ਮਿਲਟਰੀ ਲਿਟਰੇਚਰ ਫੈਸਟੀਵਲ ਦਾ ਰੱਖਿਆ ਮੰਤਰੀ ਕਰਨਗੇ ਉਦਘਾਟਨ

Sunday, Nov 24, 2019 - 12:54 AM (IST)

ਚੰਡੀਗੜ੍ਹ,(ਭੁੱਲਰ): 3 ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ (ਐੱਮ. ਐੱਲ. ਐੱਫ.)-2019 ਨੂੰ ਮਨਾਉਣ ਲਈ ਸਭ ਤਿਆਰੀਆਂ ਕਰ ਲਈਆਂ ਗਈਆਂ ਹਨ। ਚੰਡੀਗੜ੍ਹ ਦੇ ਲੇਕ ਕਲੱਬ ਵਿਖੇ 13 ਦਸੰਬਰ ਨੂੰ ਕਰਵਾਏ ਜਾ ਰਹੇ ਇਸ ਮਿਲਟਰੀ ਫੈਸਟੀਵਲ ਦਾ ਉਦਘਾਟਨ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਜਿਨ੍ਹਾਂ ਨੇ ਨੌਜਵਾਨਾਂ ਨੂੰ ਸੈਨਿਕ ਕੈਰੀਅਰ ਅਤੇ ਜੀਵਨ ਸ਼ੈਲੀ ਦੀ ਮਹੱਤਤਾ ਅਤੇ ਅਪੀਲ ਕਰਨ ਲਈ ਉਤਸਵ ਦੀ ਸ਼ੁਰੂਆਤ ਕੀਤੀ ਹੈ, ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਅਤੇ ਦੂਜੇ ਵਿਸ਼ਵ ਯੁੱਧ ਦੀ ਬਰਮਾ ਮੁਹਿੰਮ 'ਚ ਜੇਤੂ ਰਹਿਣ ਵਾਲੀਆਂ ਨੂੰ ਵਿਕਟੋਰੀਆ ਕ੍ਰਾਸ ਯੂਨਿਟਾਂ ਅਤੇ ਉਨ੍ਹਾਂ ਪਰਿਵਾਰਾਂ ਦਾ ਸਨਮਾਨ ਕਰਨਗੇ। ਇਥੇ ਪੰਜਾਬ ਭਵਨ ਦੇ ਮੀਡੀਆ ਹਾਲ ਵਿਖੇ ਫੈਸਟੀਵਲ ਦੇ ਐਲਾਨ ਸਮਾਰੋਹ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਟੀ. ਐੱਸ. ਸ਼ੇਰਗਿੱਲ ਨੇ ਦੱਸਿਆ ਕਿ 13 ਤੋਂ 15 ਦਸੰਬਰ ਤੱਕ ਹੋਣ ਵਾਲਾ ਇਹ ਅਹਿਮ ਸਮਾਗਮ ਫੌਜੀ ਸਾਹਿਤ ਅਤੇ ਇਸ ਨਾਲ ਸਬੰਧਤ ਕੰਮਾਂ ਬਾਬਤ ਗਿਆਨ ਦੇ ਅਦਾਨ-ਪ੍ਰਦਾਨ ਨੂੰ ਵਧਾਉਣ ਅਤੇ ਇਸ ਨੂੰ ਸੰਭਾਲਣ ਲਈ ਅੰਤਰਰਾਸ਼ਟਰੀ ਪੱਧਰ ਦਾ ਮੰਚ ਪ੍ਰਦਾਨ ਕਰੇਗਾ।

ਮੌਜੂਦਾ ਫੈਸਟੀਵਲ 'ਚ 22 ਪੈਨਲ ਚਰਚਾਵਾਂ ਦੌਰਾਨ ਸੈਨਿਕ ਅਤੇ ਰਾਸ਼ਟਰੀ ਮਹੱਤਵ ਦੇ ਮੁੱਢਲੇ ਅਤੇ ਇਤਿਹਾਸਕ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਸ਼ੁਰੂ ਕਰਨ ਦੇ ਵਿਚਾਰ ਨਾਲ ਤਿਆਰ ਕੀਤਾ ਗਿਆ ਹੈ। ਦੂਜੇ ਵਿਸ਼ਵ ਯੁੱਧ 'ਚ ਬਰਮਾ ਮੁਹਿੰਮ 'ਚ ਹਿੱਸਾ ਲੈਣ ਵਾਲੀ ਭਾਰਤੀ ਫੌਜ ਦੀ ਯਾਦ ਦਿਵਾਏਗਾ, ਜਿਸ ਦੀ ਅਗਲੇ ਸਾਲ 75ਵੀਂ ਵਰ੍ਹੇਗੰਢ ਆਉਣ ਵਾਲੀ ਹੈ। ਜਨਰਲ ਸ਼ੇਰਗਿੱਲ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਜੋ ਕਿ ਖ਼ੁਦ ਇਕ ਪ੍ਰਸਿੱਧ ਸੈਨਿਕ ਇਤਿਹਾਸਕਾਰ ਹਨ, ਉਘੇ ਮੀਡੀਆ ਮਾਹਿਰਾਂ, ਬੁੱਧੀਜੀਵੀਆਂ ਅਤੇ ਰੱਖਿਆ ਰਣਨੀਤੀਆਂ ਦੇ ਇਕ ਸਮੂਹ ਦੀ ਅਗਵਾਈ ਕਰਨਗੇ, ਜਿਸ 'ਚ ਮਾਰਕ ਟੱਲੀ, ਰਵੀਸ਼ ਕੁਮਾਰ, ਸਾਬਕਾ ਆਰਮੀ ਚੀਫ ਜਨਰਲ ਵੀ. ਪੀ. ਮਲਿਕ, ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ, ਨੰਦਿਨੀ ਸੁੰਦਰ ਤੋਂ ਇਲਾਵਾ ਓਲੀਵਰ ਐਵਰੈਟ, ਕਿਸ਼ਵਰ ਦੇਸਾਈ, ਵਿਵੇਕ ਕਾਟਜੂ ਅਤੇ ਪ੍ਰੋ. ਇਰਫਾਨ ਹਬੀਬ ਤੇ ਹੋਰ ਦਰਸ਼ਕਾਂ ਦੇ ਮਨਾਂ ਨੂੰ ਫੌਜ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ।


Related News