ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਬਿਮਾਰੀ ਕਾਰਨ ਮੌਤ, ਜੱਦੀ ਪਿੰਡ ''ਚ ਹੋਇਆ ਸਸਕਾਰ

06/22/2020 4:52:10 PM

ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਭੋਲੇ ਦੇ ਰਹਿਣ ਵਾਲੇ 23 ਸਾਲਾ ਫ਼ੌਜੀ ਜਵਾਨ ਜੋਗੇਸ਼ਵਰ ਦਾ ਡਿਊਟੀ ਦੌਰਾਨ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਕਿ ਜੋਗੇਸ਼ਵਰ ਸੀ.ਓ. ਡੀ. ਜ਼ਬਲਪੁਰ ਵਿਚ ਡਿਊਟੀ 'ਤੇ ਤਾਇਨਾਤ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ। ਜੋਗੇਸ਼ਵਰ ਤਿੰਨ ਸਾਲ ਪਹਿਲਾਂ ਹੀ ਫ਼ੌਜ ਵਿਚ ਭਰਤੀ ਹੋਇਆ ਸੀ। ਜੋਗੇਸ਼ਵਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਿਸ ਦਾ ਅੱਜ ਪਿੰਡ ਵਿਚ ਹੀ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਵਾਨ ਜੋਗੇਸ਼ਵਰ ਦੇ ਦਿਹਾਂਤ ਦੀ ਖ਼ਬਰ ਆਉਣ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ  

ਇਸ ਸਮੇਂ ਜਵਾਨ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਫ਼ੌਜ ਦੇ ਨਾਇਕ ਮੱਖਣ ਸਿੰਘ ਨੇ ਦੱਸਿਆ ਕਿ ਜਵਾਨ ਬਹੁਤ ਹੀ ਇਮਾਨਦਾਰੀ ਨਾਲ ਡਿਊਟੀ ਕਰਦਾ ਸੀ ਪਰ ਕੁੱਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਜਿਸਦਾ ਫ਼ੌਜੀ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਉਸ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਵਾਨ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ 'ਚ ਕਰ ਦਿੱਤਾ ਗਿਆ ਹੈ। 

ਨਮ ਅੱਖਾਂ ਨਾਲ ਜਵਾਨ ਦੇ ਪਿਤਾ ਸ਼ਕਤੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਫੋਨ ਆਇਆ ਸੀ ਕਿ ਉਨ੍ਹਾਂ ਦੇ ਪੁੱਤਰ ਦੀ ਤਬੀਅਤ ਠੀਕ ਨਹੀਂ ਹੈ, ਉਹ ਮਿਲਣ ਵੀ ਗਏ ਸਨ। ਉਸ ਸਮੇਂ ਉਹ ਆਈ. ਸੀ. ਯੂ. ਵਿਚ ਸੀ ਅਤੇ ਉਹ ਵਾਪਿਸ ਆ ਗਏ ਪਰ ਦੋ ਦਿਨ ਤੋਂ ਉਸਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਉਸਦੇ ਫੇਫੜਿਆਂ ਵਿਚ ਵੀ ਕੁਝ ਨੁਕਸ ਸੀ, ਜਿਸ ਨਾਲ ਉਸਦੀ ਮੌਤ ਹੋ ਗਈ। ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਜੋ ਡਿਊਟੀ ਦੌਰਾਨ ਸ਼ਹੀਦ ਹੋਇਆ ਹੈ, ਇਸ ਲਈ ਉਨ੍ਹਾਂ ਦੀ ਧੀ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲ ਸਕੇ।


Gurminder Singh

Content Editor

Related News