ਕੋਰੋਨਾ ਵਾਇਰਸ : ਪੰਜਾਬ ਸਰਕਾਰ ਬੱਚਿਆਂ ਨੂੰ ਘਰਾਂ 'ਚ ਹੀ ਦੇਵੇਗੀ 'ਮਿਡ-ਡੇਅ ਮੀਲ'

03/19/2020 11:37:23 AM

ਚੰਡੀਗੜ੍ਹ (ਅਸ਼ਵਨੀ) : ਸੂਬੇ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਸਕੂਲੀ ਬੱਚਿਆਂ ਨੂੰ ਘਰ 'ਚ ਹੀ ਮਿਡ-ਡੇਅ ਮੀਲ ਉਪਲਬਧ ਕਰਵਾਉਣ ਜਾਂ ਇਸ ਦੇ ਬਦਲੇ ਉਨ੍ਹਾਂ ਦੇ ਖਾਤਿਆਂ 'ਚ ਪੈਸੇ ਪਾਉਣ 'ਤੇ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਬੁੱਧਵਾਰ ਨੂੰ ਬੁਲਾਈ ਗਈ ਬੈਠਕ 'ਚ ਕੋਰੋਨਾ ਵਾਇਰਸ ਦੇ ਮਾਮਲੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ, ਜਿਸ 'ਚ ਮਿਡ-ਡੇਅ ਮੀਲ ਨੂੰ ਲੈ ਕੇ ਵੀ ਸੁਝਾਅ ਸਾਹਮਣੇ ਆਇਆ।   ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਛੋਟੇ ਮਾਮਲਿਆਂ 'ਚ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਜ਼ਮਾਨਤ ਦੇਣ ਅਤੇ ਜੇਲ 'ਚ ਕਾਫ਼ੀ ਸਮਾਂ ਗੁਜ਼ਾਰਨ ਵਾਲੇ ਦੋਸ਼ੀਆਂ ਨੂੰ ਪੈਰੋਲ ਦੇਣ 'ਤੇ ਵੀ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' ਤੋਂ ਡਰੀ ਪੰਜਾਬ ਸਰਕਾਰ, 'ਹਜ਼ਾਰਾਂ ਕੈਦੀ' ਕਰੇਗੀ ਰਿਹਾਅ
ਉਨ੍ਹਾਂ ਅੱਗੇ ਦੱਸਿਆ ਕਿ ਸੁਪਰੀਮ ਕੋਰਟ ਨੇ ਜੇਲਾਂ 'ਚ ਕੈਦੀਆਂ ਦੀ ਗਿਣਤੀ ਘਟਾਉਣ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਤਮ ਫੈਸਲਾ ਅਦਾਲਤਾਂ 'ਤੇ ਨਿਰਭਰ ਹੈ ਅਤੇ ਰਾਜ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਕੋਲ ਉਠਾ ਰਹੇ ਹਨ। ਇਸੇ ਕੜੀ 'ਚ ਰਾਜ ਸਰਕਾਰ ਵਲੋਂ ਕੋਰੋਨਾਵਾਇਰਸ (ਕੋਵਿਡ-19) ਸਬੰਧੀ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕਰਨ ਸੰਬੰਧੀ ਕੱਲ੍ਹ ਤੋਂ ਸ਼ੁਰੂ ਕੀਤੀ ਜਾ ਰਹੀ ਜਾਗਰੂਕਤਾ ਮੁਹਿੰਮ ਦੇ ਮੱਦੇਨਜ਼ਰ ਸਮੂਹ ਧਾਰਮਿਕ ਸੰਸਥਾਵਾਂ ਅਤੇ ਡੇਰਾ ਮੁਖੀਆਂ ਨੂੰ ਆਪਣੇ ਸਮਾਗਮਾਂ 'ਚ 50 ਵਿਅਕਤੀਆਂ ਤੋਂ ਘੱਟ ਦੀ ਸਭਾ ਕਰਨ ਦੀ ਅਪੀਲ ਕੀਤੀ ਗਈ ਹੈ। ਸਿਹਤ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਕ੍ਰਮਵਾਰ ਸਮੀਖਿਆ ਮੀਟਿੰਗਾਂ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਇਕਮਾਤਰ ਪੁਸ਼ਟੀ ਕੀਤੇ ਗਏ ਮਾਮਲੇ ਨਾਲ ਪੰਜਾਬ ਹੁਣ ਤੱਕ ਸੁਰੱਖਿਅਤ ਹੈ, ਪਰ ਸੰਸਾਰ ਪੱਧਰ 'ਤੇ ਫੈਲ ਰਹੀ ਇਸ ਮਹਾਮਾਰੀ ਨੂੰ ਦੇਖਦਿਆਂ ਕੋਈ ਵੀ ਢਿੱਲ ਨਹੀਂ ਵਰਤੀ ਜਾ ਸਕਦੀ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ 'ਕੋਰੋਨਾ ਵਾਇਰਸ' 'ਤੇ ਰਿਪੋਰਟ ਜਾਰੀ, ਜਾਣੋ ਤਾਜ਼ਾ ਹਾਲਾਤ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਬਹੁਤ ਸਾਰੇ ਦੇਸ਼ਾਂ 'ਚ ਇਕ ਮਹਾਮਾਰੀ ਦੇ ਰੂਪ 'ਚ  ਫੈਲ ਰਿਹਾ ਹੈ ਅਤੇ ਭਾਰਤ 'ਚ ਵੀ ਇਸ ਦਾ ਖ਼ਤਰਾ ਪੈਦਾ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਰੋਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਚਪੇਟ 'ਚ ਆਏ ਮੁਲਕਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 116 ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਲੋਕਾਂ ਨੂੰ ਭੀੜ ਤੋਂ ਦੂਰ ਰਹਿਣ ਅਤੇ ਸਮਾਗਮਾਂ 'ਚ 50 ਵਿਅਕਤੀਆਂ ਜਾਂ ਇਸ ਤੋਂ ਘੱਟ ਦੀ ਸਭਾ ਕਰਨ ਸਬੰਧੀ ਰਾਜ ਸਰਕਾਰ ਦੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕੋਰੋਨਾਵਾਇਰਸ ਦੇ ਵਧ ਰਹੇ ਖਤਰੇ ਨੂੰ ਘੱਟ ਕਰਨ ਲਈ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਮਾਗਮਾਂ ਦੌਰਾਨ ਜਲਸਿਆਂ ਨੂੰ 50 ਜਾਂ ਇਸ ਤੋਂ ਘੱਟ ਵਿਅਕਤੀਆਂ ਤੱਕ ਹੀ ਸੀਮਿਤ ਰੱਖਣ। 

