ਮਿਲਟਰੀ ਲਿਟਰੇਚਰ ਫੈਸਟੀਵਲ ਤੋਂ ਪਹਿਲਾਂ ਪੈਰਾਮੋਟਰਜ਼ ਦੇ ਕਰਤੱਬਾਂ ਤੇ ਮਿਲਟਰੀ ਬੈਂਡ ਦੀਆਂ ਧੁਨਾਂ ''ਤੇ ਮੰਤਰ-ਮੁਗਧ ਹੋਏ ਲੋਕ
Wednesday, Dec 06, 2017 - 08:06 AM (IST)
ਚੰਡੀਗੜ੍ਹ (ਭੁੱਲਰ) - ਪੰਜਾਬ ਸਰਕਾਰ ਵਲੋਂ ਫੌਜ ਦੀ ਪੱਛਮੀ ਕਮਾਂਡ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ 7 ਤੋਂ 9 ਦਸੰਬਰ ਤਕ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੀਆਂ ਤਿਆਰੀਆਂ ਲਈ ਰਾਜਧਾਨੀ ਵਿਚ ਲਗਾਤਾਰ ਪ੍ਰੋਗਰਾਮ ਚੱਲ ਰਹੇ ਹਨ। ਅੱਜ ਇਸੇ ਲੜੀ ਤਹਿਤ ਫੈਸਟੀਵਲ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਪੈਰਾਮੋਟਰਜ਼ ਦੇ ਕਰਤੱਬਾਂ ਤੇ ਮਿਲਟਰੀ ਬੈਂਡ ਦੀ ਪੇਸ਼ਕਾਰੀ ਹੋਈ। ਜਿਥੇ ਇਕ ਪਾਸੇ ਸੁਖਨਾ ਝੀਲ ਦੇ ਇਲਾਕੇ 'ਚ ਸ਼ਹਿਰਵਾਸੀ ਮਿਲਟਰੀ ਬੈਂਡ ਦੀਆਂ ਮਨਮੋਹਕ ਧੁਨਾਂ 'ਤੇ ਨੱਚ ਰਹੇ ਸਨ, ਉਥੇ ਹੀ ਦੂਜੇ ਪਾਸੇ ਪੰਜਾਬ ਸਕੱਤਰੇਤ ਨੇੜੇ ਰਜਿੰਦਰਾ ਪਾਰਕ ਤੋਂ ਉਡਾਣ ਭਰ ਕੇ 5 ਮੈਂਬਰੀ ਪੈਰਾਮੋਟਰ ਟੀਮ ਨੇ ਸੁਖਨਾ ਝੀਲ, ਪੰਜਾਬ ਯੂਨੀਵਰਸਿÎਟੀ, ਉੱਤਰ ਮਾਰਗ, ਮੱਧ ਮਾਰਗ ਤੇ ਸੈਕਟਰ-3 ਦੇ ਆਸਮਾਨ ਵਿਚ ਆਪਣੀਆਂ ਦਿਲਖਿਚਵੀਆਂ ਕਲਾਬਾਜ਼ੀਆਂ ਨਾਲ ਦਰਸ਼ਕਾਂ ਦਾ ਧਿਆਨ ਖਿੱਚਿਆ।
ਇਸ ਮੌਕੇ ਗੱਲਬਾਤ ਕਰਦਿਆਂ ਪਾਇਲਟ ਟੀਮ ਦੇ ਕਪਤਾਨ ਅਭੈ ਸਿੰਘ ਰਾਠੌਰ ਨੇ ਕਿਹਾ ਕਿ ਮੈਂ ਇਸ ਖੂਬਸੂਰਤ ਸ਼ਹਿਰ ਦੀ ਹਰਿਆਵਲ ਬਾਰੇ ਬਹੁਤ ਕੁਝ ਪੜ੍ਹਿਆ ਤੇ ਸੁਣਿਆ ਸੀ ਪਰ ਅੱਜ ਇਸ ਹਰੇ-ਭਰੇ ਇਲਾਕੇ ਦੇ ਆਸਮਾਨ 'ਤੇ ਉਡਾਣ ਭਰ ਕੇ ਮੈਨੂੰ ਜੋ ਵਧੀਆ ਅਹਿਸਾਸ ਹੋਇਆ ਹੈ, ਉਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਪੈਰਾਮੋਟਰਿੰਗ ਇਕ ਆਕਰਸ਼ਕ ਤੇ ਰੋਮਾਂਚਕ ਖੇਡ ਹੈ ਤੇ ਇਸਨੂੰ ਖੇਡਣਾ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ। ਇਸ ਤੋਂ ਇਲਾਵਾ ਕੱਲ ਹੋਣ ਵਾਲੇ ਪ੍ਰੋਗਰਾਮ ਦੀ ਤਿਆਰੀ ਲਈ ਪੰਜਾਬ ਤੇ ਹਰਿਆਣਾ ਸਿਵਲ ਸਕੱਤਰੇਤ ਦੇ ਮੈਦਾਨ ਵਿਚ ਘੋੜਸਵਾਰੀ ਦੀ ਰਿਹਰਸਲ ਵੀ ਕੀਤੀ ਗÎਈ, ਜਿਸ ਵਿਚ 70 ਘੋੜਸਵਾਰਾਂ ਨੇ ਵੱਖ-ਵੱਖ ਮੁਕਾਬਲਿਆਂ ਦੀ ਰਿਹਰਸਲ ਕੀਤੀ। ਇਸ ਦਿਲਖਿੱਚਵੇਂ ਈਵੈਂਟ ਵਿਚ ਕਈ ਮਸ਼ਹੂਰ ਹਾਰਸ ਰਾਈਡਿੰਗ ਸਕੂਲ, ਕਲੱਬਾਂ, ਸੁਸਾਇਟੀਆਂ ਜਿਵੇਂ ਚੰਡੀਗੜ੍ਹ ਹਾਰਸ ਰਾਈਡਰਜ਼ ਸੁਸਾਇਟੀ, ਪੱਛਮੀ ਕਮਾਂਡ, ਤ੍ਰਿਵੈਣੀ ਰਾਈਡਿੰਗ ਸਕੂਲ ਤੇ ਆਰਮਡ ਤੇ ਪੁਲਸ ਟੀਮਾਂ ਵੀ ਭਾਗ ਲੈਣਗੀਆਂ। ਇਸ ਮੌਕੇ ਲੇਕ ਕਲੱਬ ਦੇ ਨਾਲ-ਨਾਲ ਬਾਕੀ ਸਾਰੀਆਂ ਸਬੰਧਤ ਥਾਵਾਂ 'ਤੇ ਆਮ ਲੋਕਾਂ ਦਾ ਦਾਖਲਾ ਮੁਫਤ ਹੋਵੇਗਾ।
