2 ਦੁਕਾਨਾਂ ਤੇ ਇਕ ਘਰ ''ਚ ਲੱਖਾਂ ਦੀ ਚੋਰੀ
Friday, Oct 06, 2017 - 07:28 AM (IST)

ਲੁਧਿਆਣਾ, (ਮਹੇਸ਼)- ਜ਼ਿਲਾ ਪੁਲਸ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਿਥੇ ਇਕ ਪਾਸੇ ਚੋਰ 2 ਦੁਕਾਨਾਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਕੀਮਤ ਦਾ ਮਾਲ ਚੋਰੀ ਕਰ ਕੇ ਲੈ ਗਏ, ਉਥੇ ਇਕ ਘਰ 'ਤੇ ਹੱਥ ਸਾਫ ਕਰ ਗਏ। ਪੁਲਸ ਨੇ ਤਿੰਨਾਂ ਕੇਸਾਂ 'ਚ ਕੇਸ ਦਰਜ ਕਰ ਕੇ ਅਪਰਾਧੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਹਿਲਾ ਕੇਸ ਬਸਤੀ ਜੋਧੇਵਾਲ ਦਾ ਹੈ, ਜਿੱਥੇ ਟਿੱਬਾ ਰੋਡ ਇਲਾਕੇ ਵਿਚ ਚੋਰ ਇਲੈਕਟ੍ਰੋਨਿਕਸ ਦੀ ਇਕ ਦੁਕਾਨ ਦੇ ਤਾਲੇ ਤੋੜ ਕੇ ਕਰੀਬ 1.50 ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਦੁਕਾਨ ਦੇ ਮਾਲਕ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਸਵੇਰੇ 8 ਵਜੇ ਜਦੋਂ ਉਹ ਦੁਕਾਨ 'ਤੇ ਆਇਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਕਾਫੀ ਸਾਮਾਨ ਗਾਇਬ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਚੋਰ 27,000 ਰੁਪਏ ਦੀ ਨਕਦੀ ਸਮੇਤ ਐੱਲ. ਈ. ਡੀ., 2 ਹੋਮ ਥਿਏਟਰ, ਓਵਨ ਬੈਟਰੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਸਨ। ਉਸ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ।
ਸੂਚਨਾ ਮਿਲਣ 'ਤੇ ਟਿੱਬਾ ਚੌਕੀ ਪੁਲਸ ਘਟਨਾ ਵਾਲੀ ਜਗ੍ਹਾ 'ਤੇ ਪੁੱਜੀ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਹੋ ਸਕੀ। ਅਪਰਾਧੀਆਂ ਦਾ ਸੁਰਾਗ ਲਾਉਣ ਲਈ ਫਿੰਗਰ ਪ੍ਰਿੰਟ ਮਾਹਿਰ ਨੂੰ ਬੁਲਾਇਆ ਗਿਆ। ਰਾਮ ਨੇ ਦੱਸਿਆ ਕਿ ਰਾਤ ਨੂੰ ਘਰ ਜਾਂਦੇ ਸਮੇਂ ਉਹ ਦੁਕਾਨ ਨੂੰ ਚੰਗੀ ਤਰ੍ਹਾਂ ਤਾਲੇ ਲਾ ਕੇ ਗਿਆ ਸੀ। ਚੋਰੀ ਦੀ ਵਾਰਦਾਤ ਵਿਚ ਉਸ ਦਾ 1.50 ਲੱਖ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਕੇਸ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ।
ਦੂਜੇ ਕੇਸ 'ਚ ਚੋਰ ਪਿੰਡ ਦਾਦ ਇਲਾਕੇ ਵਿਚ ਗਾਰਮੈਂਟ ਦੀ ਇਕ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਮਾਲ ਚੋਰੀ ਕਰ ਕੇ ਲੈ ਗਏ। ਇਸਲਾਮ ਗੰਜ ਨਿਵਾਸੀ ਮੁਨੀਸ਼ ਕੁਮਾਰ ਨੇ ਦੱਸਿਆ ਕਿ ਚੋਰ ਪੂਰੀ ਦੁਕਾਨ ਖਾਲੀ ਕਰ ਗਏ। ਉਹ ਕਮੀਜ਼ਾਂ, ਪੈਂਟਾਂ, ਟੀ-ਸ਼ਰਟਾਂ, ਪਰਸ, ਬੈਲਟ ਆਦਿ ਸਾਮਾਨ ਚੋਰੀ ਕਰ ਕੇ ਲੈ ਗਏ, ਜਿਸ 'ਚ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਸਦਰ ਪੁਲਸ ਨੇ ਪਰਚਾ ਦਰਜ ਕਰ ਕੇ ਕੇਸ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਤੀਜੇ ਮਾਮਲੇ 'ਚ ਚੋਰ ਪਿੰਡ ਗਿੱਲ 'ਚ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਕੀਮਤ ਦੇ ਸੋਨੇ, ਚਾਂਦੀ ਦੇ ਗਹਿਣਿਆਂ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਘਰ ਦੇ ਮਾਲਕ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਬਿਜਲੀ ਵਿਭਾਗ ਵਿਚ ਕੰਮ ਕਰਦੇ ਹਨ। ਜਦੋਂ ਉਸ ਦੀ ਪਤਨੀ ਅਤੇ ਬੇਟਾ ਬਾਜ਼ਾਰ ਗਏ ਹੋਏ ਸਨ ਤੇ ਉਹ ਡਿਊਟੀ 'ਤੇ ਸੀ ਤਾਂ ਪਿੱਛਿਓਂ ਤਾਲੇ ਤੋੜ ਕੇ ਘਰ ਵਿਚ ਵੜੇ ਚੋਰ ਸੋਨੇ ਅਤੇ ਚਾਂਦੀ ਦੇ ਗਹਿਣ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਸ਼ਾਮ ਨੂੰ ਜਦੋਂ ਉਹ ਘਰ ਆਇਆ ਤਾਂ ਉਸ ਨੂੰ ਚੋਰੀ ਹੋਣ ਦਾ ਪਤਾ ਲੱਗਾ, ਜਿਸ ਦੀ ਸ਼ਿਕਾਇਤ ਤੁਰੰਤ ਉਸ ਨੇ ਪੁਲਸ ਨੂੰ ਦਿੱਤੀ। ਸਦਰ ਪੁਲਸ ਨੇ ਪਰਚਾ ਦਰਜ ਕਰ ਕੇ ਕੇਸ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।