ ਦੋ ਨੌਜਵਾਨਾਂ ਨੂੰ ਫੜ ਲਿਆ, ਜਦਕਿ ਤੀਜਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ। ਬਾਅਦ ਵਿੱਚ ਫੜੇ ਗਏ ਦੋਵਾਂ ਨੌਜਵਾਨਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਤੇ ਇੱਟਾਂ-ਰੋੜਿਆਂ ਨਾਲ ਹਮਲਾ, 2 ਮੁਲਾਜ਼ਮ ਲਹੂ-ਲੁਹਾਣ
ਦੰਦਾਂ ਦੀ ਜਾਂਚ ਲਈ ਜਾ ਰਹੀਆਂ ਸਨ ਮਾਂ-ਧੀ
ਪ੍ਰਾਪਤ ਜਾਣਕਾਰੀ ਅਨੁਸਾਰ ਪਿਪਲਾਂ ਮੁਹੱਲੇ ਦੀ ਰਹਿਣ ਵਾਲੀ ਸੁਮਨ ਐਤਵਾਰ ਨੂੰ ਆਪਣੀ ਧੀ ਸ਼ਿਲਪਾ ਨਾਲ ਸਕੂਟਰ ’ਤੇ ਦੰਦਾਂ ਦੀ ਜਾਂਚ ਕਰਵਾਉਣ ਲਈ ਆਨੰਦਪੁਰ ਰੋਡ ਸਥਿਤ ਇੱਕ ਕਲੀਨਿਕ ਵੱਲ ਜਾ ਰਹੀ ਸੀ। ਰਸਤੇ ਵਿੱਚ ਉਨ੍ਹਾਂ ਨੇ ਆਪਣੀ ਮਾਸੀ ਨੂੰ ਕਰਵਾ ਚੌਥ ਦੇ ਵਰਤ ਨਾਲ ਸਬੰਧਤ ਕੁਝ ਸਾਮਾਨ ਵੀ ਦੇਣਾ ਸੀ। ਜਦੋਂ ਉਹ ਆਨੰਦਪੁਰ ਰੋਡ ’ਤੇ ਪਹੁੰਚੀਆਂ ਤਾਂ ਤਿੰਨ ਨੌਜਵਾਨਾਂ ਨੇ ਕਥਿਤ ਤੌਰ ’ਤੇ ਸੁਮਨ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਅਚਾਨਕ ਹੋਈ ਇਸ ਘਟਨਾ ਕਾਰਨ ਸੁਮਨ ਘਬਰਾ ਗਈ ਅਤੇ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ: ਅੰਮ੍ਰਿਤਸਰ 'ਚ GYM 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਧੀ ਨੇ ਰੌਲਾ ਪਾ ਕੇ ਲੋਕਾਂ ਦੀ ਮਦਦ ਨਾਲ ਫੜੇ ਮੁਲਜ਼ਮ
ਮਾਂ ਨਾਲ ਵਾਪਰੀ ਘਟਨਾ ਤੋਂ ਬਾਅਦ ਸ਼ਿਲਪਾ ਨੇ ਹਿੰਮਤ ਦਿਖਾਈ ਅਤੇ ਭੱਜ ਰਹੇ ਮੁਲਜ਼ਮਾਂ ਦਾ ਪਿੱਛਾ ਕਰਦਿਆਂ ਰੌਲਾ ਪਾ ਦਿੱਤਾ। ਇਸ ਦੌਰਾਨ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਵੀ ਉਸ ਦੀ ਮਦਦ ਕੀਤੀ ਅਤੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ। ਦੱਸਿਆ ਜਾਂਦਾ ਹੈ ਕਿ ਪਿੱਛਾ ਕੀਤੇ ਜਾਣ ਦੌਰਾਨ ਇੱਕ ਨੌਜਵਾਨ ਉੱਚੀ-ਉੱਚੀ ਰੋਣ ਲੱਗ ਪਿਆ, ਜਦਕਿ ਦੂਜੇ ਨੇ ਕਥਿਤ ਤੌਰ ’ਤੇ ਵਾਰਦਾਤ ਵਿੱਚ ਸ਼ਾਮਲ ਹੋਣ ਦੀ ਗੱਲ ਮੰਨ ਲਈ।
ਇਹ ਵੀ ਪੜ੍ਹੋ-ਪੰਜਾਬ; 50 ਲੱਖ ਦੀ ਫਿਰੌਤੀ ਨਾ ਦੇਣ 'ਤੇ ਦੁਕਾਨ 'ਤੇ ਚਲਾਈਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ
ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਪੁੱਛਗਿੱਛ ਕਰਨ ਦੌਰਾਨ ਇੱਕ ਮੁਲਜ਼ਮ ਨੇ ਆਪਣੇ ਅੰਡਰਗਾਰਮੈਂਟ ਵਿੱਚ ਲੁਕਾਈ ਹੋਈ ਸੋਨੇ ਦੀ ਵਾਲੀ ਵੀ ਕੱਢ ਕੇ ਦੇ ਦਿੱਤੀ। ਤਲਾਸ਼ੀ ਦੌਰਾਨ ਦੋਵੇਂ ਵਾਲੀਆਂ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਲੋਕਾਂ ਨੇ ਦੋਵਾਂ ਮੁਲਜ਼ਮਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਕਤਲ ਕਾਂਡ ਮਾਮਲਾ: ਮਾਨਸਾ ਦੇ ਵਪਾਰੀਆਂ ਨੇ ਐਕਸ਼ਨ ਕਮੇਟੀ ਕੋਲੋਂ ਕਰ'ਤੀ ਵੱਡੀ ਮੰਗ
ਇਕ ਮੁਲਜ਼ਮ ਨਾਬਾਲਗ, ਪੁਲਸ ਵੱਲੋਂ ਮਾਮਲਾ ਦਰਜ
ਮਾਮਲੇ ਦੇ ਜਾਂਚ ਅਧਿਕਾਰੀ ਬਲਵੀਰ ਸਿੰਘ ਅਨੁਸਾਰ ਫੜੇ ਗਏ ਦੋ ਨੌਜਵਾਨਾਂ ਵਿੱਚੋਂ ਇੱਕ ਨਾਬਾਲਗ ਹੈ, ਜਦਕਿ ਦੂਜੇ ਦੀ ਪਛਾਣ ਗੌਤਮ ਵਜੋਂ ਹੋਈ ਹੈ। ਦੋਵੇਂ ਸੁੰਦਰ ਨਗਰ ਦੇ ਰਹਿਣ ਵਾਲੇ ਦੱਸੇ ਗਏ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਹੋਣ ਦੀ ਜਾਣਕਾਰੀ ਹੈ ਅਤੇ ਇਸ ਸਬੰਧੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
