ਸਹਿਕਾਰਤਾ ਮੰਤਰੀ ਨੇ ਚੁੱਕੇ ਹੈਡ ਗ੍ਰੰਥੀ ਦੀ ਨਿਯੁਕਤੀ 'ਤੇ ਸਵਾਲ
Thursday, Aug 23, 2018 - 09:10 PM (IST)

ਚੰਡੀਗੜ੍ਹ (ਏਜੰਸੀ)- ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਗੁਰਮੁੱਖ ਸਿੰਘ ਨੂੰ ਹੈੱਡ ਗ੍ਰੰਥੀ ਲਗਾਉਣ 'ਤੇ ਸਵਾਲ ਖੜ੍ਹੇ ਕਰ ਦਿੱਤੇ। ਉਨ੍ਹਾਂ ਲਿਖਿਆ ਕਿ ਸਿੱਖ ਸੰਗਤ ਜਾਨਣਾ ਚਾਹੁੰਦੀ ਹੈ ਕਿ ਅਜਿਹੀ ਕਿਹੜੀ ਮਜਬੂਰੀ ਸੀ ਕਿ ਰਾਤੋ-ਰਾਤ ਗੁਰਮੁੱਖ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ ਲਾਉਣ ਦਾ ਫੈਸਲਾ ਕਰਨਾ ਪੈ ਗਿਆ।
ਸਹਿਕਾਰਤਾ ਮੰਤਰੀ ਨੇ ਲਿਖਿਆ ਕਿ ਜਥੇਦਾਰ ਸਾਹਿਬ ਤੁਸੀਂ ਜਿਸ ਮਹਾਨ ਤਖਤ 'ਤੇ ਜਥੇਦਾਰ ਸਾਹਿਬ ਦੀ ਪਦਵੀ 'ਤੇ ਬਿਰਾਜਮਾਨ ਹੋ, ਇਹ ਸਿੱਖ ਜਗਤ ਦਾ ਸਰਬ-ਉੱਚ ਅਸਥਾਨ ਹੈ, ਜਿਹੜਾ ਦੁਨੀਆ ਦੇ ਸਭ ਤਾਜਾਂ ਤੋਂ ਉੱਚਾ ਹੈ। ਤੁਸੀਂ ਹੀ ਇਸ ਗੰਭੀਰ ਮਾਮਲੇ 'ਤੇ ਫੈਸਲਾ ਦਿਓ ਕਿ ਗਿ. ਗੁਰਮੁੱਖ ਸਿੰਘ ਦੇ ਪਿਛਲੇ ਬਿਆਨ ਸੱਚੇ ਹਨ। ਹੁਣ ਤੁਸੀਂ ਹੀ ਸਪੱਸ਼ਟ ਕਰੋ ਕਿ ਇਸ ਘਟਨਾ ਤੋਂ ਕੀ ਸੰਕੇਤ ਮਿਲਦੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓ, ਬਹਿਸਾਂ ਚਲਦੀਆਂ ਅਤੇ ਅਲੋਚਨਾ ਹੁੰਦੀ ਦਾ ਢੁੱਕਵਾਂ ਜਵਾਬ ਆਪ ਜੀ ਵਲੋਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇਣਾ ਹੀ ਢੁੱਕਵਾਂ, ਫੈਸਲਾਕੁੰਨ ਅਤੇ ਸਭ ਦੇ ਹਿੱਤ ਵਿਚ ਹੋਵੇਗਾ।
ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਬਾਅਦ ਗਵਾਹ ਬਣੇ ਹਿੰਮਤ ਸਿੰਘ ਦੇ ਖੁਲਾਸੇ ਤੋਂ ਬਾਅਦ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਵੀ ਨਿਸ਼ਾਨਾ ਸਾਧਿਆ ਗਿਆ ਸੀ ਕਿ ਉਨ੍ਹਾਂ ਦੇ ਕਹਿਣ 'ਤੇ ਹੀ ਦਬਾਅ ਤਹਿਤ ਬਾਦਲਾਂ ਖਿਲਾਫ ਗਵਾਹੀ ਦੇਣ ਦਾ ਹੁਕਮ ਦਿੱਤਾ ਗਿਆ ਸੀ। ਜਿਸਦੇ ਚਲਦੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥਏਦਾਰ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਲਿਖੀ ਹੈ।