ਸਿਹਤ ਮੰਤਰੀ ਵਲੋਂ ਸਰਕਾਰੀ ਹਸਪਤਾਲ ਮੋਰਿੰਡਾ ਦੀ ਚੈਕਿੰਗ

07/29/2019 8:07:39 PM

ਮੋਰਿੰਡਾ,(ਅਰਨੌਲੀ/ਖੁਰਾਣਾ): ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਅਚਨਚੇਤ ਸਰਕਾਰੀ ਹਸਪਤਾਲ ਮੋਰਿੰਡਾ ਦਾ ਦੌਰਾ ਕਰ ਕੇ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਸਿਹਤ ਮੰਤਰੀ ਬਣਨ ਉਪਰੰਤ ਸਿੱਧੂ ਵਲੋਂ ਇਸ ਹਸਪਤਾਲ ਦਾ ਇਹ ਪਹਿਲਾ ਦੌਰਾ ਹੈ। ਇਸ ਮੌਕੇ ਐੱਸ. ਐੱਮ. ਓ. ਹਰਮਿੰਦਰ ਸਿੰਘ ਤੇ ਸਟਾਫ ਮੈਂਬਰਾਂ ਨੇ ਸਿਹਤ ਮੰਤਰੀ ਸਿੱਧੂ ਨੂੰ ਦੱਸਿਆ ਕਿ ਹਸਪਤਾਲ ਵਿਚ ਡਾਕਟਰਾਂ ਤੇ ਦਵਾਈਆਂ ਦੀ ਕਮੀ ਹੈ, ਜਿਸ ਕਾਰਣ ਮਰੀਜ਼ਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਤੋਂ ਮਰੀਜ਼ ਅੱਗੇ ਰੈਫਰ ਕਰਨ ਲਈ ਐਂਬੂਲੈਂਸ ਦੀ ਵੀ ਸਹੂਲਤ ਨਹੀਂ ਹੈ ਕਿਉਂਕਿ ਹਸਪਤਾਲ ਵਿਖੇ 2 ਐਂਬੂਲੈਂਸਾਂ ਪਿਛਲੇ ਲੰਮੇ ਸਮੇਂ ਤੋਂ ਖਰਾਬ ਖੜ੍ਹੀਆਂ ਹਨ। ਉਨ੍ਹਾਂ ਹਸਪਤਾਲ ਵਿਖੇ ਅਲਟ੍ਰਾਸਾਊਂਡ ਮਸ਼ੀਨ ਤੇ ਜਨਰੇਟਰ ਦਾ ਪ੍ਰਬੰਧ ਨਾ ਹੋਣ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਹਸਪਤਾਲ ਵਿਚ ਅਲਟ੍ਰਾਸਾਊਂਡ ਮਸ਼ੀਨ, ਐਂਬੂਲੈਂਸ ਤੇ ਜਰਨੇਟਰ ਦਾ ਪ੍ਰਬੰਧ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਵਲੋਂ ਕੀਤਾ ਜਾ ਰਿਹਾ ਹੈ, ਜਦਕਿ ਐਨਸਥੀਸੀਆ (ਆਪ੍ਰੇਸ਼ਨ ਸਮੇਂ ਮਰੀਜ਼ ਨੂੰ ਬੇਹੋਸ਼ ਕਰਨ ਵਾਲਾ) ਤੇ ਐਮਰਜੈਂਸੀ ਮੈਡੀਕਲ ਡਾਕਟਰ ਦੀ ਜਲਦੀ ਤਾਇਨਾਤੀ ਵਿਭਾਗ ਵਲੋਂ ਕੀਤੀ ਜਾਵੇਗੀ।
ਸਰਕਾਰੀ ਹਸਪਤਾਲ ਦਾ ਦੌਰਾ ਕਰਨ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡਾਕਟਰੀ ਸਟਾਫ ਨਾਲ ਗੱਲਬਾਤ ਕੀਤੀ ਤੇ ਓ. ਪੀ. ਡੀ. ਦਾ ਦੌਰਾ ਕਰ ਕੇ ਵਾਪਸ ਚਲੇ ਗਏ ਪਰ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਨੂੰ ਨਹੀਂ ਮਿਲੇ। ਇਸ ਮੌਕੇ ਦਾਖਲ ਮਰੀਜ਼ ਆਸੀਆ ਪਤਨੀ ਸਦੀਕ ਮੁਹੰਮਦ, ਸਰਬਜੀਤ ਕੌਰ, ਇੰਦਰਜੀਤ ਕੌਰ, ਰਾਮ ਗੋਪਾਲ, ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਬੰਗੀਆਂ ਨੇ ਦੱਸਿਆ ਕਿ ਸਿਹਤ ਮੰਤਰੀ ਨੂੰ ਮਰੀਜ਼ਾਂ ਨੂੰ ਮਿਲਣਾ ਚਾਹੀਦਾ ਸੀ ਕਿਉਂਕਿ ਹਸਪਤਾਲ ਵਿਖੇ ਮਰੀਜ਼ਾਂ ਦੀ ਦੇਖਭਾਲ ਦਾ ਮਾੜਾ ਹਾਲ ਹੈ ਅਤੇ ਦਵਾਈਆਂ ਦੀ ਬਹੁਤ ਕਮੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 2-3 ਘੰਟੇ ਤੋਂ ਬਿਜਲੀ ਨਹੀਂ ਹੈ, ਜਿਸ ਕਾਰਣ ਮਰੀਜ ਖਾਸਕਰ ਜਨਾਨਾ ਵਾਰਡ 'ਚ ਨਵਜਨਮੇ ਬੱਚਿਆਂ ਤੇ ਔਰਤਾਂ ਨੂੰ ਬਹੁਤ ਪ੍ਰੇਸ਼ਾਨੀ ਪੇਸ਼ ਆ ਰਹੀ ਹੈ।

