ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ ਜੁਰਮਾਨਾ
Tuesday, Oct 13, 2026 - 12:33 AM (IST)
ਜਲੰਧਰ (ਪੁਨੀਤ) - ਰੇਲਵੇ ਵੱਲੋਂ ਬਿਨਾਂ ਟਿਕਟ ਅਤੇ ਅਨਿਯਮਿਤ ਟਿਕਟ ’ਤੇ ਯਾਤਰਾ ਕਰਨ ਵਾਲੇ ਯਾਤਰੀਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਫਿਰੋਜ਼ਪੁਰ ਕੈਂਟ-ਜਲੰਧਰ ਸਿਟੀ ਰੇਲ ਸੈਕਸ਼ਨ ’ਤੇ ਚਲਾਈ ਗਈ ਇਸ ਮੁਹਿੰਮ ਦੌਰਾਨ 328 ਯਾਤਰੀਆਂ ਨੂੰ ਬਿਨਾਂ ਟਿਕਟ ਜਾਂ ਅਨਿਯਮਿਤ ਟਿਕਟ ’ਤੇ ਯਾਤਰਾ ਕਰਦਿਆਂ ਫੜਿਆ ਗਿਆ। ਇਨ੍ਹਾਂ ਯਾਤਰੀਆਂ ਤੋਂ ਕੁੱਲ 278835 ਰੁਪਏ ਜੁਰਮਾਨੇ ਦੇ ਰੂਪ ਵਿਚ ਵਸੂਲ ਕੀਤੇ ਗਏ।
ਇਸ ਵਿਸ਼ੇਸ਼ ਮੁਹਿੰਮ ਤਹਿਤ ਟਿਕਟ ਚੈਕਿੰਗ ਕਰਮਚਾਰੀਆਂ ਅਤੇ ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਦੀਆਂ ਸਾਂਝੀਆਂ ਟੀਮਾਂ ਨੇ ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਟ੍ਰੇਨਾਂ ਵਿਚ ਅਚਾਨਕ ਜਾਂਚ ਕੀਤੀ। ਚੈਕਿੰਗ ਲਈ ਟੀਮਾਂ ਨੂੰ ਵੱਖ-ਵੱਖ ਸਟੇਸ਼ਨਾਂ ’ਤੇ ਭੇਜਿਆ ਗਿਆ ਅਤੇ ਸਟੇਸ਼ਨ ਕੰਪਲੈਕਸ ਵਿਚ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਕੀਤੀ ਗਈ।
ਅਧਿਕਾਰੀਆਂ ਨੇ ਕਿਹਾ ਕਿ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ’ਤੇ ਰੋਕ ਲਾਉਣ ਦੇ ਉਦੇਸ਼ ਨਾਲ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਕਿਹਾ ਕਿ ਵਿਸ਼ੇਸ਼ ਚੈਕਿੰਗ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
