ਵਾਕ ਫਾਰ ਵੈਲਿਊਜ਼ ਕੱਢ ਕੇ ਦਿੱਤਾ ਨੈਤਿਕ ਮੁੱਲਾਂ ਦਾ ਸੰਦੇਸ਼

Sunday, Oct 29, 2017 - 05:33 PM (IST)

ਜਲੰਧਰ (ਖੁਰਾਣਾ)— ਵਿਸ਼ਵ ਦੇ 140 ਦੇਸ਼ਾਂ 'ਚ ਅਧਿਆਤਮਿਕਤਾ ਦਾ ਪ੍ਰਚਾਰ ਅਤੇ ਸੇਵਾ ਕੰਮ ਕਰ ਰਹੀ ਪ੍ਰਮੁੱਖ ਸੰਸਥਾ ਸ਼੍ਰੀ ਸਤਯ ਸਾਈਂ ਸੇਵਾ ਆਰਗੇਨਾਈਜ਼ੇਸ਼ਨ ਦੇ ਜਲੰਧਰ ਯੂਨਿਟ ਵੱਲੋਂ ਸ਼ਨੀਵਾਰ ਕਮੇਟੀ ਪ੍ਰਧਾਨ ਸਤੀਸ਼ ਮਹਿਤਾ ਅਤੇ ਕਮੇਟੀ ਕਨਵੀਨਰ ਸੁਨੀਲ ਮਲਹੋਤਰਾ ਦੀ ਦੇਖ-ਰੇਖ 'ਚ ਸ਼ਹਿਰ 'ਚ ਵਾਕ ਫਾਰ ਵੈਲਿਊਜ਼ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸ਼ਹਿਰ ਦੇ ਲਗਭਗ 4000 ਵਾਲੰਟੀਅਰਾਂ, ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਆਦਿ ਨੇ ਹਿੱਸਾ ਲੈ ਕੇ ਸੱਚ, ਧਰਮ, ਸ਼ਾਂਤੀ, ਅਹਿੰਸਾ ਅਤੇ ਪ੍ਰੇਮ ਦੀ ਰਾਹ 'ਤੇ ਚੱਲਣ ਦਾ ਸੱਦਾ ਦਿੱਤਾ। ਇਸ ਆਯੋਜਨ ਦੇ ਮਾਧਿਅਮ ਨਾਲ ਕਮੇਟੀ ਨੇ ਸਮਾਜ ਨੂੰ ਸੰਦੇਸ਼ ਦਿੱਤਾ ਕਿ ਸਿੱਖਿਆ ਜਗਤ ਅਤੇ ਹੋਰ ਸਿਲੇਬਸਾਂ 'ਚ ਨੈਤਿਕ ਸਿੱਖਿਆ ਦਾ ਪ੍ਰਚਾਰ-ਪ੍ਰਸਾਰ ਬਹੁਤ ਜ਼ਰੂਰੀ ਹੈ ਤਾਂ ਕਿ ਸਮਾਜ 'ਚ ਘਰ ਕਰ ਚੁੱਕੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਭਜਾਇਆ ਜਾ ਸਕੇ ਅਤੇ ਮੌਜੂਦਾ ਅਤੇ ਨੌਜਵਾਨ ਪੀੜ੍ਹੀ 'ਚ ਜੋ ਬੁਰੀਆਂ ਆਦਤਾਂ ਪੈਦਾ ਹੋ ਰਹੀਆਂ ਹੈ, ਉਨ੍ਹਾਂ 'ਤੇ ਰੋਕ ਲੱਗੇ। ਮੁੱਖ ਮਹਿਮਾਨ ਦੇ ਰੂਪ 'ਚ ਪਹੁੰਚੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਝੰਡੀ ਦਿਖਾ ਕੇ ਇਸ ਵਾਕ ਨੂੰ ਸ਼ੁਰੂ ਕੀਤਾ। ਸੈਂਕੜਿਆਂ ਦੀ ਗਿਣਤੀ 'ਚ ਬੈਨਰ ਅਤੇ ਪੋਸਟਰ ਹੱਥਾਂ 'ਚ ਲਏ ਵਾਲੰਟੀਅਰ ਅਤੇ ਹੋਰ ਪਤਵੰਤੇ ਸ਼ਹਿਰੀ ਚੁਨਮੁਨ ਚੌਕ, ਗੀਤਾ ਮੰਦਰ, ਸਿੰਘ ਸਭਾ ਗੁਰਦੁਆਰਾ ਅਤੇ ਗੁਰੂ ਅਮਰਦਾਸ ਚੌਕ ਹੁੰਦੇ ਹੋਏ ਵਾਪਸ ਸਟੇਡੀਅਮ ਪਹੁੰਚੇ। ਅਨੁਸ਼ਾਸਨ ਅਤੇ ਵਿਵਸਥਾ ਦੇ ਮਾਮਲੇ 'ਚ ਇਹ ਆਯੋਜਨ ਦੇਖਣ ਲਾਇਕ ਸੀ। 

