ਨਾਬਾਲਗ ਲੜਕੀ ਦੇ ਵਿਵਾਦਗ੍ਰਸਤ ਵਿਆਹ ਦੇ ਮਾਮਲੇ ''ਚ ਪਰਿਵਾਰ ਦੇ 8 ਮੈਂਬਰਾਂ ਦੇ ਖਿਲਾਫ ਕੇਸ ਦਰਜ

11/18/2017 1:59:25 PM

ਪਟਿਆਲਾ — ਇਥੇ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਨੀਆ 'ਚ ਇਕ 15 ਸਾਲਾ ਨਾਬਾਲਗ ਲੜਕੀ ਦਾ ਵਿਵਾਦਗ੍ਰਸਤ ਵਿਆਹ ਕਰਨ ਦੇ ਮਾਮਲੇ 'ਚ ਪੁਲਸ ਵਲੋਂ 8 ਲੋਕਾਂ ਖਿਲਾਫ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਕਤ ਲੜਕੀ ਸਰਕਾਰੀ ਸਕੂਲ 'ਚ ਨੌਂਵੀ ਜਮਾਤ ਦੀ ਵਿਦਿਆਰਥਣ ਹੈ, ਜੋ ਚੰਡੀਗੜ੍ਹ ਦੀ ਵਸਨੀਕ ਹੈ। ਪੁਲਸ ਮੁਤਾਬਕ ਲੜਕੀ ਦੀ ਮਾਤਾ ਦਾ ਦਿਹਾਂਤ ਕਾਫੀ ਸਮਾਂ ਪਹਿਲਾਂ ਹੋ ਚੁੱਕਾ ਸੀ ਤੇ ਉਸ ਦਾ ਪਿਤਾ ਤੇ ਭਰਾ ਲੜਕੀ ਦਾ ਵਿਆਹ ਜਲਦ ਕਰਨਾ ਚਾਹੁੰਦੇ ਸਨ।
ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਦਾਦੇ ਨੇ ਨਾਬਾਲਗ ਲੜਕੀ ਦੇ ਵਿਆਹ ਕਰਵਾਉਣ ਸੰਬੰਧੀ ਸ਼ਿਕਾਇਤ 14 ਨਵੰਬਰ ਨੂੰ ਚੰਡੀਗੜ੍ਹ ਪੁਲਸ ਕੋਲ ਦਰਜ ਕਰਵਾਈ ਸੀ, ਜਿਨ੍ਹਾਂ ਵਲੋਂ ਫਤਿਗੜ੍ਹ ਸਾਹਿਬ ਦੇ ਡੀ. ਸੀ. ਪੀ. ਤੇ ਸਥਾਨਕ ਪੁਲਸ ਨਾਲ ਸੰਪਰਕ ਸਾਧਿਆ ਗਿਆ।
ਜ਼ਿਲਾ ਪੁਲਸ ਨੇ 15 ਨਵੰਬਰ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਜਲਦੀ ਕਾਰਵਾਈ ਕਰਦਿਆਂ ਮੈਰਿਜ ਪੈਲੇਸਾਂ ਦੀ ਜਾਂਚ ਕੀਤੀ, ਕਿਉਂਕਿ ਲੜਕੀ ਦੇ ਦਾਦਾ ਨਿਰਮਲ ਸਿੰਘ ਨੇ ਦਾਅਵਾ ਕੀਤਾ ਸੀ ਲੜਕੀ ਦਾ ਜ਼ਬਰਦਸਤੀ ਵਿਆਹ ਕਰਵਾਇਆ ਜਾ ਰਿਹਾ ਹੈ ਤੇ ਉਸ ਦੇ ਵਿਰੋਧ ਕਰਨ ਦੀ ਵਜ੍ਹਾ ਨਾਲ ਉਸ ਨੂੰ ਸਮਾਗਮ ਦੀ ਜਗ੍ਹਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪੁਲਸ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਮੈਰਿਜ ਪੈਲਸਾਂ 'ਚ ਜਾਂਚ ਸ਼ੁਰੂ ਕਰ ਦਿੱਤੀ ਤੇ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ 'ਚ ਵੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਸਥਾਨਕ ਗੁਰਦੁਆਰਾ ਸਾਹਿਬ 'ਚ ਲੜਕੀ ਦਾ ਵਿਆਹ ਸਮਾਗਮ ਚਲ ਰਿਹਾ ਸੀ, ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਰੀਬ 8 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ 'ਚ ਲੜਕੀ ਦਾ ਪਿਤਾ ਗੁਰਮੀਤ ਸਿੰਘ ਤੇ ਉਸ ਦੀ ਮਤਰੇਈ ਮਾਂ ਨੰਦੂ ਵੀ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਪੁਲਸ ਨੇ ਲੜਕੀ ਦੀ ਦਾਦੀ ਸ਼ਾਂਤੀ ਦੇਵੀ ਤੇ ਹੋਰਨਾਂ ਰਿਸ਼ਤੇਦਾਰਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। 
ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਵਿਆਹ ਐੱਨ. ਆਰ. ਆਈ. ਲੜਕੇ ਨਾਲ ਕੀਤਾ ਜਾ ਰਿਹਾ ਸੀ ਜੋ ਕਿ ਦੁਬਈ ਤੋਂ ਆਇਆ ਸੀ। ਪੁਲਸ ਨੇ ਨਾਬਾਲਗ ਲੜਕੀ ਦੇ ਦਾਦੇ ਦੀ ਸ਼ਿਕਾਇਤ 'ਤੇ ਬਾਲ ਵਿਆਹ ਐਕਟ 2006 ਦੀ ਧਾਰਾ 11 ਤੇ ਆਈ. ਪੀ. ਸੀ. ਅਧੀਨ ਅਪਰਾਧਿਕ ਸਾਜਿਸ਼ ਰਚਣ ਕਾਰਨ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਨਾਬਾਲਗ ਲੜਕੀ ਕੋਲੋਂ ਜਦੋਂ ਡੀ. ਸੀ. ਪੀ. ਓ. ਹਰਭਜਨ ਸਿੰਘ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਵਿਆਹ ਜ਼ਬਰਦਸਤੀ ਨਹੀਂ ਕੀਤਾ ਜਾ ਰਿਹਾ, ਉਸ ਨੇ ਜ਼ਬਰਨ ਵਿਆਹ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਆਪਣੇ ਦਾਦੇ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਕਿ ਉਹ ਆਪਣੇ ਦਾਦੇ ਨਾਲ ਅਸੁਰੱਖਿਅਤ ਮਹਿਸੂਸ ਕਰਦੀ ਹੈ ਕਿਉਂਕਿ ਜਦੋਂ ਉਹ ਤਿੰਨ ਸਾਲ ਦੀ ਸੀ ਤਾਂ ਉਸ ਦੇ ਦਾਦੇ ਨੇ ਉਸ ਦੀ ਮਾਂ ਦਾ ਕਤਲ ਕਰ ਦਿੱਤਾ ਸੀ। 
ਇਸ ਸੰਬੰਧੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਦੋਸ਼ੀ ਪਾਏ ਗਏ ਪਰਿਵਾਰਕ ਮੈਂਬਰਾਂ ਤੋਂ ਇਹ ਭਰੋਸਾ ਲਿਆ ਗਿਆ ਹੈ ਕਿ ਜਦੋਂ ਤਕ ਲੜਕੀ 18 ਸਾਲਾ ਦੀ ਨਹੀਂ ਹੋ ਜਾਂਦੀ ਉਦੋਂ ਤਕ ਲੜਕੀ ਨੂੰ ਉਸ ਦੇ ਪਤੀ ਕੋਲ ਨਹੀਂ ਭੇਜਿਆ ਜਾਵੇਗਾ ਤੇ ਉਸ ਦੀ ਪੜ੍ਹਾਈ ਜਾਰੀ ਰੱਖੀ ਜਾਵੇਗੀ ਤੇ ਉਦੋਂ ਤਕ ਇਹ ਸਾਰਾ ਮਾਮਲਾ ਪੁਲਸ ਦੀ ਜਾਂਚ ਅਧੀਨ ਰੱਖਿਆ ਜਾਵੇਗਾ।


Related News