ਜਬਰ-ਜ਼ਨਾਹ ਤੋਂ ਬਾਅਦ ਨਾਬਾਲਗ ਕੁੜੀ ਨੂੰ ਕਤਲ ਕਰਨ ਦੀ ਕੋਸ਼ਿਸ਼
Saturday, May 16, 2020 - 07:37 PM (IST)
ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸਥਾਨਕ ਸ਼ਹਿਰ 'ਚ ਇਕ 12 ਸਾਲਾਂ ਦੀ ਨਾਬਾਲਗ ਲੜਕੀ ਨਾਲ ਉਸ ਦੇ ਘਰ 'ਚ ਹੀ ਰਹਿੰਦੇ ਇਕ ਨੌਜਵਾਨ ਨੇ ਬਲਾਤਕਾਰ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਮਕਾਨ ਮਾਲਕ ਦੇ ਆਉਣ ਨਾਲ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਉਧਰ ਪੁਲਸ ਵੱਲੋਂ ਮੁਲਜ਼ਮ ਲੜਕੇ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ 5-6 ਸਾਲ ਪਹਿਲਾਂ ਇਕ ਨੌਜਵਾਨ ਉਨ੍ਹਾਂ ਨੂੰ ਇਕ ਧਾਰਮਿਕ ਸਥਾਨ 'ਤੇ ਮਿਲਿਆ ਜੋ ਆਪਣੇ ਆਪ ਨੂੰ ਅਨਾਥ ਦੱਸਦਾ ਸੀ ਅਤੇ ਉਹ ਉਸ ਨੂੰ ਆਪਣੇ ਘਰ ਲਿਆਏ ਅਤੇ ਅੱਜ ਸਵੇਰੇ ਉਸ ਨੇ ਉਨ੍ਹਾਂ ਦੀ 12 ਸਾਲਾ ਲੜਕੀ ਦੇ ਹੱਥ ਬੰਨ੍ਹ ਕੇ ਬਲਾਤਕਾਰ ਕੀਤਾ ਅਤੇ ਉਸ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਉੱਥੇ ਮਕਾਨ ਮਾਲਕ ਦੇ ਆਉਣ ਨਾਲ ਉਹ ਉਥੋਂ ਭੱਜ ਗਿਆ ਜਿਸ ਤੋਂ ਬਾਅਦ ਪੀੜਤ ਲੜਕੀ ਦਾ ਮੈਡੀਕਲ ਸਥਾਨਕ ਸਿਵਲ ਹਸਪਤਾਲ ਵਿਚ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੁਲਸ ਵੱਲੋਂ ਉਕਤ ਲੜਕੇ 'ਤੇ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਸਥਾਨਕ ਸਿਵਲ ਹਸਪਤਾਲ ਵਿਚ ਪੁਲਸ ਦੇ ਕਈ ਅਧਿਕਾਰੀ ਡੀ. ਐੱਸ. ਪੀ. ਸੰਗਰੂਰ ਭਰਪੂਰ ਸਿੰਘ, ਡੀ.ਐੱਸ.ਪੀ ਸੁਖਵਿੰਦਰ ਪਾਲ ਸਿੰਘ, ਸੀ.ਆਈ.ਏ ਇੰਚਾਰਜ ਸਤਨਾਮ ਸਿੰਘ, ਥਾਣਾ ਮੁਖੀ ਜਤਿੰਦਰਪਾਲ ਸਿੰਘ ਆਦਿ ਮੌਜੂਦ ਸੀ।