PunjabKesari
ਇਸ ਆਯੋਜਨ 'ਚ ਸ਼ਹਿਰ ਦੇ ਸਾਰੇ ਪ੍ਰਮੁੱਖ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ 'ਚ ਲਵਲੀ ਯੂਨੀਵਰਸਿਟੀ, ਸੇਂਟ ਸੋਲਜਰ ਸਕੂਲਜ਼, ਇਨੋਸੈਂਟ ਹਾਰਟ ਸਕੂਲ, ਡੀ. ਏ. ਵੀ. ਪੁਲਸ ਪਬਲਿਕ ਸਕੂਲ, ਕੈਂਬ੍ਰਿਜ ਸਕੂਲ, ਮਾਯਰ ਵਰਲਡ, ਬੀ. ਡੀ. ਆਰੀਆ ਕਾਲਜ, ਐੱਚ. ਐੈੱਮ. ਵੀ. ਕਾਲਜ, ਨੋਬਲ ਸਕੂਲ ਅਤੇ ਜੈਨ ਸਕੂਲਾਂ ਦੇ ਵਿਦਿਆਰਥੀ ਤੇ ਸਟਾਫ ਪ੍ਰਮੁੱਖ ਸਨ। ਇਨ੍ਹਾਂ ਸਕੂਲਾਂ ਦੀ ਅਗਵਾਈ ਸਰਵਸ਼੍ਰੀ ਅਸ਼ੋਕ ਮਿੱਤਲ, ਸੰਗੀਤਾ ਚੋਪੜਾ, ਐੱਸ. ਐੱਸ. ਜੈਨ ਸਭਾ ਦੇ ਪ੍ਰਧਾਨ ਰਾਜੇਸ਼ ਜੈਨ, ਵਿਪਨ ਜੈਨ, ਸੀ. ਐੱਲ. ਕੋਛੜ ਆਦਿ ਨੇ ਕੀਤੀ। ਇਸ ਆਯੋਜਨ 'ਚ ਦਿਵਯ ਦ੍ਰਿਸ਼ਟੀ, ਹਿਊਮੈਨਿਟੀ ਅਤੇ ਸ਼ਹਿਰ ਦੀਆਂ ਦਰਜਨਾਂ ਸਵੈਮ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਨੈਤਿਕ ਮੁੱਲਾਂ ਦੇ ਪ੍ਰਚਾਰ-ਪ੍ਰਸਾਰ 'ਚ ਆਪਣਾ ਯੋਗਦਾਨ ਪਾਇਆ। ਮੁੱਖ ਮਹਿਮਾਨ ਦੇ ਰੂਪ 'ਚ ਇਸ ਆਯੋਜਨ 'ਚ ਸਾਬਕਾ ਮੰਤਰੀ ਅਵਤਾਰ ਹੈਨਰੀ ਅਤੇ ਮਨੋਰੰਜਨ ਕਾਲੀਆ, ਉਦਯੋਗਪਤੀ ਨਿਤਿਨ ਕੋਹਲੀ, ਭਾਜਪਾ ਆਗੂ ਮਹਿੰਦਰ ਭਗਤ, ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਸਾਬਕਾ ਸੰਸਦ ਮੈਂਬਰ ਅਰੁਣਾ ਅਰੋੜਾ, ਪ੍ਰਵੀਨ ਅਬਰੋਲ, ਅਸ਼ਵਿਨੀ ਪੁਰੀ, ਮਨਿੰਦਰ ਸਿੰਘ ਮੁਕਤਸਰੀਆ, ਸਾਬਕਾ ਸੰਸਦ ਮੈਂਬਰ ਰਵੀ ਮਹਿੰਦਰੂ, ਕਾਂਗਰਸੀ ਆਗੂ ਬੌਬੀ ਸਹਿਗਲ, ਸੌਰਭ ਮਹਾਜਨ, ਐਡਵੋਕੇਟ ਮਨੀਸ਼ ਸਹਿਗਲ, ਜਲੰਧਰ ਇਲੈਕਟ੍ਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਭਰਤ ਕਾਕੜੀਆ ਆਦਿ ਹਾਜ਼ਰ ਸਨ।
ਆਯੋਜਕਾਂ ਵੱਲੋਂ ਵੀ. ਕੇ. ਕਪੂਰ, ਸਿੰਮੀ ਮਲਹੋਤਰਾ, ਐੱਸ. ਕੇ. ਪੁੰਜ, ਮਨਿੰਦਰ ਸਿੰਘ, ਸਾਜਨ ਸ਼ਰਮਾ, ਤੇਜਸਵੀ ਗੁਲਾਟੀ, ਵਿਠਲ ਮਲਹੋਤਰਾ, ਵਿਭੂਤੀ ਮਲਹੋਤਰਾ, ਰਾਘਵ ਮਹਾਜਨ, ਮਨੁਜ ਸਹਿਗਲ, ਰੰਜੀਤ ਓਬਰਾਏ ਆਦਿ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਪ੍ਰਾਜੈਕਟ ਦਾ ਸੰਚਾਲਨ ਕੀਤਾ।
ਇਸ ਮੌਕੇ ਅਧਿਆਤਮਿਕ ਅਤੇ ਸੰਸਕ੍ਰਿਤਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਨਿਧੀ ਮਿੱਤਲ ਦੇ ਸਟੂਡੀਓ ਅੰਤਰਾ ਵਲੋਂ ਇਕ ਵਿਦਿਆਰਥਣ ਨੇ ਕੱਥਕ ਨ੍ਰਿਤ ਪੇਸ਼ ਕੀਤਾ ਜਦਕਿ ਰਾਜਨ ਸਿਆਲ ਨੇ ਪਰਿੰਦੇ ਗਰੁੱਪ ਵਲੋਂ ਸ਼ਾਨਦਾਰ ਕੋਰੀਓਗ੍ਰਾਫੀ ਅਤੇ ਡਾਂਸ ਆਈਟਮ ਪੇਸ਼ ਕੀਤੀ। ਟੀ. ਵੀ. ਸ਼ੋਅ ਵਾਇਸ ਆਫ ਇੰਡੀਆ 'ਚ ਆਪਣੀ ਪਰਫਾਰਮੈਂਸ ਦੇ ਚੁੱਕੇ ਅੰਮ੍ਰਿਤਸਰ ਦੇ ਲਕਸ਼ ਨੇ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।


Related News