ਮਾਈਨਿੰਗ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਛੋਟੇ ਵਾਹਨ ਚਾਲਕਾਂ ਖਿਲਾਫ ਕੇਸ ਦਰਜ ਕਰਕੇ ਸਾਰ ਰਿਹਾ ਬੁੱਤਾ
Monday, Mar 12, 2018 - 12:55 PM (IST)

ਅਜਨਾਲਾ (ਰਮਨਦੀਪ) - ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਵਾਈ ਸਰਵੇਖਣ ਦੌਰਾਨ ਸਤਲੁਜ ਦਰਿਆ ਵਿਚ ਹੋ ਰੇਤ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਨੂੰ ਕੀਤੇ ਹਵਾਈ ਹੁਕਮ ਹਵਾਈ ਹੀ ਸਾਬਿਤ ਹੋ ਰਹੇ ਹਨ, ਜਿਸ ਦੀ ਮਿਸਾਲ ਸਰਹੱਦੀ ਤਹਿਸੀਲ ਅਜਨਾਲਾ ਅੰਦਰ ਵੱਖ-ਵੱਖ ਜਗ੍ਹਾ 'ਤੇ ਹੋ ਰਹੀ ਰੇਤ ਦੀ ਨਾਜਾਇਜ਼ ਮਾਇਨਿੰਗ ਤੋਂ ਮਿਲਦੀ ਹੈ। ਭਾਵੇਂ ਕਿ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵਲੋਂ ਰੇਤ ਦੀ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਲਈ ਟੀਮਾਂ ਬਣਾਉਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ ਪਰ ਰੇਤ ਮਾਫੀਆ ਪ੍ਰਸ਼ਾਸਨ 'ਤੇ ਇਸ ਕਦਰ ਭਾਰੀ ਹੋ ਚੁੱਕਾ ਹੈ ਤੇ ਉਹ ਸਿਵਲ ਤੇ ਪੁਲਸ ਪ੍ਰਸ਼ਾਸਨ ਦੀ ਕੋਈ ਪ੍ਰਵਾਹ ਕਰਦਾ ਨਜ਼ਰ ਨਹੀਂ ਆ ਰਿਹਾ। ਮਾਈਨਿੰਗ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਵਲੋਂ ਵੀ ਰੇਤ ਮਾਫੀਏ ਦੇ ਵੱਡੇ ਮਗਰਮੱਛਾਂ ਨੂੰ ਕਾਬੂ ਕਰਨ ਦੀ ਬਜਾਏ ਛੋਟੇ ਵਾਹਨ ਚਾਲਕਾਂ ਨੂੰ ਹੀ ਕਾਬੂ ਕਰਕੇ ਬੁੱਤਾ ਸਾਰਦਾ ਨਜ਼ਰ ਆ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਥਾਣਾ ਅਜਨਾਲਾ ਤੋਂ ਮਿਲਦੀ ਹੈ ਜਿੱਥੇ ਮਾਈਨਿੰਗ ਅਧਿਕਾਰੀ ਦੀ ਸ਼ਿਕਾਇਤ 'ਤੇ ਪੁਲਸ ਵਲੋਂ ਇਕ ਬਲੈਰੋ ਗੱਡੀ ਦੇ ਚਾਲਕ ਖਿਲਾਫ ਨਾਜਾਇਜ਼ ਮਾਈਨਿੰਗ ਕਰਕੇ ਰੇਤ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਮੁਖੀ ਇੰਸਪੈਕਟਰ ਪਰਮਵੀਰ ਸਿੰਘ ਸੈਣੀ ਨੇ ਦੱਸਿਆ ਕਿ ਬਲਾਕ ਅਜਨਾਲਾ ਦੇ ਮਾਈਨਿੰਗ ਅਧਿਕਾਰੀ ਪ੍ਰਸ਼ੋਤਮ ਕੁਮਾਰ ਨੇ ਪੁਲਸ ਨੂੰ ਲਿਖਤੀ ਦਰਖਾਸਤ ਵਿਚ ਦੱਸਿਆ ਕਿ ਇਕ ਬਲੈਰੋ ਪਿਕਅੱਪ ਨੰਬਰ ਪੀ. ਬੀ 02 ਸੀ.ਸੀ 8545 ਦਾ ਚਾਲਕ ਰੇਤ ਦੀ ਨਾਜਾਇਜ਼ ਮਾਈਨਿੰਗ ਕਰਕੇ ਰੇਤ ਵੇਚਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ੋਤਮ ਕੁਮਾਰ ਦੀ ਦਰਖਾਸਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਗੱਡੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਥੇ ਦੱਸਣਯੋਗ ਹੈ ਕਿ ਅਜਨਾਲਾ ਖੇਤਰ 'ਚ ਰੇਤ ਦੀ ਨਾਜਾਇਜ਼ ਮਾਈਨਿੰਗ ਰਾਤ ਬਰਾਤੇ ਜ਼ੋਰਾਂ ਨਾਲ ਚੱਲ ਰਹੀ ਹੈ ਅਤੇ ਜਦ ਵੀ ਕੋਈ ਅਧਿਕਾਰੀ ਖੱਡਾਂ ਦੀ ਚੈਕਿੰਗ ਕਰਨ ਜਾਂਦਾ ਹੈ ਤਾਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀ ਮਸ਼ੀਨਰੀ ਅਤੇ ਵਾਹਨਾਂ ਸਮੇਤ ਰਫੂਚੱਕਰ ਹੋ ਜਾਂਦੇ ਹਨ।