ਇਹ ਵੀ ਪੜ੍ਹੋ : ਕੋਰੋਨਾ : ਪੰਜਾਬ ਦੇ ਦਫਤਰਾਂ 'ਚ 50 ਤੋਂ ਜ਼ਿਆਦਾ ਲੋਕ ਇਕੱਠੇ ਹੋਣ 'ਤੇ ਪਾਬੰਦੀ

ਬਜ਼ੁਰਗਾਂ ਅਤੇ ਰੋਗਾਂ ਨਾਲ ਲੜਨ ਦੀ ਘੱਟ ਸਮਰੱਥਾ ਵਾਲੇ ਲੋਕਾਂ 'ਚ ਕੋਵਿਡ-19 ਕਾਰਨ ਜ਼ਿਆਦਾ ਮੌਤ ਦਰ ਨੂੰ ਦੇਖਦਿਆਂ ਉਨ੍ਹਾਂ ਅਜਿਹੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਨੂੰ ਵਾਇਰਸ ਤੋਂ ਬਚਣ ਲਈ ਵਿਸ਼ੇਸ਼ ਧਿਆਨ ਰੱਖਣ ਦੀ ਵੀ ਅਪੀਲ ਕੀਤੀ। ਇਸ ਸਮੱਸਿਆ ਨਾਲ ਨਿਪਟਣ 'ਚ ਲੱਗੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ਼ ਦੀ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਕੋਲ ਸਥਿਤੀ ਨਾਲ ਨਿਪਟਣ ਲਈ ਉਚਿਤ ਸਾਧਨ ਅਤੇ ਦਵਾਈਆਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਨੂੰ ਅਲੱਗ ਰੱਖਣ ਲਈ ਗਿਆਨ ਸਾਗਰ ਮੈਡੀਕਲ ਕਾਲਜ, ਰਾਜਪੁਰਾ ਦੇ ਸਾਰੇ ਹੋਸਟਲਾਂ 'ਚ ਕੁਲ 1700 ਬੈਡ ਉਪਲੱਬਧ ਹਨ। ਰਾਜ 'ਚ ਹੁਣ ਤੱਕ ਕੋਰੋਨਾ ਦਾ ਸਿਰਫ਼ ਇਕ ਮਾਮਲਾ ਪਾਜ਼ੀਟਿਵ ਪਾਇਆ ਗਿਆ ਹੈ। ਮਰੀਜ਼ ਇਟਲੀ ਦਾ ਰਹਿਣ ਵਾਲਾ ਹੈ, ਜਿਸ ਦੀ ਅੰਮ੍ਰਿਤਸਰ ਹਵਾਈ ਅੱਡੇ 'ਚ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਉਸ ਨੂੰ ਜੀ.ਐੱਮ.ਸੀ. ਅੰਮ੍ਰਿਤਸਰ 'ਚ ਦਾਖ਼ਲ ਕਰਵਾਇਆ ਗਿਆ।
ਸਕ੍ਰੀਨਿੰਗ ਅਤੇ ਪ੍ਰਬੰਧਨ ਸਥਿਤੀ
ਜਾਂਚ ਕੀਤੇ ਗਏ ਕੁਲ ਨਮੂਨਿਆਂ ਦੀ ਗਿਣਤੀ - 117
ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ - 01
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ - 112
ਰਿਪੋਰਟ ਦਾ ਉਡੀਕ ਹੈ - 04
ਬੁੱਧਵਾਰ ਨੂੰ ਵਿਅਕਤੀਆਂ 'ਚ ਲੱਛਣ ਪਾਏ ਗਏ - 08
18 ਮਾਰਚ, 2020 ਤੱਕ ਨਿਗਰਾਨੀ ਅਧੀਨ ਮਰੀਜ਼ਾਂ ਦੀ ਗਿਣਤੀ - 1306
ਹਸਪਤਾਲ 'ਚ ਨਿਗਰਾਨੀ ਅਧੀਨ - 08
ਘਰ 'ਚ ਨਿਗਰਾਨੀ ਅਧੀਨ - 1298
ਏਅਰਪੋਰਟ ਅਤੇ ਬਾਰਡਰ ਚੈਕ ਪੋਸਟ ਸਕ੍ਰੀਨਿੰਗ:
ਕੁਲ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ - 95380 
ਜਿਨ੍ਹਾਂ ਯਾਂਤਰੀਆਂ 'ਚ ਲੱਛਣ ਪਾਏ ਗਏ - 08

ਪੰਜਾਬ ਦੇ ਸਿਹਤ ਵਿਭਾਗ ਵਲੋਂ ਚੁੱਕੇ ਗਏ ਕਦਮ
ਮਰੀਜ਼ਾਂ ਨੂੰ ਅਲੱਗ ਰੱਖਣ ਲਈ ਅੰਮ੍ਰਿਤਸਰ ਅਤੇ ਐੱਸ.ਏ.ਐੱਸ. ਨਗਰ 'ਚ 500-500 ਬੈੱਡ ਤਿਆਰ
ਆਈਸੋਲੇਸ਼ਨ ਵਾਰਡਾਂ 'ਚ 1077 ਬੈਡ ਅਤੇ 28 ਵੈਂਟੀਲੇਟਰ ਮੌਜੂਦ
ਰਾਜ ਅਤੇ ਜ਼ਿਲਾ ਪੱਧਰ 'ਤੇ ਕੰਟਰੋਲ ਰੂਮ ਕ੍ਰਿਰਿਆਸ਼ੀਲ
ਕੇਂਦਰੀ ਹੈਲਪਲਾਈਨ ਨੰਬਰ 104 ਕ੍ਰਿਰਿਆਸ਼ੀਲ


Babita

Content Editor

Related News