ਦੁਸਹਿਰੇ ਦਾ ਮੇਲਾ ਦੇਖ ਕੇ ਪਰਤ ਰਹੇ ਪ੍ਰਵਾਸੀ ਦੀ ਹਾਈਵੇ ਪਾਰ ਕਰਦਿਆਂ ਹੋਈ ਮੌਤ

Tuesday, Oct 15, 2024 - 04:57 AM (IST)

ਦੁਸਹਿਰੇ ਦਾ ਮੇਲਾ ਦੇਖ ਕੇ ਪਰਤ ਰਹੇ ਪ੍ਰਵਾਸੀ ਦੀ ਹਾਈਵੇ ਪਾਰ ਕਰਦਿਆਂ ਹੋਈ ਮੌਤ

ਭਵਾਨੀਗੜ੍ਹ (ਕਾਂਸਲ) - ਬੀਤੇ ਦਿਨੀਂ ਦੇਰ ਰਾਤ ਨੂੰ ਦੁਸਹਿਰੇ ਦਾ ਮੇਲਾ ਦੇਖ ਕੇ ਆਪਣੇ ਕੁਆਟਰ ਜਾ ਰਹੇ ਇਕ ਸਾਈਕਲ ਸਵਾਰ ਪ੍ਰਵਾਸੀ ਵਿਅਕਤੀ ਨੂੰ ਸਥਾਨਕ ਬਲਿਆਲ ਰੋਡ ਕੱਟ ਨਜ਼ਦੀਕ ਨੈਸ਼ਨਲ ਹਾਈਵੇ ਪਾਰ ਕਰਦੇ ਸਮੇਂ ਇਕ ਅਣਪਛਾਤੀ ਕਾਰ ਵੱਲੋਂ ਫੇਟ ਮਾਰ ਦੇਣ ਕਾਰਨ ਪ੍ਰਵਾਸੀ ਦੀ ਮੌਤ ਹੋ ਗਈ।

ਜਾਣਕਾਰੀ ਦਿੰਦਿਆਂ ਸ਼੍ਰੀਕਾਂਤ ਮੁਨੀ ਵਾਸੀ ਚੁਵੱਚਾ ਜ਼ਿਲਾ ਪੁਰਣੀਆ ਬਿਹਾਰ ਨੇ ਦੱਸਿਆ ਕਿ ਉਸ ਦਾ ਲੜਕਾ ਮਨੀਕਾਂਤ ਕੁਮਾਰ ਉਰਫ ਮੁਨੀ 32 ਸਾਲ ਜੋ ਕਿ ਬਲਿਆਲ ਰੋਡ ਸਥਿਤ ਇਕ ਆਟਾ ਚੱਕੀ ’ਤੇ ਕੰਮ ਕਰਦਾ ਸੀ। ਲੰਘੇ 12 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਜਦੋਂ ਉਹ ਆਪਣੇ ਸਾਥੀਆਂ ਨਾਲ ਦੁਸਹਿਰੇ ਦਾ ਮੇਲਾ ਦੇਖ ਕੇ ਰਾਤ ਨੂੰ ਬਲਿਆਲ ਰੋਡ ਸਥਿਤ ਆਪਣੇ ਕੁਆਟਰ ’ਚ ਜਾਣ ਲਈ ਆਪਣੇ ਸਾਈਕਲ ਰਾਹੀਂ ਵਾਪਸ ਪਰਤ ਰਿਹਾ ਸੀ ਤਾਂ ਬਲਿਆਲ ਰੋਡ ਕੱਟ ਨਜ਼ਦੀਕ ਨੈਸ਼ਨਲ ਹਾਈਵੇ ਨੂੰ ਪਾਰ ਕਰਦੇ ਸਮੇਂ ਪਟਿਆਲਾ ਸਾਈਡ ਤੋਂ ਆਈ ਇਕ ਤੇਜ਼ ਰਫਤਾਰ ਅਣਪਛਾਤੀ ਕਾਰ ਨੇ ਇਸ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਹ ਹਾਈਵੇ ਤੋਂ ਡਿੱਗ ਪਿਆ ਅਤੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਦਕਿ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ।

ਮਨੀਕਾਂਤ ਨੂੰ ਉਸ ਦੇ ਸਾਥੀਆਂ ਵੱਲੋਂ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸਥਾਨਕ ਸਰਕਾਰੀ ਹਸਪਤਾਲ ਦੇ ਐੱਸ. ਐੱਮ. ਓ. ਡਾ. ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਘਟਨਾ ਸਬੰਧੀ ਸਥਾਨਕ ਪੁਲਸ ਨੂੰ ਸੂਚਨਾ ਭੇਜ ਕੇ ਮ੍ਰਿਤਕ ਵਿਅਕਤੀ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਭੇਜ ਦਿੱਤੀ ਹੈ।


author

Inder Prajapati

Content Editor

Related News