ਹਰੀਕੇ ਜਲਗਾਹ ''ਤੇ ਪ੍ਰਵਾਸੀ ਪੰਛੀਆਂ ਨੂੰ ਮਾਰਨ ਦੇ ਦੋਸ਼ ''ਚ 3 ਦੋਸ਼ੀ ਕਾਬੂ

Tuesday, Dec 11, 2018 - 09:59 AM (IST)

ਹਰੀਕੇ ਜਲਗਾਹ ''ਤੇ ਪ੍ਰਵਾਸੀ ਪੰਛੀਆਂ ਨੂੰ ਮਾਰਨ ਦੇ ਦੋਸ਼ ''ਚ 3 ਦੋਸ਼ੀ ਕਾਬੂ

ਫਿਰੋਜ਼ਪੁਰ/ਹਰੀਕੇ ਪੱਤਣ (ਮਲਹੋਤਰਾ, ਲਵਲੀ) – ਫਿਰੋਜ਼ਪੁਰ ਜੰਗਲੀ ਜੀਵ ਡਵੀਜ਼ਨ ਦੀ ਟੀਮ ਨੇ ਐਤਵਾਰ ਸ਼ਾਮ ਹਰੀਕੇ ਜਲਗਾਹ ਇਲਾਕੇ 'ਚ ਪ੍ਰਵਾਸੀ ਪੰਛੀਆਂ ਨੂੰ ਮਾਰਨ ਦੇ ਦੋਸ਼ ਹੇਠ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿੰਨਾਂ ਤੋਂ 19 ਮਾਰੇ ਹੋਏ  ਵਿਦੇਸ਼ੀ ਪੰਛੀ ਬਰਾਮਦ ਕੀਤੇ ਗਏ ਹਨ। ਡਵੀਜ਼ਨਲ ਵਣਜੀਵ ਅਧਿਕਾਰੀ ਕਲਪਨਾ ਕੁਮਾਰੀ ਨੇ ਦੱਸਿਆ ਕਿ ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਹਰੀਕੇ ਜਲਗਾਹ 'ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਹਜ਼ਾਰਾਂ ਪੰਛੀਆਂ ਦੀ ਸੁਰੱਖਿਆ ਲਈ ਸਪੈਸ਼ਲ ਟੀਮਾਂ ਤਾਇਨਾਤ ਕੀਤੀਆਂ ਜਾਂਦੀਆਂ ਹਨ। 

ਵਣ ਗਾਰਡ ਤਜਿੰਦਰ ਸਿੰਘ ਤੇ ਬਲਵਿੰਦਰ ਸਿੰਘ ਦੀ ਅਗਵਾਈ 'ਚ ਤਾਇਨਾਤ ਵਾਚ ਐਂਡ ਵਾਰਡ ਟੀਮ ਨੇ ਪੰਛੀਆਂ ਨੂੰ ਜ਼ਹਿਰ ਦੇ ਕੇ ਮਾਰਨ ਵਾਲੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਵਿਦੇਸ਼ ਪੰਛੀਆਂ ਦਾ ਮਾਸ ਵੇਚਣ ਦੇ ਇਰਾਦੇ ਨਾਲ ਮੰਡ ਕੰਬੋ ਦੇ ਇਲਾਕੇ 'ਚ ਹਿਰਾਸਤ 'ਚ ਲਏ ਗਏ ਹਨ, ਜਿੰਨਾਂ ਤੋਂ ਟੀਮ ਨੇ 13 ਕੂਟ ਤੇ 6 ਨਾਰਦਨ ਸ਼ੋਵੇਲਰ ਬਰਡ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਦੋਸ਼ੀਆਂ ਨੇ ਮੰਨਿਆ ਕਿ ਉਹ ਮਾਸ ਵੇਚਣ ਲਈ ਇਨ੍ਹਾਂ ਪੰਛੀਆਂ ਦਾ ਸ਼ਿਕਾਰ ਕਰਦੇ ਹਨ ਤੇ ਪੋਸਟਮਾਰਟਮ ਰਿਪੋਰਟ 'ਚ ਜ਼ਹਿਰ ਦਿੱਤੇ ਜਾਣ ਦਾ ਖੁਲਾਸਾ ਕਰਦੇ ਹਨ। ਡੀ. ਐੱਫ. ਓ. ਨੇ ਦੋਸ਼ੀਆਂ ਖਿਲਾਫ ਵਣਜੀਵ ਸੁਰੱਖਿਆ ਐਕਟ 1972 ਦੇ ਅਧੀਨ ਪਰਚਾ ਦਰਜ ਕਰਨ ਤੋਂ ਬਾਅਦ ਸੋਮਵਾਰ ਇਨ੍ਹਾਂ ਨੂੰ ਸੁਲਤਾਨਪੁਰ ਲੋਧੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਉਨ੍ਹਾਂ ਵਣਜੀਵਾਂ ਦਾ ਸ਼ਿਕਾਰ ਕਰਨ ਵਾਲਿਆਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਡਵੀਜ਼ਨ 'ਚ ਅਜਿਹਾ ਕਰਨ ਵਾਲੇ ਖਿਲਾਫ ਕਾਰਵਾਈ ਕਰਕੇ ਸਖਤ ਤੋਂ ਸਖਤ ਸ਼ਜਾ ਦਿਵਾਈ ਜਾਵੇਗੀ। 

