ਦੁੱਧ, ਪਾਣੀ ਸਮੇਤ ਕਈ ਖਾਧ ਪਦਾਰਥਾਂ ਦੇ ਸੈਂਪਲ ਫੇਲ
Wednesday, Jun 20, 2018 - 02:59 AM (IST)

ਅੰਮ੍ਰਿਤਸਰ, (ਦਲਜੀਤ)- ਜ਼ਿਲੇ ਦੇ ਕਈ ਨਾਮੀ ਹੋਟਲ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨਾਲ ਖਿਲਵਾਡ਼ ਕਰ ਰਹੇ ਹਨ। ਸਿਹਤ ਵਿਭਾਗ ਵੱਲੋਂ ਅੱਜ ਹੋਟਲਾਂ ਦੀ ਕੀਤੀ ਗਈ ਚੈਕਿੰਗ ਦੌਰਾਨ ਜਿਥੇ ਦੁੱਧ, ਪਾਣੀ, ਹਲਦੀ, ਲਾਲ ਮਿਰਚ ਆਦਿ ਖਾਧ ਪਦਾਰਥਾਂ ਦੇ ਸੈਂਪਲ ਫੇਲ ਪਾਏ ਗਏ, ਉਥੇ ਹੀ ਵਿਭਾਗ ਵੱਲੋਂ ਇਸ ਦੌਰਾਨ ਕਈ ਹੋੋਟਲਾਂ ’ਚੋਂ ਗਲ਼ੇ-ਸਡ਼ੇ ਪਪੀਤੇ, ਮਿਆਦ ਪੁਗਾ ਚੁੱਕਾ ਸਿਰਕਾ ਆਦਿ ਬਰਾਮਦ ਕੀਤਾ ਗਿਆ। ਕਈ ਨਾਮੀ ਹੋਟਲਾਂ ਦੀਆਂ ਰਸੋਈਆਂ ਵਿਚ ਗੰਦਗੀ ਦੀ ਭਰਮਾਰ ਸੀ ਅਤੇ ਮੈਡੀਕਲ ਕਰਵਾਏ ਬਿਨਾਂ ਹੀ ਰਸੋਈ ਵਿਚ ਮੁਲਾਜ਼ਮਾਂ ਤੋਂ ਕੰਮ ਲਿਆ ਜਾ ਰਿਹਾ ਸੀ। ਵਿਭਾਗ ਨੇ ਸਬਟਲਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।
®ਜਾਣਕਾਰੀ ਅਨੁਸਾਰ ਜ਼ਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਦੀ ਅਗਵਾਈ ਵਾਲੀ ਟੀਮ ਵੱਲੋਂ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਜ਼ਿਲੇ ਦੇ ਇਕ ਦਰਜਨ ਤੋਂ ਵੱਧ ਨਾਮੀ ਹੋਟਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਹੁਕਮਾਂ ਤਹਿਤ ਅੱਜ ਹੋਟਲਾਂ ਦੀ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਫੂਡ ਟੈਸਟਿੰਗ ਵੈਨ ਵੀ ਨਾਲ ਸੀ। ਕਈ ਹੋਟਲਾਂ ਦੀਅਾਂ ਰਸੋਈਆਂ ਵਿਚ ਗੰਦਗੀ ਦੀ ਭਰਮਾਰ ਸੀ। ਡਸਟਬਿਨ ਬਿਨਾਂ ਢਕੇ ਹੋਏ ਗੰਦੇ ਪਏ ਸਨ। ਮੁਲਾਜ਼ਮਾਂ ਦੇ ਮੈਡੀਕਲ ਵੀ ਨਹੀਂ ਕਰਵਾਏ ਗਏ ਸਨ। ਬਿਨਾਂ ਗਲਵਜ਼ ਅਤੇ ਮੂੰਹ ਢਕੇ ਬਿਨਾਂ ਹੀ ਮੁਲਾਜ਼ਮ ਖਾਧ ਪਦਾਰਥ ਬਣਾ ਰਹੇ ਸਨ।
ਕਈ ਹੋਟਲਾਂ ’ਚੋਂ ਦੁੱਧ, ਪਾਣੀ, ਹਲਦੀ, ਲਾਲ ਮਿਰਚ, ਦਾਲਾਂ ਆਦਿ ਦੇ ਮੌਕੇ ’ਤੇ ਵੈਨ ਜ਼ਰੀਏ ਟੈਸਟ ਕੀਤੇ ਗਏ, ਜਿਨ੍ਹਾਂ ਦੇ ਸੈਂਪਲ ਫੇਲ ਆਏ। ਜੀ. ਟੀ. ਰੋਡ ਸਥਿਤ ਇਕ ਹੋਟਲ ਵਿਚ ਤਾਂ ਪਪੀਤੇ ਨੂੰ ਉੱਲੀ ਲੱਗੀ ਹੋਈ ਸੀ। ਸਿਰਕਾ ਵੀ ਮਿਆਦ ਪੁਗਾ ਚੁੱਕਾ ਵਰਤਣ ਲਈ ਰੱਖਿਆ ਗਿਆ ਸੀ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਸਬੰਧਤ ਹੋਟਲਾਂ ਨੂੰ ਇਕ ਹਫਤੇ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਭਵਿੱਖ ਵਿਚ ਦੁਬਾਰਾ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੋ ਹੋਟਲ ਮਾਡ਼ੇ ਖਾਧ ਪਦਾਰਥ ਵੇਚਣਗੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਐੱਫ. ਐੱਸ. ਓ. ਗਗਨ, ਨਿਰਮਲ ਸਿੰਘ ਆਦਿ ਮੌਜੂਦ ਸਨ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੱਲਾ ਸਬਜ਼ੀ ਮੰਡੀ ’ਚ ਕੀਤੀ ਅਚਨਚੇਤ ਚੈਕਿੰਗ
‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਅੱਜ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੇ ਵੱਲਾ ਸਬਜ਼ੀ ਮੰਡੀ ਵਿਖੇ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਟੀਮ ਨੂੰ ਮੰਡੀ ਵਿਚ ਕਿਤੇ ਵੀ ਕੈਲਸ਼ੀਅਮ ਕਾਰਬਾਈਡ ਨਾਲ ਤਿਆਰ ਕੀਤੇ ਫਲ ਅਤੇ ਸਬਜ਼ੀਆਂ ਬਰਾਮਦ ਨਹੀਂ ਹੋਈਅਾਂ। ਜ਼ਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤਹਿਤ ਇਹ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਅੰਬਾਂ ਦੀਆਂ ਪੇਟੀਆਂ ਅਤੇ ਕੇਲਿਆਂ ਨੂੰ ਚੈੱਕ ਕੀਤਾ ਗਿਆ, ਕਿਤੇ ਵੀ ਕੋਈ ਕੈਲਸ਼ੀਅਮ ਕਾਰਬਾਈਡ ਨਾਲ ਤਿਆਰ ਫਲ ਬਰਾਮਦ ਨਹੀਂ ਹੋਇਆ। ਇਸ ਤੋਂ ਇਲਾਵਾ ਮੰਡੀ ਦੇ ਦੁਕਾਨਦਾਰਾਂ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਵੀ 8 ਚੈਂਬਰਾਂ ਦੀ ਸੂਚੀ ਸੌਂਪਦਿਅਾਂ ਉਕਤ ਥਾਵਾਂ ਤੋਂ ਸਰਕਾਰੀ ਚੈਂਬਰ ਨਾ ਲੱਗਣ ਤੱਕ ਫਲ ਪਕਾਉਣ ਲਈ ਕੰਮ ਲੈਣ ਦੀ ਅਪੀਲ ਕੀਤੀ ਗਈ। ਦੁਕਾਨਦਾਰਾਂ ਨੇ ਟੀਮ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਹੁਣ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਨਹੀਂ ਕਰ ਰਹੇ। ਬਿਨਾਂ ਮਸਾਲੇ ਤੋਂ ਤਿਆਰ ਫਲ ਮੰਡੀ ਵਿਚ ਵਿਕ ਰਿਹਾ ਹੈ। ਇਸ ਛਾਪੇਮਾਰੀ ਵਿਚ ਨਿਗਮ ਸਿਹਤ ਅਫਸਰ ਡਾ. ਰਾਜੂ ਚੌਹਾਨ, ਤਹਿਸੀਲਦਾਰ ਗਿੱਲ ਆਦਿ ਮੌਜੂਦ ਸਨ।