ਬਕਸੇ ਨੂੰ ਅੱਗ ਲੱਗਣ ਨਾਲ 20 ਮੀਟਰ ਸਡ਼ੇ
Sunday, Jul 22, 2018 - 08:11 AM (IST)

ਮਮਦੋਟ (ਸ਼ਰਮਾ, ਜਸਵੰਤ) – ਕੱਲ ਹੋਈ ਭਾਰੀ ਬਾਰਿਸ਼ ਤੋਂ ਬਾਅਦ ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਬਸਤੀ ਮੋਹਰ ਸਿੰਘ ਵਾਲੀ ਵਿਖੇ ਗਲੀ ਵਿਚ ਲੱਗੇ ਪਾਵਰ ਕਾਰਪੋਰੇਸ਼ਨ ਦੇ ਬਕਸੇ ਨੂੰ ਅੱਗ ਲੱਗਣ ਨਾਲ ਵੱਖ-ਵੱਖ ਖਪਤਕਾਰਾਂ ਦੇ 20 ਮੀਟਰ ਸਡ਼ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਬਸਤੀ ਮੋਹਰ ਸਿੰਘ ਵਾਲਾ ਦੇ ਰਾਜ ਸਿੰਘ ਪੁੱਤਰ ਲਾਲ ਸਿੰਘ, ਹਰਨਾਮ ਸਿੰਘ ਪੁੱਤਰ ਹੀਰਾ ਸਿੰਘ, ਜੱਜ ਸਿੰਘ ਪੁੱਤਰ ਮੁਨਸ਼ਾ ਸਿੰਘ ਨੇ ਦੱਸਿਆ ਕਿ ਕੱਲ ਹੋਈ ਭਾਰੀ ਬਾਰਿਸ਼ ਕਾਰਨ ਬੀਤੀ ਰਾਤ ਕਰੀਬ 10 ਵਜੇ ਬਾਹਰ ਗਲੀ ਵਿਚ ਲੱਗੇ ਮੀਟਰਾਂ ਦੇ ਬਕਸੇ ਨੂੰ ਅਚਾਨਕ ਅੱਗ ਲੱਗ ਗਈ, ਜਿਸ ’ਤੇ ਕਾਬੂ ਪਾਉਣ ਲਈ ਅਸੀਂ ਮਿੱਟੀ ਵਗੈਰਾ ਪਾ ਕੇ ਅੱਗ ਬਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਕਸੇ ਵਿਚ ਲੱਗੇ ਹੋਏ ਵੱਖ-ਵੱਖ ਘਰਾਂ ਦੇ 20 ਮੀਟਰ ਅੱਗ ਦੀ ਲਪੇਟ ’ਚ ਆ ਕੇ ਸਡ਼ ਗਏ , ਜਿਸ ਕਾਰਨ ਸਬੰਧਤ ਖਪਤਕਾਰਾਂ ਦੀ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ।
ਉਨ੍ਹਾਂ ਦੱਸਿਆ ਕਿ ਅਸੀਂ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮਮਦੋਟ ਦੇ ਦਫਤਰ ਵਿਖੇ ਲਿਖਤੀ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਨਵੇਂ ਮੀਟਰ ਲਾ ਕੇ ਬਿਜਲੀ ਦੀ ਸਪਲਾਈ ਬਹਾਲ ਕੀਤੀ ਜਾਵੇ। ਇਸ ਅੱਗ ਲੱਗਣ ਕਾਰਨ ਮੁਨਸ਼ਾ ਸਿੰਘ, ਮਹਿੰਦਰ ਸਿੰਘ, ਹਰਦੀਪ ਸ਼ਿੰਘ, ਸ਼ਿੰਗਾਰਾ ਸਿੰਘ, ਪੱਪੂ, ਜੰਗੀਰ ਸਿੰਘ, ਜੋਗਿੰਦਰ ਸਿੰਘ, ਬੂਟਾ ਸਿੰਘ, ਪੰਮਾ ਸਿੰਘ, ਮਹਿਲ ਸਿੰਘ, ਕਰਨੈਲ ਸਿੰਘ, ਛਿੰਦਰ ਕੌਰ, ਸੁਰਜੀਤ ਸਿੰਘ, ਮੱਖਣ ਸਿੰਘ, ਰਾਣੋ ਬੀਬੀ ਤੇ ਸੁਖਦੇਵ ਸਿੰਘ ਖਪਤਕਾਰਾਂ ਦੇ ਬਿਜਲੀ ਦੀ ਸਪਲਾਈ ਦੇ ਮੀਟਰ ਸਡ਼ ਗਏ ।