ਮੇਨ ਬਾਜ਼ਾਰ ਦੀ ਗਲੀ ''ਚ ਲੱਗੇ ਬਿਜਲੀ ਬਕਸੇ ''ਚੋਂ ਮੀਟਰ ਗਾਇਬ, ਲੋਕਾਂ ''ਚ ਰੋਸ
Friday, Jul 07, 2017 - 02:04 AM (IST)
ਪਠਾਨਕੋਟ/ਸੁਜਾਨਪੁਰ, (ਸ਼ਾਰਦਾ, ਹੀਰਾ ਲਾਲ, ਸਾਹਿਲ)— ਸੁਜਾਨਪੁਰ ਦੇ ਮੇਨ ਬਾਜ਼ਾਰ 'ਚ ਸਥਿਤ ਰੈਡੀਮੇਡ ਕੱਪੜਾ ਵਿਕ੍ਰੇਤਾ ਦੇ ਗਲੀ 'ਚ ਲੱਗੇ ਮੀਟਰ ਬਕਸੇ 'ਚੋਂ ਕਿਸੇ ਨੇ ਬਿਜਲੀ ਮੀਟਰ ਨੂੰ ਹੀ ਉਖਾੜ ਦਿੱਤਾ, ਉਥੇ ਹੀ ਮੀਟਰ ਉਖਾੜਨ ਤੋਂ ਬਾਅਦ ਤਾਰਾਂ ਨੂੰ ਵੀ ਜੋੜ ਦਿੱਤਾ ਤਾਂ ਜੋ ਇਸ ਦਾ ਪਤਾ ਨਾ ਚੱਲ ਸਕੇ। ਖੇਤਰ 'ਚ ਹੋਈ ਆਪਣੀ ਤਰ੍ਹਾਂ ਦੀ ਪਹਿਲੀ ਇਸ ਘਟਨਾ ਨਾਲ ਬਾਜ਼ਾਰ ਦੇ ਦੁਕਾਨਦਾਰਾਂ 'ਚ ਗੁੱਸਾ ਹੈ, ਉਥੇ ਹੀ ਉਨ੍ਹਾਂ 'ਚ ਪਾਵਰਕਾਮ ਵਿਭਾਗ ਦੇ ਪ੍ਰਤੀ ਰੋਸ ਵੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਰਜੇਸ਼ ਕੁਮਾਰ, ਵਪਾਰ ਮੰਡਲ ਦੇ ਪ੍ਰਧਾਨ ਪਿੰਟੂ ਜਸਰੋਟੀਆ, ਮੇਨ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਪਾਲ ਮਹਾਜਨ, ਰਾਮ ਲੁਭਾਇਆ, ਬ੍ਰਿਜ ਰਾਜ ਜਸਰੋਟੀਆ, ਨੰਦ ਕਿਸ਼ੋਰ, ਸੋਨੂੰ ਆਹੂਜਾ, ਵਿਸ਼ਾਲ, ਹਰੀਸ਼ ਕੁਮਾਰ, ਅਸ਼ੋਕ ਕੁਮਾਰ, ਰਵੀ ਕੁਮਾਰ, ਬੱਬੀ, ਅੰਕੁਸ਼, ਹੇਮਰਾਜ ਆਦਿ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਘਟਨਾ ਇਕ ਗੰਭੀਰ ਮਾਮਲਾ ਹੈ। ਇਸ ਮਾਮਲੇ 'ਚ ਸਾਰੀ ਪ੍ਰੇਸ਼ਾਨੀ ਉਪਭੋਗਤਾ ਨੂੰ ਉਠਾਉਣੀ ਪੈ ਰਹੀ ਹੈ। ਜਦ ਕਿ ਵਿਭਾਗ ਵੱਲੋਂ ਲੋਕਾਂ ਦੇ ਘਰਾਂ ਅਤੇ ਵਿਆਪਕ ਸੰਸਥਾਨਾਂ ਦੇ ਮੀਟਰ ਤਾਂ ਬਾਹਰ ਇਕ ਜਗ੍ਹਾ 'ਤੇ ਲਗਾ ਦਿੱਤੇ ਗਏ ਹਨ ਪਰ ਇਨ੍ਹਾਂ ਮੀਟਰਾਂ ਦੀ ਸੁਰੱਖਿਆ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ।
