ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਨੇ ਜਲੰਧਰ ਸ਼ਹਿਰ ''ਚ ਸਫ਼ਾਈ ਮੁਹਿੰਮਾਂ ਦਾ ਲਿਆ ਜਾਇਜ਼ਾ, ਆਖੀ ਇਹ ਗੱਲ
Sunday, Sep 24, 2023 - 11:53 AM (IST)
ਜਲੰਧਰ (ਧਵਨ)–ਪੰਜਾਬ ਦੇ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਨੇ ਸ਼ਨੀਵਾਰ ਸ਼ਹਿਰ ਵਿਚ ਚੱਲ ਰਹੀਆਂ ਸਫ਼ਾਈ ਮੁਹਿੰਮਾਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਸੂਬੇ ਦੇ ਸ਼ਹਿਰਾਂ ਵਿਚ ਸਫ਼ਾਈ ਵਿਵਸਥਾ ਨੂੰ ਹੋਰ ਜ਼ਿਆਦਾ ਪੁਖ਼ਤਾ ਬਣਾਇਆ ਜਾਵੇਗਾ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਠੋਸ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰਾਂ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣਾ ਪੰਜਾਬ ਸਰਕਾਰ ਦੀ ਪਹਿਲ ਹੈ, ਜਿਸ ਦੇ ਲਈ ਨਗਰ ਨਿਗਮਾਂ/ਪ੍ਰੀਸ਼ਦਾਂ ਨੂੰ ਮਸ਼ੀਨਰੀ ਆਦਿ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਹੋਰ ਜ਼ਿਆਦਾ ਕੂੜਾ ਪ੍ਰੋਸੈਸਿੰਗ ਪਲਾਂਟ ਲਾਏ ਜਾਣਗੇ ਤਾਂ ਜੋ ਸ਼ਹਿਰਾਂ ਨੂੰ ਕੂੜੇ ਦੇ ਢੇਰ ਤੋਂ ਮੁਕਤੀ ਮਿਲ ਸਕੇ।
ਕੈਬਨਿਟ ਮੰਤਰੀ ਨੇ ਇਥੇ ਚੁਗਿੱਟੀ ਬਾਈਪਾਸ ’ਤੇ ਨਗਰ ਨਿਗਮ ਕਮਿਸ਼ਨਰ ਰਿਸ਼ੀਪਾਲ ਸਿੰਘ ਸਮੇਤ ਨਿਗਮ ਦੇ ਹੋਰ ਅਧਿਕਾਰੀਆਂ ਨਾਲ ਕੂੜੇ ਦੇ ਢੇਰ ਨੂੰ ਹਟਾਉਣ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਕੂੜੇ ਦੇ ਢੇਰਾਂ ਨੂੰ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਛੇਤੀ ਹੀ ਰਾਹਤ ਮਿਲ ਸਕੇ। ਇਸ ਤੋਂ ਪਹਿਲਾਂ ਨਗਰ ਨਿਗਮ ਦਫ਼ਤਰ ਵਿਚ ਨਗਰ ਨਿਗਮ ਅਧਿਕਾਰੀਆਂ ਨਾਲ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਹਿਰ ਵਿਚ ਸਾਫ਼-ਸਫ਼ਾਈ, ਸੜਕਾਂ ਦੇ ਨੇੜੇ-ਤੇੜੇ ਸਫ਼ਾਈ, ਪਾਰਕਾਂ ਦੀ ਸਫ਼ਾਈ, ਕੂੜੇ ਨੂੰ ਨਿਯਮਿਤ ਢੰਗ ਨਾਲ ਚੁੱਕਣਾ ਯਕੀਨੀ ਬਣਾਉਣ ਲਈ ਸਰਗਰਮ ਰੂਪ ਨਾਲ ਕੰਮ ਕਰਨ।
ਇਹ ਵੀ ਪੜ੍ਹੋ- ‘ਬਾਹਰਲੇ’ ਲੋਕਾਂ ਦੀ ਐਂਟਰੀ ’ਤੇ ਭਾਜਪਾ ’ਚ ਹੋ-ਹੱਲਾ, ਟਕਸਾਲੀ ਨੇਤਾਵਾਂ ਦੀ ਬੈਠਕ ’ਚ ਪਾਰਟੀ ਦੇ ਰਵੱਈਏ ’ਤੇ ਸਵਾਲ
ਲੋਕਲ ਬਾਡੀ ਮੰਤਰੀ ਨੇ ਸ਼ਹਿਰ ਵਿਚ ਨਗਰ ਨਿਗਮ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੇ ਨਵੇਂ ਪੱਧਰ ਦੀ ਜਾਣਕਾਰੀ ਲੈਂਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਦੀ ਦੇਖ-ਰੇਖ ਵਿਚ ਹੋਣ ਵਾਲੇ ਵਿਕਾਸ ਕੰਮ ਪੂਰੀ ਗੁਣਵੱਤਾ ਨਾਲ ਸਮੇਂ ’ਤੇ ਕਰਵਾਏ ਜਾਣ। ਮੰਤਰੀ ਨੇ ਸੜਕਾਂ ਦੀ ਹਾਲਤ ਸੁਧਾਰਨ ਲਈ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਵਾਰ ਮੀਂਹ ਕਾਰਨ ਸੜਕਾਂ ਖ਼ਰਾਬ ਹੋਈਆਂ ਹਨ, ਜਿਨ੍ਹਾਂ ਨੂੰ ਗੁਣਵੱਤਾ ਦਾ ਧਿਆਨ ਰੱਖਦੇ ਹੋਏ ਤੇਜ਼ੀ ਨਾਲ ਨਿਰਮਾਣ ਕਰਵਾਇਆ ਜਾਵੇ, ਜਿਸ ਨਾਲ ਲੋਕਾਂ ਨੂੰ ਆਵਾਜਾਈ ਵਿਚ ਸੌਖ ਹੋਵੇ।
ਇਸ ਦੌਰਾਨ ਉਨ੍ਹਾਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਬੈਠਕ ਦੌਰਾਨ ਜਲ ਸੋਧਨ ਪਲਾਂਟ ਦੇ ਚੱਲ ਰਹੇ ਕੰਮ ਦੀ ਤਰੱਕੀ ਦੀ ਵੀ ਸਮੀਖਿਆ ਕੀਤੀ। ਕੈਬਨਿਟ ਮੰਤਰੀ ਨੇ ਸ਼ਹਿਰਾਂ ਵਿਚ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਲੋਕਾਂ ਨਾਲ ਸਹਿਯੋਗ ਵੀ ਮੰਗਿਆ। ਇਸ ਮੌਕੇ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਸ਼ਿਖਾ ਭਗਤ, ਜੁਆਇੰਟ ਕਮਿਸ਼ਨਰ ਨਗਰ ਨਿਗਮ ਪੁਨੀਤ ਸ਼ਰਮਾ ਅਤੇ ਨਗਰ ਨਿਗਮ ਜਲੰਧਰ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ- ਰੈਸਟੋਰੈਂਟਾਂ ਤੋਂ 22 ਲੱਖ ਲੋਕਾਂ ਦਾ ਡਾਟਾ ਹੈਕ, ਵੇਰਵਾ ਚੋਰੀ ਕਰਨ ਮਗਰੋਂ ਆਨਲਾਈਨ ਸੇਲ ਸ਼ੁਰੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