ਜ਼ਿਲੇ ਦੇ ਸਕੂਲਾਂ ''ਚ ਬੰਦ ਪਈ ਮਿਡ-ਡੇ ਮੀਲ ਸਕੀਮ ਹੋਈ ਚਾਲੂ

Wednesday, Dec 20, 2017 - 07:44 AM (IST)

ਜ਼ਿਲੇ ਦੇ ਸਕੂਲਾਂ ''ਚ ਬੰਦ ਪਈ ਮਿਡ-ਡੇ ਮੀਲ ਸਕੀਮ ਹੋਈ ਚਾਲੂ

ਫ਼ਰੀਦਕੋਟ (ਹਾਲੀ) - ਕੇਂਦਰ ਸਰਕਾਰ ਦੀ ਮਦਦ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਚੱਲ ਰਹੀ ਮਿਡ-ਡੇ ਮੀਲ ਸਕੀਮ ਸਰਕਾਰ ਦੀ ਅਣਦੇਖੀ ਕਾਰਨ ਬੰਦ ਹੋ ਗਈ ਸੀ। ਸਿੱਖਿਆ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਜ਼ਿਲੇ 'ਚ 417 ਦੇ ਕਰੀਬ ਸਕੂਲਾਂ ਨੂੰ ਮਿਡ-ਡੇ ਮੀਲ ਖਰਚਿਆਂ ਸਬੰਧੀ ਬਣਦੀ ਰਾਸ਼ੀ ਕੁਝ ਦਿਨ ਪਹਿਲਾਂ ਹੀ ਜਾਰੀ ਕੀਤੀ ਹੈ। ਸੂਚਨਾ ਅਨੁਸਾਰ ਉਕਤ ਸਰਕਾਰੀ ਸਕੂਲਾਂ 'ਚ 47,500 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ 'ਚੋਂ 70 ਫੀਸਦੀ ਵਿਦਿਆਰਥੀ ਦਲਿਤ ਪਰਿਵਾਰਾਂ ਨਾਲ ਸਬੰਧਤ ਹੋਣ ਕਰ ਕੇ ਮਿਡ-ਡੇ ਮੀਲ ਸਕੀਮ ਦਾ ਲਾਭ ਲੈ ਰਹੇ ਹਨ ਪਰ ਸਰਕਾਰ ਵੱਲੋਂ ਢੁੱਕਵੇਂ ਸਮੇਂ 'ਤੇ ਹਰ ਮਹੀਨੇ ਰਾਸ਼ੀ ਜਾਰੀ ਕਰਨ 'ਚ ਦੇਰੀ ਹੋਣ 'ਤੇ ਇਹ ਸਕੀਮ ਜ਼ਿਲੇ ਵਿਚ ਬੰਦ ਹੋਣ ਤੋਂ ਬਾਅਦ ਚਾਲੂ ਕੀਤੀ ਗਈ ਹੈ।
ਬੇਸ਼ੱਕ ਕੁਝ ਕੁ ਸਮਾਂ ਪਹਿਲਾਂ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਸਾਹਿਬ ਦੇ ਦਫ਼ਤਰ ਵਿਚ ਮੰਗ-ਪੱਤਰ ਦੇ ਕੇ ਸਪੱਸ਼ਟ ਕੀਤਾ ਸੀ ਕਿ ਜੇਕਰ ਸਰਕਾਰ ਨੇ ਮਿਡ-ਡੇ ਮੀਲ ਲਈ ਹਰ ਮਹੀਨੇ ਲੋੜੀਂਦੇ ਫੰਡ ਮੁਹੱਈਆ ਨਹੀਂ ਕਰਵਾਏ ਤਾਂ ਉਹ ਇਸ ਸਕੀਮ ਨੂੰ ਬੰਦ ਕਰਨ ਲਈ ਮਜਬੂਰ ਹੋਣਗੇ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਫੰਡਾਂ ਦੀ ਘਾਟ ਕਾਰਨ ਸਰਕਾਰੀ ਸਕੂਲਾਂ ਨੂੰ ਰਾਸ਼ਨ ਖਰੀਦਣ ਲਈ ਢੁੱਕਵੇਂ ਸਮੇਂ 'ਤੇ ਲੋੜੀਂਦੀ ਗ੍ਰਾਂਟ ਜਾਰੀ ਨਹੀਂ ਕੀਤੀ ਅਤੇ ਨਾ ਹੀ ਸਕੂਲਾਂ 'ਚ ਲੋੜੀਂਦੀ ਕਣਕ, ਚੌਲ ਅਤੇ ਦਾਲਾਂ ਭੇਜਣ 'ਚ ਫੁਰਤੀ ਦਿਖਾਈ, ਜਿਸ ਕਰ ਕੇ ਇਕ ਵਾਰ ਤਾਂ ਮਿਡ-ਡੇ ਮੀਲ ਸਕੀਮ ਬੰਦ ਹੋਣ ਕੰਢੇ ਪੁੱਜ ਗਈ ਸੀ ਪਰ ਸਰਕਾਰ ਨੇ ਦਸੰਬਰ ਮਹੀਨੇ ਦੀ ਰਾਸ਼ੀ ਭੇਜ ਕੇ ਡੁੱਬਦੀ ਜਾ ਰਹੀ ਸਕੀਮ 'ਚ ਮੁੜ ਜਾਨ ਪਾ ਦਿੱਤੀ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਕਈ ਸਕੂਲਾਂ 'ਚੋਂ ਮਿਡ-ਡੇ ਮੀਲ ਲਈ ਆਈ ਕਣਕ, ਚੌਲ ਅਤੇ ਹੋਰ ਸਮੱਗਰੀ ਖਤਮ ਹੋ ਗਈ ਅਤੇ ਸਕੂਲਾਂ ਨੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦੇਣਾ ਵੀ ਬੰਦ ਕਰ ਦਿੱਤਾ ਸੀ।
ਕੀ ਕਹਿੰਦੇ ਨੇ ਸਿੱਖਿਆ ਅਧਿਕਾਰੀ
ਇਸ ਸਬੰਧੀ ਡਿਪਟੀ ਡੀ. ਓ. ਧਰਮਵੀਰ ਸਿੰਘ ਨੇ ਕਿਹਾ ਕਿ ਮਿਡ-ਡੇ ਮੀਲ ਦੀ ਸਰਕਾਰ ਵੱਲੋਂ ਗ੍ਰਾਂਟ ਮਿਲਣ ਉਪਰੰਤ ਸਕੂਲਾਂ ਨੂੰ ਰਾਸ਼ੀ ਤਕਸੀਮ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਸਾਰੇ ਸਕੂਲਾਂ 'ਚ ਚੈਕਿੰਗ ਕਰ ਕੇ ਸਕੀਮ ਨੂੰ ਲਗਾਤਾਰ ਜਾਰੀ ਰੱਖਣਗੇ।


Related News