ਐੱਸ. ਐੱਮ. ਓ. ਨੂੰ ਮਰੀਜ਼ਾਂ ਦਾ ਚੈੱਕਅਪ ਕਰਨ ਦੇ ਹੁਕਮ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ ਦੀਆਂ ਕਮੀਆਂ ਸਬੰਧੀ ਅਖਬਾਰਾਂ ਵਿਚ ਪ੍ਰਕਾਸ਼ਿਤ ਖਬਰਾਂ ਤੋਂ ਬਾਅਦ ਅੱਜ ਹਸਪਤਾਲ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਹਸਪਤਾਲ ਦੇ ਐੱਸ. ਐੱਮ. ਓ. ਨੂੰ ਨਿਰਦੇਸ਼ ਦਿੱਤੇ ਕਿ ਹਸਪਤਾਲ ਵਿਚ ਡਾਕਟਰਾਂ ਦੀ ਕਮੀ ਕਾਰਣ ਉਹ ਮਰੀਜ਼ਾਂ ਦਾ ਚੈੱਕਅਪ ਵੀ ਕਰਿਆ ਕਰਨ, ਤਾਂ ਜੋ ਮਰੀਜ਼ਾਂ ਨੂੰ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਹਸਪਤਾਲ ਵਿਚ ਲੋੜੀਂਦੀਆਂ ਦਵਾਈਆਂ ਖਾਸਕਰ ਪੈਰਾਸੀਟਾਮੋਲ ਦਵਾਈ ਦੀ ਕਮੀ 'ਤੇ ਚਿੰਤਾ ਪ੍ਰਗਟਾਈ ਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸਿਆਸੀ ਸਕੱਤਰ ਹਰਕੇਸ਼ ਚੰਦ ਮੱਛਲੀਕਲਾਂ, ਐੱਸ. ਐੱਮ. ਓ. ਹਰਮਿੰਦਰ ਸਿੰਘ ਸਮੇਤ ਡਾਕਟਰੀ ਸਟਾਫ ਹਾਜ਼ਰ ਸਨ।


Related News