ਘਰਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਸ਼ੰਭੂ ਬੈਰੀਅਰ ਤੋਂ ਮੋੜਿਆ

Saturday, Apr 25, 2020 - 03:18 PM (IST)

ਖੰਨਾ (ਸੁਖਵਿੰਦਰ ਕੌਰ) : ਲਾਕਡਾਊਨ ਕਾਰਣ ਹਜ਼ਾਰਾਂ ਦੀ ਗਿਣਤੀ 'ਚ ਉਹ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਅਤੇ ਘਰਾਂ ਨੂੰ ਪਰਤਣ ਲਈ ਮਜ਼ਬੂਰ ਹਨ। ਜਦੋਂ ਜਲੰਧਰ ਤੋਂ ਕਰੀਬ 45 ਪ੍ਰਵਾਸੀ ਮਜ਼ਦੂਰ ਆਪਣੀਆਂ ਸਾਈਕਲਾਂ 'ਤੇ ਵਾਪਸ ਬਿਹਾਰ ਦੇ ਜ਼ਿਲ੍ਹੇ ਗੋਪਾਲਗੰਜ ਵਿਖੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਸ਼ੰਭੂ ਬੈਰੀਅਰ ਤੋਂ ਪੰਜਾਬ ਪੁਲਸ ਵਲੋਂ ਵਾਪਸ ਮੋੜ ਦਿੱਤਾ ਗਿਆ। ਭੁੱਖੇ-ਪਿਆਸੇ ਇਹ ਮਜ਼ਦੂਰ ਜਦੋਂ ਨੇੜਲੇ ਪਿੰਡ ਬੀਜਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਪੁੱਜੇ ਤਾਂ ਗੁਰਦੁਆਰਾ ਕਮੇਟੀ ਵਲੋਂ ਇਨ੍ਹਾਂ ਨੂੰ ਲੰਗਰ ਛਕਾਇਆ ਗਿਆ।

ਇਹ ਵੀ ਪੜ੍ਹੋ : ਅਣਪਛਾਤੇ ਨੇ ਖੁਦ ਨੂੰ ਕੋਰੋਨਾ ਪਾਜ਼ੇਟਿਵ ਹੋਣ ਦਾ ਲਗਾਇਆ ਪੋਸਟਰ, ਪਿੰਡ 'ਚ ਫੈਲੀ ਦਹਿਸ਼ਤ

ਇਸ ਮੌਕੇ ਪ੍ਰਵਾਸੀ ਮਜ਼ਦੂਰਾਂ ਦੇ ਆਗੂ ਪ੍ਰਦੀਪ ਕੁਮਾਰ, ਪਾਰਸ ਰਾਏ, ਬਾਂਕੇ ਲਾਲ ਅਤੇ ਪੰਕਜ ਕੁਮਾਰ ਨੇ ਦੱਸਿਆ ਕਿ ਉਹ ਜਲੰਧਰ ਵਿਖੇ ਇਕ ਟਾਇਰ ਫੈਕਟਰੀ 'ਚ ਕੰਮ ਕਰਦੇ ਸਨ ਪਰ ਲਾਕਡਾਊਨ ਕਾਰਣ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਸਨ। ਫੈਕਟਰੀ ਮਾਲਕ ਵਲੋਂ ਕੋਈ ਸਹੂਲਤ ਨਾ ਦਿੱਤੇ ਜਾਣ ਕਰ ਕੇ ਉਨ੍ਹਾਂ ਪਿੰਡ ਜਾਣ ਦਾ ਫੈਸਲਾ ਕਰ ਲਿਆ ਪਰ ਸ਼ੰਭੂ ਬੈਰੀਅਰ ਤੋਂ ਉਨ੍ਹਾਂ ਨੂੰ ਸਖ਼ਤੀ ਨਾਲ ਮੋੜ ਦਿੱਤਾ ਗਿਆ। ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਸੀ ਕਿ ਜੇਕਰ ਕੋਰੋਨਾ ਬੀਮਾਰੀ ਨਾਲ ਨਹੀਂ ਤਾਂ ਉਹ ਭੁੱਖ ਨਾਲ ਜ਼ਰੂਰ ਮਰ ਜਾਣਗੇ ਕਿਉਂਕਿ ਉਨ੍ਹਾਂ ਦੀ ਕਿਸੇ ਪਾਸੇ ਤੋਂ ਕੋਈ ਮਦਦ ਨਹੀਂ ਹੋ ਰਹੀ। ਇਸੇ ਤਰ੍ਹਾਂ ਬੀਤੀ ਦੇਰ ਸ਼ਾਮ ਤਰਨਤਾਰਨ ਤੋਂ ਪ੍ਰਵਾਸੀ ਮਜ਼ਦੂਰ ਆਪਣੀਆਂ ਪਤਨੀਆਂ ਅਤੇ ਬੱਚਿਆਂ ਨਾਲ ਪੈਦਲ ਜਦੋਂ ਬਿਹਾਰ ਵੱਲ ਜਾ ਰਹੇ ਸਨ ਤਾਂ ਗੁਰਦੁਆਰਾ ਸਿੰਘ ਸ਼ਹੀਦਾਂ ਬੀਜਾ ਵਿਖੇ ਪੁੱਜੇ। ਇਨ੍ਹਾਂ ਭੁੱਖੇ-ਪਿਆਸੇ ਲੋਕਾਂ ਨੂੰ ਗੁਰਦੁਆਰਾ ਕਮੇਟੀ ਵਲੋਂ ਜਿੱਥੇ ਲੰਗਰ ਛਕਾਇਆ ਗਿਆ, ਉੱਥੇ ਪੱਕਿਆ ਰਾਸ਼ਨ ਵੀ ਅਗਲੇ ਸਫਰ ਲਈ ਨਾਲ ਦਿੱਤਾ ਗਿਆ।

ਇਹ ਵੀ ਪੜ੍ਹੋ : ਪਟਿਆਲਾ 'ਚ ਕੋਰੋਨਾ ਦਾ ਕਹਿਰ, 6 ਹੋਰ ਨਵੇਂ ਮਾਮਲੇ ਆਏ ਸਾਹਮਣੇ 


Anuradha

Content Editor

Related News