ਮਾਨਸਿਕ ਪ੍ਰੇਸ਼ਾਨ ਅਧਿਆਪਕਾ ਨੇ ਕੀਤੀ ਖੁਦਕੁਸ਼ੀ
Monday, Aug 27, 2018 - 01:00 AM (IST)
ਮੋਗਾ, (ਅਜ਼ਾਦ)- ਬੀਤੀ ਦੇਰ ਰਾਤ ਫਿਰੋਜ਼ਪੁਰ ਤੋਂ ਲੁਧਿਆਣਾ ਜਾਣ ਵਾਲੀ ਗੱਡੀ ਦੇ ਮੂਹਰੇ ਕੁੱਦ ਕੇ ਸਕੂਲ ਅਧਿਆਪਕਾ ਗਾਇਤਰੀ ਸ਼ਰਮਾ (50) ਨਿਵਾਸੀ ਸ਼ਾਂਤੀ ਨਗਰ ਮੋਗਾ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਰੇਲਵੇ ਪੁਲਸ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਤੇ ਹੌਲਦਾਰ ਸੁਰਜੀਤ ਸਿੰਘ ਨੇ ਮ੍ਰਿਤਕਾ ਦੇ ਭਰਾ ਸੁਨੀਲ ਸ਼ਰਮਾ ਅਤੇ ਪੁੱਤਰ ਵਿਸ਼ੰਬਰ ਸਰਮਾ ਨਿਵਾਸੀ ਅਹਾਤਾ ਬਦਨ ਸਿੰਘ ਮੋਗਾ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਗਾਇਤਰੀ ਸ਼ਰਮਾ ਜੋ ਸਥਾਨਕ ਸਕੂਲ ’ਚ ਅਧਿਆਪਕਾ ਸੀ ਤੇ ਉਸਦਾ ਪਤੀ ਅਸ਼ਵਨੀ ਕੁਮਾਰ ਨੈਸਲੇ ’ਚ ਕੰਮ ਕਰਦਾ ਸੀ ਅਤੇ ਉਨਾਂ ਦੇ ਦੋਨੋਂ ਬੱਚੇ ਬੇਟਾ ਅਤੇ ਬੇਟੀ ਵਿਦੇਸ਼ ਗਏ ਹੋਏ ਹਨ। ਮ੍ਰਿਤਕਾ ਦੇ ਭਰਾ ਸੁਨੀਲ ਸ਼ਰਮਾ ਨੇ ਰੇਲਵੇ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਸਾਢੇਂ 10 ਵਜੇ ਦੇ ਕਰੀਬ ਉਸਦੀ ਭੈਣ ਘਰ ’ਚੋਂ ਦੱਸੇ ਬਿਨਾਂ ਚਲੀ ਗਈ ਅਤੇ ਅਸੀਂ ਉਸਦੀ ਬਹੁਤ ਤਲਾਸ਼ ਕੀਤੀ ਤਾਂ ਪਤਾ ਲੱਗਾ ਕਿ ਉਹ ਟ੍ਰੇਨ ਹੇਠਾਂ ਆ ਗਈ ਹੈ, ਜਿਸ ’ਤੇ ਅਸੀਂ ਰੇਲਵੇ ਪੁਲਸ ਨੂੰ ਸੂਚਿਤ ਕੀਤਾ। ਉਸਨੇ ਕਿਹਾ ਕਿ ਗਾਇਤਰੀ ਸਕੂਲ ਦੀ ਪ੍ਰੇਸ਼ਾਨੀ ਦੇ ਇਲਾਵਾ ਬੱਚਿਆਂ ਦੇ ਵਿਦੇਸ਼ ਜਾਣ ਦੇ ਚੱਲਦੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਈ ਸੀ, ਜਿਸ ਕਾਰਨ ਉਸਨੇ ਅਜਿਹਾ ਕਦਮ ਚੁੱਕਿਆ। ਰੇਲਵੇ ਪੁਲਸ ਨੇ ਉਸਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ।
