ਉੱਡਣੇ ਸਿੱਖ 'ਮਿਲਖਾ ਸਿੰਘ' ਦੇ ਦਿਹਾਂਤ 'ਤੇ 'ਕੈਪਟਨ' ਸਣੇ ਪੰਜਾਬ ਦੇ ਇਨ੍ਹਾਂ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
Saturday, Jun 19, 2021 - 10:23 AM (IST)
ਚੰਡੀਗੜ੍ਹ : ਇੱਥੇ ਪੀ. ਜੀ. ਆਈ. 'ਚ ਦਾਖ਼ਲ ਉੱਡਣੇ ਸਿੱਖ ਮਿਲਖਾ ਸਿੰਘ ਸ਼ੁੱਕਰਵਾਰ ਰਾਤ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਵੀ ਆ ਗਈ ਸੀ ਪਰ ਬਾਵਜੂਦ ਇਸਦੇ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਉਨ੍ਹਾਂ ਨੂੰ ਪੀ. ਜੀ. ਆਈ. ਦੇ ਕਾਰਡੀਅਕ ਸੈਂਟਰ ਵਿੱਚ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੇ ਦਿਹਾਂਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਦੇ ਹੋਰ ਆਗੂਆਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਜੈਪਾਲ ਐਨਕਾਊਂਟਰ' ਮਾਮਲੇ 'ਚ ਹੁਣ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ (ਵੀਡੀਓ)
ਮਿਲਖਾ ਸਿੰਘ ਦੇ ਜਾਣ ਨਾਲ ਪੂਰੇ ਇਕ ਯੁੱਗ ਦਾ ਅੰਤ ਹੋਇਆ : ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਮਿਲਖਾ ਸਿੰਘ ਜੀ ਦਾ ਇਸ ਫ਼ਾਨੀ ਸੰਸਾਰ ਤੋਂ ਤੁਰ ਜਾਣਾ ਉਨ੍ਹਾਂ ਲਈ ਬੇਹੱਦ ਦੁਖਦਾਈ ਅਤੇ ਅਸਹਿ ਹੈ। ਉਨ੍ਹਾਂ ਦੇ ਚਲੇ ਜਾਣ ਨਾਲ ਪੂਰੇ ਇਕ ਯੁੱਗ ਦਾ ਅੰਤ ਹੋ ਗਿਆ, ਨਾ ਸਿਰਫ ਭਾਰਤ ਤੇ ਪੰਜਾਬ, ਸਗੋਂ ਦੁਨੀਆ 'ਚ ਵੱਸਦੇ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉੱਡਣੇ ਸਿੱਖ ਦੀ ਪ੍ਰੇਰਣਾਤਮਕ ਜ਼ਿੰਦਗੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਕੈਪਟਨ ਨੇ ਲਿਖਿਆ ਕਿ ਤੁਹਾਡੇ ਨਾਲ ਬਿਤਾਇਆ ਸਮਾਂ ਤੇ ਗੱਲਾਂ ਹਮੇਸ਼ਾ ਯਾਦ ਰਹਿਣਗੀਆਂ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪਟਵਾਰੀ ਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ ਇਸ ਤਾਰੀਖ਼ ਨੂੰ ਹੋਵੇਗੀ ਲਿਖ਼ਤੀ ਪ੍ਰੀਖਿਆ
ਤੁਹਾਡੀ ਜ਼ਿੰਦਗੀ ਭਾਰਤੀਆਂ ਨੂੰ ਸੁਫ਼ਨਿਆਂ ਦੀ ਪੂਰਤੀ ਲਈ ਉੱਡਣ ਵੱਲ ਪ੍ਰੇਰਿਤ ਕਰਦੀ ਰਹੇਗੀ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ 'ਤੇ ਲਿਖਿਆ ਕਿ ਤੁਹਾਡੀ ਜ਼ਿੰਦਗੀ, ਤੁਹਾਡਾ ਸੰਘਰਸ਼ ਤੇ ਤੁਹਾਡੀ ਕਹਾਣੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੱਖਾਂ ਭਾਰਤੀਆਂ ਨੂੰ ਹੌਂਸਲੇ ਤੇ ਲਗਨ ਦੇ ਖੰਭ ਲਾ ਕੇ ਆਪਣੇ ਸੁਫ਼ਨਿਆਂ ਦੀ ਪੂਰਤੀ ਲਈ ਉੱਡਣ ਵਾਸਤੇ ਪ੍ਰੇਰਿਤ ਕਰਦੀ ਰਹੇਗੀ। ਪਰਮਾਤਮਾ ਤੁਹਾਡੀ ਨੇਕ ਰੂਹ ਨੂੰ ਆਪਣੇ ਚਰਨਾਂ 'ਚ ਸਦੀਵੀਂ ਨਿਵਾਸ ਬਖ਼ਸ਼ੇ।
ਇਹ ਵੀ ਪੜ੍ਹੋ : ਸਮਾਣਾ 'ਚ ਵਾਪਰਿਆ ਭਿਆਨਕ ਹਾਦਸਾ, ਵਾਹਨ ਨੇ ਕੁਚਲਿਆ 12 ਸਾਲਾਂ ਦਾ ਬੱਚਾ
ਸਾਡੇ ਦੇਸ਼ ਨੇ ਖੇਡ ਜਗਤ ਦਾ ਮਹਾਨਾਇਕ ਗੁਆ ਦਿੱਤਾ : ਹਰਸਿਮਰਤ ਕੌਰ ਬਾਦਲ
ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ ਮਿਲਖਾ ਸਿੰਘ ਜੀ ਦੇ ਦਿਹਾਂਤ ਬਾਰੇ ਜਾਣ ਬਹੁਤ ਦੁੱਖ ਲੱਗਿਆ। ਸਾਡੇ ਦੇਸ਼ ਨੇ ਖੇਡ ਜਗਤ ਦਾ ਇਕ ਮਹਾਨਾਇਕ ਗੁਆ ਦਿੱਤਾ ਹੈ ਪਰ ਉਹ ਸਾਡੇ ਦਿਲਾਂ ਅਤੇ ਇਤਿਹਾਸ 'ਚ ਸਦਾ ਜਿਊਂਦੇ ਰਹਿਣਗੇ ਅਤੇ ਲੱਖਾਂ ਉੱਭਰਦੇ ਐਥਲੀਟਾਂ ਲਈ ਮਾਰਗ ਦਰਸ਼ਕ ਬਣ ਕੇ ਉਨ੍ਹਾਂ ਨੂੰ ਪ੍ਰੇਰਦੇ ਰਹਿਣਗੇ। ਗੁਰੂ ਸਾਹਿਬ ਉਨ੍ਹਾਂ ਦੀ ਰੂਹ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