ਦੁੱਧ ਦੇ ਕਾਰੋਬਾਰੀ ਨੇ ਲਿਆ ਫਾਹਾ ; 6 ਖਿਲਾਫ ਕੇਸ ਦਰਜ
Wednesday, Nov 01, 2017 - 02:32 AM (IST)

ਪਟਿਆਲਾ, (ਬਲਜਿੰਦਰ)- ਸ਼ਹਿਰ ਦੇ ਸ਼ਾਂਤੀ ਨਗਰ ਦੇ ਰਹਿਣ ਵਾਲੇ ਦੁੱਧ ਦੇ ਕਾਰੋਬਾਰੀ ਰਾਜ ਕੁਮਾਰ ਨੇ ਆਪਣੇ ਹੀ ਘਰ ਵਿਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਰਾਜ ਕੁਮਾਰ ਦੀ ਲਾਸ਼ ਉਸ ਦੇ ਘਰੋਂ ਹੀ ਮਿਲੀ। ਇਸ ਬਾਰੇ ਪਰਿਵਾਰ ਨੂੰ ਸੋਮਵਾਰ ਦੇਰ ਰਾਤ ਪਤਾ ਲੱÎਗਾ। ਪਰਿਵਾਰ ਵਾਲਿਆਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਥਾਣਾ ਸਦਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਪਹੁੰਚਾ ਦਿੱਤਾ।
ਜਾਣਕਾਰੀ ਦਿੰਦਿਆਂ ਐੈੱਸ. ਐੈੱਚ. ਓ. ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਰਾਜ ਕੁਮਾਰ ਨੇ ਫਾਹਾ ਲੈਣ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਲਿਖਿਆ ਸੀ। ਇਸ ਵਿਚ ਕੁਝ ਵਿਅਕਤੀਆਂ ਤੋਂ ਪੈਸੇ ਲੈਣ ਦੀ ਗੱਲ ਦੱਸੀ ਗਈ ਹੈ ਅਤੇ ਉਹ ਵਿਅਕਤੀ ਉਸ ਦੇ ਪੈਸੇ ਵਾਪਸ ਨਾ ਕਰ ਕੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ। ਜਿਹੜੇ ਵਿਅਕਤੀਆਂ ਦੇ ਉਸ ਨੇ ਪੈਸੇ ਦੇਣੇ ਸਨ, ਉਹ ਵੀ ਪ੍ਰੇਸ਼ਾਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ 6 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿਚ ਮੇਜਰ ਸਿੰਘ ਵਾਸੀ ਬਾਰਨ, ਮੇਜਰ ਸਿੰਘ ਦਾ ਸਹੁਰਾ ਚਰਨਜੀਤ ਸਿੰਘ ਵਾਸੀ ਅਰਬਨ ਅਸਟੇਟ ਫੇਜ਼-2, ਕਾਂਤਾ ਦੇਵੀ ਨਿਵਾਸੀ ਅਰਬਨ ਅਸਟੇਟ ਫੇਸ-2, ਕੇਸ਼ਵੰਤੀ ਤੇ ਦੌਲਤ ਰਾਮ ਤੋਂ ਇਲਾਵਾ ਰਾਜੂ ਕਰਿਆਨਾ ਸਟੋਰ ਅਰਬਨ ਅਸਟੇਟ ਪਟਿਆਲਾ ਸ਼ਾਮਲ ਹਨ। ਮਾਮਲੇ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ। ਇਸ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇੰਸਪੈਕਟਰ ਟਿਵਾਣਾ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।