ਇਸ ਸਬੰਧੀ ਦੁਕਾਨਦਾਰ ਰਜੇਸ਼ ਕੁਮਾਰ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਉਨ੍ਹਾਂ ਨੇ ਦੁਕਾਨ ਖੋਲ੍ਹੀ ਤਾਂ ਬਿਜਲੀ ਨਹੀਂ ਸੀ ਜਦ ਕਿ ਆਸੇ-ਪਾਸੇ ਦੀਆਂ ਦੁਕਾਨਾਂ 'ਚ ਬਿਜਲੀ ਆ ਰਹੀ ਸੀ, ਜਿਸ ਤੋਂ ਬਾਅਦ ਸ਼ਿਕਾਇਤ ਕੇਂਦਰ 'ਚ ਉਨ੍ਹਾਂ ਨੇ ਸ਼ਿਕਾਇਤ ਲਿਖਵਾਈ। ਜਦੋਂ ਬਿਜਲੀ ਕਰਮਚਾਰੀ ਬਿਜਲੀ ਠੀਕ ਕਰਨ ਆਏ ਤਾਂ ਦੇਖਿਆ ਕਿ ਗਲੀ 'ਚ ਲੱਗੇ ਮੀਟਰ ਬਕਸੇ 'ਚੋਂ ਇਕ ਮੀਟਰ ਗਾਇਬ ਸੀ। ਇਸ ਨੂੰ ਦੇਖ ਕੇ ਉਹ ਵੀ ਦੰਗ ਰਹਿ ਗਏ ਕਿ ਆਖਰ ਮੀਟਰ ਗਿਆ ਕਿੱਥੇ?
ਇਸ ਮੌਕੇ ਸਾਰੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਜਿਸ ਨੇ ਵੀ ਅਜਿਹਾ ਕੰਮ ਕੀਤਾ ਹੈ, ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ 'ਚ ਕਿਸੇ ਵੀ ਬਕਸੇ ਤੋਂ ਕੋਈ ਮੀਟਰ ਨਾ ਚੋਰੀ ਕਰੇ, ਉਥੇ ਹੀ ਮੀਟਰ ਬਕਸਿਆਂ ਨੂੰ ਤਾਲੇ ਲਾਏ ਜਾਣ।
ਕੀ ਕਹਿਣਾ ਹੈ ਐੱਸ. ਡੀ. ਓ. ਦਾ?
ਇਸ ਸਬੰਧੀ ਜਦੋਂ ਐੱਸ. ਡੀ. ਓ. ਸੁਰਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ, ਉਥੇ ਹੀ ਉਨ੍ਹਾਂ ਕਿਹਾ ਕਿ ਸਾਰੇ ਉਪਭੋਗਤਾ ਵੀ ਧਿਆਨ ਰੱਖਣ ਕਿ ਜੇਕਰ ਉਨ੍ਹਾਂ ਦੀ ਬਿਜਲੀ ਅਚਾਨਕ ਬੰਦ ਹੋ ਜਾਵੇ ਤਾਂ ਉਹ ਆਪਣੇ ਮੀਟਰ ਬਕਸੇ ਨੂੰ ਜ਼ਰੂਰ ਚੈੱਕ ਕਰਨ ਤਾਂ ਜੋ ਜੇਕਰ ਕੋਈ ਉਨ੍ਹਾਂ ਦੇ ਮੀਟਰ ਨਾਲ ਛੇੜਖਾਨੀ ਕਰ ਰਿਹਾ ਹੈ ਤਾਂ ਉਸ ਨੂੰ ਫੜਿਆ ਜਾ ਸਕੇ।