ਪ੍ਰਵਾਸੀ ਪੰਛੀਆਂ ਦੇ ਆਚਾਰ ਦੀ ਡਿਮਾਂਡ
ਜਲਗਾਹਾਂ 'ਤੇ ਆਉਣ ਵਾਲੇ ਪ੍ਰਵਾਸੀ ਪੰਛੀਆਂ ਦਾ ਸ਼ਿਕਾਰ ਹੋਣ ਦੇ ਪਿੱਛੇ ਦਾ ਕਾਰਨ ਇਨ੍ਹਾਂ ਪੰਛੀਆਂ ਦੇ ਮਾਸ ਦੀ ਮੰਗ ਬਹੁਤ ਜ਼ਿਆਦਾ ਹੋਣਾ ਹੈ। ਇਕ ਡਾਕਟਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਪਾਣੀ 'ਚ ਪਲਣ ਵਾਲੇ ਜੀਵਾਂ ਦਾ ਮਾਸ ਪੈਰਾਲਾਈਜ਼, ਬਰੇਨ ਹੈਮਰੇਜ, ਬਲੱਡ ਪ੍ਰੈਸ਼ਰ ਸਮੇਤ ਕਈ ਕਿਸਮ ਦੀਆਂ ਬੀਮਾਰੀਆਂ ਤੋਂ ਰਾਹਤ ਦਿੰਦਾ ਹੈ। ਇਸ ਲਈ ਲੋਕ ਸਰਦੀ ਦੇ ਮੌਸਮ ਦਾ ਇੰਤਜ਼ਾਰ ਕਰਦੇ ਹਨ ਤਾਂ ਕਿ ਪਾਣੀ 'ਚ ਰਹਿਣ ਵਾਲੇ ਜੀਵਾਂ ਤੇ ਪੰਛੀਆਂ ਦਾ ਮਾਸ ਖਾਣ ਨੂੰ ਮਿਲੇ। ਇਨ੍ਹਾਂ ਪੰਛੀਆਂ ਦੇ ਮਾਸ 'ਚ ਸਭ ਤੋਂ ਜ਼ਿਆਦਾ ਮੰਗ ਆਚਾਰ ਦੀ ਹੁੰਦੀ ਹੈ, ਕਿਉਂਕਿ ਇਨ੍ਹਾਂ ਦਾ ਆਚਾਰ ਕਈ ਸਾਲ ਤਾਕ ਖਰਾਬ ਨਹੀਂ ਹੁੰਦਾ।


author

rajwinder kaur

Content Editor

Related News