ਡਰਾਈ–ਡੇ ਦੀਆਂ ਧੱਜੀਆਂ ਉਡਾ ਕੇ ਵੱਖ-ਵੱਖ ਇਲਾਕਿਆਂ ''ਚ ਖੋਲ੍ਹੇ ਗਏ ਠੇਕੇ
Tuesday, Oct 03, 2017 - 04:58 AM (IST)

ਲੁਧਿਆਣਾ(ਪੰਕਜ)-ਅੰਗ੍ਰੇਜ਼ਾਂ ਦੀ ਗੁਲਾਮੀ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸੱਤਿਆਗ੍ਰਹਿ ਨਾਮਕ, ਸਵਦੇਸ਼ੀ ਅਪਣਾਓ ਸਮੇਤ ਕਈ ਅੰਦੋਲਨ ਛੇੜਨ ਵਾਲੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸਾਲਾਂ ਤੋਂ ਦੇਸ਼ ਭਰ 'ਚ ਚੱਲੀ ਆ ਰਹੀ ਡਰਾਈ-ਡੇ ਪ੍ਰਥਾ ਦੀਆਂ ਧੱਜੀਆਂ ਉਡਾਉਂਦੇ ਹੋਏ ਮਹਾਨਗਰ ਦੇ ਵੱਖ-ਵੱਖ ਇਲਾਕਿਆਂ 'ਚ ਸ਼ਾਮ ਢਲਦੇ ਹੀ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ। ਠੇਕਿਆਂ ਅਤੇ ਅਹਾਤਿਆਂ 'ਤੇ ਲੋਕਾਂ ਵਲੋਂ ਪੈੱਗ ਲਾਉਣ ਦਾ ਦੌਰ ਦੇਰ ਰਾਤ ਤੱਕ ਚੱਲਦਾ ਰਿਹਾ। ਸਭ ਤੋਂ ਸ਼ਰਮਸਾਰ ਕਰਨ ਵਾਲੀ ਗੱਲ ਇਹ ਰਹੀ ਕਿ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ, ਜਦਕਿ ਨਿਯਮਾਂ ਮੁਤਾਬਕ ਡਰਾਈ-ਡੇ 'ਤੇ ਸਾਰਾ ਦਿਨ ਸ਼ਰਾਬ ਵੇਚਣ ਤੇ ਪਿਲਾਉਣ 'ਤੇ ਨਾ ਸਿਰਫ ਪ੍ਰਤੀਬੰਦ ਹੈ ਬਲਕਿ 50 ਹਜ਼ਾਰ ਰੁਪਏ ਜੁਰਮਾਨੇ ਦੀ ਵੀ ਵਿਵਸਥਾ ਹੈ। ਸ਼ਹਿਰ 'ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਦਰਜਨਾਂ ਸ਼ਰਾਬ ਸਮੱਗਲਰਾਂ ਨੇ ਜਿੱਥੇ ਪੁਲਸ ਤੋਂ ਛੁਪ-ਛੁਪਾ ਕੇ ਸ਼ਰਾਬ ਦੀ ਰੱਜ ਕੇ ਸਮੱਗਲਿੰਗ ਕੀਤੀ ਅਤੇ ਉਥੇ ਪੱਕੇ ਗਾਹਕਾਂ ਨੂੰ ਬਾਕਾਇਦਾ ਹੋਮ ਡਲਿਵਰੀ ਤਕ ਦਿੱਤੀ ਗਈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਦਿਨ ਢਲਦੇ ਹੀ ਸ਼ਰਾਬ ਦੀਆਂ ਦੁਕਾਨਾਂ ਦੇ ਸ਼ਟਰ ਖੋਲ੍ਹ ਕੇ ਸ਼ਰਾਬ ਦੀਆਂ ਬੋਤਲਾਂ ਵਿਕਦੀਆਂ ਰਹੀਆਂ, ਦੇਰ ਰਾਤ ਤੱਕ ਠੇਕਿਆਂ ਦੇ ਅੱਗੇ ਨਾ ਸਿਰਫ ਸ਼ਰਾਬ ਖਰੀਦਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹੀਆਂ ਬਲਕਿ ਉਨ੍ਹਾਂ ਨਾਲ ਸਥਿਤ ਅਹਾਤਿਆਂ ਦੇ ਇਲਾਵਾ ਵੱਖ-ਵੱਖ ਰੈਸਟੋਰੈਂਟਾਂ ਅਤੇ ਹੋਟਲਾਂ 'ਚ ਸ਼ਰਾਬ ਪਰੋਸੀ ਗਈ। ਜਦ ਇਸ ਸਬੰਧੀ ਠੇਕੇ 'ਤੇ ਤਾਇਨਾਤ ਸਟਾਫ ਤੋਂ ਪੁੱਛਿਆ ਗਿਆ ਕਿ ਡਰਾਈ-ਡੇ 'ਤੇ ਤਾਂ ਸ਼ਰਾਬ ਵੇਚਣ ਅਤੇ ਪਿਲਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ ਫਿਰ ਠੇਕੇ ਖੋਲ੍ਹ ਕੇ ਸ਼ਰਾਬ ਕਿਉਂ ਵੇਚ ਰਹੇ ਹਨ ਤਾਂ ਸਟਾਫ ਦਾ ਜਵਾਬ ਸੀ ਕਿ ਉਨ੍ਹਾਂ ਨੂੰ ਇਸ ਨਿਯਮ ਦੀ ਜਾਣਕਾਰੀ ਨਹੀਂ ਹੈ। ਮਾਲਕਾਂ ਨੇ ਉਨ੍ਹਾਂ ਨੂੰ ਠੇਕੇ ਖੋਲ੍ਹਣ ਦੇ ਆਦੇਸ਼ ਦਿੱਤੇ ਸਨ, ਜਿਸ ਦੇ ਉਪਰੰਤ ਉਹ ਸ਼ਰਾਬ ਵੇਚ ਰਹੇ ਹਨ। ਇਹੀ ਹਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਦੇਖਣ ਨੂੰ ਮਿਲਿਆ। ਕੁੱਝ ਇਲਾਕਿਆਂ 'ਚ ਤਾਂ ਠੇਕਿਆਂ ਦੇ ਸ਼ਟਰ 'ਚ ਬਣੇ ਰੌਸ਼ਨਦਾਨ ਦੇ ਜ਼ਰੀਏ ਚੋਰੀ ਛੁਪੇ ਸ਼ਰਾਬ ਵੇਚ ਰਹੇ ਸਨ, ਜਦਕਿ ਜ਼ਿਆਦਾਤਰ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ।