ਸਰਪੰਚ ’ਤੇ ਲੱਖਾਂ ਦੀ ਰਕਮ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਕੇਸ ਦਰਜ

Sunday, Jul 22, 2018 - 01:47 AM (IST)

ਸਰਪੰਚ ’ਤੇ ਲੱਖਾਂ ਦੀ ਰਕਮ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਕੇਸ ਦਰਜ

ਕਾਹਨੂੰਵਾਨ/ਗੁਰਦਾਸਪੁਰ,   (ਵਿਨੋਦ)-  ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਰਾਊਵਾਲ ਜਾਫਲਪੁਰ ਦੇ ਸਰਪੰਚ ’ਤੇ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਲਈ ਆਈਅਾਂ ਰਕਮਾਂ ਦਾ ਰਿਕਾਰਡ ਖੁਰਦ-ਬੁਰਦ ਕਰਨ ਅਤੇ ਗ੍ਰਾਂਟਾਂ ਦਾ ਰਿਕਾਰਡ ਪੇਸ਼ ਨਾ ਕਰਨ ਦਾ ਦੋਸ਼ੀ ਮੰਨਦੇ ਹੋਏ ਥਾਣਾ ਕਾਹਨੂੰਵਾਨ ’ਚ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਵੱਲੋਂ  ਬੀ. ਡੀ. ਪੀ.  ਓ. ਕਾਹਨੂੰਵਾਨ ਜਿੰਦਰਪਾਲ ਦੀ ਸ਼ਿਕਾਇਤ ’ਤੇ ਉੱਚ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਸਰਪੰਚ ਤਰਸੇਮ ਸਿੰਘ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਬਲਾਕ ਅਫਸਰ ਵੱਲੋਂ ਸਰਪੰਚ ਨੂੰ ਦਸੰਬਰ 2017 ਤੋਂ ਮਈ 2018 ਤੱਕ ਵੱਖ-ਵੱਖ ਪੱਤਰ ਲਿਖ ਕੇ ਪੰਚਾਇਤ ਨੂੰ ਪਿਛਲੇ 5 ਸਾਲ ’ਚ ਮਿਲੀਆਂ ਗ੍ਰਾਂਟਾਂ ਦਾ ਰਿਕਾਰਡ ਲੈ ਕੇ ਪੇਸ਼ ਹੋਣ ਅਤੇ ਆਪਣਾ ਪੱਖ ਰੱਖਣ ਲਈ ਕਿਹਾ  ਸੀ ਪਰ ਸਰਪੰਚ  ਨੇ ਉਨ੍ਹਾਂ ਦੇ  ਹੁਕਮਾਂ ਦੀ ਪ੍ਰਵਾਹ ਨਹੀਂ ਕੀਤੀ। ਉਪਰੰਤ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਸ ਮਾਮਲੇ ਦੀ ਪਡ਼ਤਾਲ ਕੀਤੀ ਗਈ।
ਇਹ ਮਾਮਲਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਧਿਆਨ ’ਚ ਲਿਅਾਂਦਾ ਗਿਅਾ। ਜਿਸ ਤੋਂ ਬਾਅਦ  23 ਲੱਖ 18 ਹਜ਼ਾਰ 22 ਸੌ ਦੀ ਰਕਮ ਦਾ ਰਿਕਾਰਡ ਖੁਰਦ-ਬੁਰਦ ਕਰਨ ’ਤੇ 12 ਜੁਲਾਈ ਨੂੰ ਐੱਸ. ਐੱਸ. ਪੀ. ਗੁਰਦਾਸਪੁਰ ਰਾਹੀਂ ਥਾਣਾ ਕਾਹਨੂੰਵਾਨ ਵਿਚ ਫੌਜਦਾਰੀ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ। ਥਾਣਾ ਕਾਹਨੂੰਵਾਨ ਪੁਲਸ ਵੱਲੋਂ ਜ਼ਿਲਾ ਅਧਿਕਾਰੀਆਂ ਦੇ ਹੁਕਮਾਂ ’ਤੇ ਸਰਪੰਚ ਖਿਲਾਫ 409 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


Related News