ਸਮਲਿੰਗੀਆਂ ਤੋਂ ਲੱਖਾਂ ਠੱਗਣ ਵਾਲੇ ਗਿਰੋਹ ਦਾ ਮੁਖੀ ਗ੍ਰਿਫਤਾਰ
Friday, Mar 09, 2018 - 06:03 AM (IST)
ਕਪੂਰਥਲਾ, (ਭੂਸ਼ਣ)- ਸਮਲਿੰਗੀਆਂ ਨਾਲ ਸਰੀਰਕ ਸਬੰਧ ਬਣਾ ਕੇ ਬਾਅਦ ਵਿਚ ਉਨ੍ਹਾਂ ਦੀ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਮੋਟੀ ਰਕਮ ਹੜਪਨ ਵਾਲੇ ਇਕ ਗਿਰੋਹ ਦੇ ਲੋੜੀਂਦੇ ਮੁਖੀ ਨੂੰ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਬਿਆਸ ਦੇ ਨਜ਼ਦੀਕ ਛਾਪਾਮਾਰੀ ਕਰ ਕੇ ਗ੍ਰਿਫਤਾਰ ਕਰ ਲਿਆ ਹੈ । ਗ੍ਰਿਫਤਾਰ ਮੁਲਜ਼ਮ ਜਿਥੇ ਪੰਜਾਬ ਪੁਲਸ ਦਾ ਸਸਪੈਂਡ ਕਾਂਸਟੇਬਲ ਦੱਸਿਆ ਜਾਂਦਾ ਹੈ। ਉਥੇ ਹੀ ਸ਼ੁਰੂਆਤੀ ਪੁੱਛਗਿਛ ਵਿਚ ਹੀ ਮੁਲਜ਼ਮ ਨੇ 6-7 ਸਮਲਿੰਗੀਆਂ ਦੀ ਵੀਡੀਓ ਬਣਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਹੜਪਨ ਦਾ ਖੁਲਾਸਾ ਕੀਤਾ ਹੈ। ਗ੍ਰਿਫਤਾਰ ਮੁਲਜ਼ਮ ਨੂੰ ਅਦਾਲਤ ਨੇ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਤਿੰਦਰਜੀਤ ਸਿੰਘ ਨੂੰ ਸੂਚਨਾ ਮਿਲੀ ਕਿ ਸ਼ਹਿਰ ਦੇ ਮੁੱਖ ਬੱਸ ਸਟੈਂਡ ਅਤੇ ਹੋਰ ਭੀੜਭਾੜ ਵਾਲੇ ਖੇਤਰਾਂ ਵਿਚ ਇਕ ਅਜਿਹਾ ਗਿਰੋਹ ਸਰਗਰਮ ਹੈ, ਜੋ ਪੂਰੇ ਦੋਆਬਾ ਖੇਤਰ ਵਿਚ ਸਮਲਿੰਗੀ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਉਨ੍ਹਾਂ ਦੀ ਵੀਡੀਓ ਬਣਾ ਕੇ ਸਮਲਿੰਗੀਆਂ ਨੂੰ ਬਲੈਕਮੇਲ ਕਰ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਹੜਪਦਾ ਹੈ।
ਸੀ. ਆਈ. ਏ. ਸਟਾਫ ਪੁਲਸ ਨੂੰ ਮਿਲੀ ਸੂਚਨਾ ਦੇ ਅਨੁਸਾਰ ਇਸ ਗਿਰੋਹ ਦਾ ਮੁਖੀ ਪੰਜਾਬ ਪੁਲਸ ਦਾ ਸਸਪੈਂਡ ਕਾਂਸਟੇਬਲ ਰਣਜੀਤ ਸਿੰਘ ਪੁੱਤਰ ਸ਼ਿਵ ਨਾਥ ਵਾਸੀ ਅੰਮ੍ਰਿਤਸਰ ਹੈ, ਜੋ ਪਿੰਡ ਪੱਤੜਖ਼ੁਰਦ ਨਿਵਾਸੀ ਪਰਮਜੀਤ ਸਿੰਘ ਉਰਫ ਪ੍ਰਿੰਸ ਪੁੱਤਰ ਸਰਬਜੀਤ ਸਿੰਘ ਦੇ ਨਾਲ ਲਗਾਤਾਰ ਸਮਲਿੰਗੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ। ਦੋਵੇਂ ਵਿਅਕਤੀ ਸਮਲਿੰਗੀਆਂ ਨਾਲ ਸਰੀਰਕ ਸਬੰਧ ਬਣਾਉਂਦੇ ਅਤੇ ਉਨ੍ਹਾਂ ਦਾ ਆਰਥਿਕ ਤੌਰ 'ਤੇ ਸ਼ੋਸ਼ਣ ਕਰਦੇ ਹਨ। ਜਿਸ ਦੇ ਆਧਾਰ 'ਤੇ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਸੰਦੀਪ ਸਿੰਘ ਮੰਡ ਦੀ ਅਗਵਾਈ ਵਿਚ ਵਿਸ਼ੇਸ਼ ਟੀਮ ਨੇ ਛਾਪਾਮਾਰੀ ਦੌਰਾਨ ਗਿਰੋਹ ਦੇ ਮੈਂਬਰ ਪਰਮਜੀਤ ਉਰਫ ਪ੍ਰਿੰਸ ਨੂੰ ਕਾਬੂ ਕਰ ਲਿਆ, ਜਦੋਂ ਕਿ ਗਿਰੋਹ ਦਾ ਮੁੱਖੀ ਰਣਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ।
ਇਸ ਦੌਰਾਨ ਵੀਰਵਾਰ ਦੀ ਸਵੇਰੇ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਤਿੰਦਰਜੀਤ ਸਿੰਘ ਨੂੰ ਸੂਚਨਾ ਮਿਲੀ ਕਿ ਉਕਤ ਗਿਰੋਹ ਦਾ ਮੁਖੀ ਰਣਜੀਤ ਸਿੰਘ ਇਸ ਸਮੇਂ ਆਪਣੇ ਸਹੁਰਾ-ਘਰ ਪਿੰਡ ਚੀਮਾ ਬਾਠ, ਥਾਣਾ ਬਿਆਸ 'ਚ ਮੌਜੂਦ ਹੈ । ਜਿਸ ਦੇ ਆਧਾਰ 'ਤੇ ਸੀ. ਆਈ. ਏ. ਟੀਮ ਨੇ ਛਾਪਾਮਾਰੀ ਕਰ ਕੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਰਣਜੀਤ ਸਿੰਘ ਨੇ ਪੁੱਛਗਿਛ ਦੇ ਦੌਰਾਨ ਖੁਲਾਸਾ ਕੀਤਾ ਕਿ ਉਹ ਸਾਲ 2011 ਵਿਚ ਪੰਜਾਬ ਪੁਲਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਇਆ ਸੀ, ਇਸ ਦੌਰਾਨ ਉਸ ਨੇ ਪ੍ਰੇਮ ਵਿਆਹ ਕਰ ਲਿਆ ਅਤੇ ਬਾਅਦ ਵਿਚ ਨਸ਼ੇ ਦਾ ਆਦੀ ਬਣ ਗਿਆ । ਉਸ ਦੀਆਂ ਅਜਿਹੀਆਂ ਸਰਗਰਮੀਆਂ ਕਾਰਨ ਜਲੰਧਰ ਦਿਹਾਤ ਦੀ ਪੁਲਸ ਨੇ ਉਸਨੂੰ ਸਸਪੈਂਡ ਕਰ ਦਿੱਤਾ ਸੀ ਅਤੇ ਉਹ ਨਸ਼ੇ ਦੀ ਪੂਰਤੀ ਲਈ ਸਮਲਿੰਗੀਆਂ ਨੂੰ ਨਿਸ਼ਾਨਾ ਬਣਾਉਣ ਲੱਗਾ ਅਤੇ ਉਹ ਹੁਣ ਤਕ ਕਈ ਸਮਲਿੰਗੀਆਂ ਦੀ ਵੀਡੀਓ ਬਣਾ ਚੁੱਕਿਆ ਹੈ। ਗ੍ਰਿਫਤਾਰ ਮੁਲਜ਼ਮ ਤੋਂ ਪੁੱਛਗਿਛ ਜਾਰੀ ਹੈ। ਪੁੱਛਗਿਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ ।
