ਸਿੱਖ ਗੁਰੂਆਂ ਦੀ ਤੁਲਨਾ ਡੇਰਾ ਸਿਰਸਾ ਮੁਖੀ ਨਾਲ ਕਰਨ ''ਤੇ ਭੜਕੇ ਅਕਾਲੀ, ਥਾਣਾ ਮੁਖੀ ਨੂੰ ਦਿੱਤਾ ਮੈਮੋਰੈਂਡਮ
Thursday, Jul 30, 2020 - 02:34 PM (IST)
ਭਵਾਨੀਗੜ੍ਹ (ਵਿਕਾਸ, ਸੰਜੀਵ, ਕਾਂਸਲ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਵਰਕਰਾਂ ਨੇ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਵੀਰਪਾਲ ਕੌਰ ਵਾਸੀ ਬਠਿੰਡਾ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ, ਹਰਦੇਵ ਸਿੰਘ ਕਾਲਾਝਾੜ, ਜੋਗਾ ਸਿੰਘ ਫੱਗੂਵਾਲਾ, ਰੁਪਿੰਦਰ ਸਿੰਘ ਰੰਧਾਵਾ, ਰਵਜਿੰਦਰ ਸਿੰਘ ਕਾਕੜਾ ਆਦਿ ਨੇ ਥਾਣਾ ਮੁਖੀ ਨੂੰ ਮੈਮੋਰੈਂਡਮ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਵੀਰਪਾਲ ਕੌਰ ਵਾਸੀ ਬਠਿੰਡਾ ਨੇ ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਜੋ ਕਿ ਜਬਰ-ਜ਼ਿਨਾਹ ਦੇ ਕੇਸਾਂ 'ਚ ਜੇਲ੍ਹ 'ਚ ਬੰਦ ਹੈ, ਦੀ ਤੁਲਨਾ ਪਿਛਲੇ ਦਿਨੀਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਕੀਤੀ, ਜਿਸ ਦਿਨ ਦੀ ਇਹ ਖ਼ਬਰ ਮੀਡੀਆ ਵਿੱਚ ਨਸ਼ਰ ਹੋਈ ਹੈ, ਉਸੇ ਦਿਨ ਤੋਂ ਹੀ ਸਮੂਹ ਨਾਨਕ ਲੇਵਾ ਦੀ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ ਅਤੇ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ।
ਇਹ ਵੀ ਪੜ੍ਹੋ : ਪ੍ਰੀਤਮ ਸਿੰਘ ਮਰ ਗਿਆ ਜਾਂ ਜਿਊਂਦਾ, ਮੈਜਿਸਟ੍ਰੇਟ ਜਾਂਚ 'ਚ ਹੋਵੇਗਾ ਖੁਲਾਸਾ
ਆਗੂਆਂ ਨੇ ਮੰਗ ਕੀਤੀ ਕਿ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਨ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖ਼ਿਲਵਾੜ ਕਰਨ ਦੇ ਦੋਸ਼ ਹੇਠ ਵੀਰਪਾਲ ਕੌਰ ਖ਼ਿਲਾਫ਼ ਸਖ਼ਤ ਧਾਰਾਵਾਂ ਲਗਾ ਕੇ ਕੇਸ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਕਤ ਜਨਾਨੀ ਵੱਲੋਂ ਇਹ ਕਾਰਾ ਕਿਸੇ ਗੰਭੀਰ ਸਾਜ਼ਿਸ਼ ਅਧੀਨ ਕੀਤਾ ਗਿਆ ਹੈ, ਜਿਸ ਸਾਜ਼ਿਸ਼ ਨੂੰ ਵੀ ਬੇਨਕਾਬ ਕਰਕੇ ਸਾਜਿਸ਼ਕਾਰਾਂ ਖ਼ਿਲਾਫ ਸਖ਼ਤ ਕਾਰਵਾਈ ਕਰਦਿਆਂ ਸਲਾਖ਼ਾਂ ਪਿੱਛੇ ਕੀਤਾ ਜਾਵੇ।
ਇਹ ਵੀ ਪੜ੍ਹੋ : ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਗੰਭੀਰ ਦੋਸ਼ ਮੜ੍ਹਣ ਵਾਲੀ ਡੇਰਾ ਸੱਚਾ ਸੌਦਾ ਦੀ ਪੈਰੋਕਾਰ ਵੀਰਪਾਲ ਕੌਰ ਖ਼ਿਲਾਫ ਅਕਾਲੀ ਦਲ ਦੇ ਵਫਦ ਨੇ ਚੰਡੀਗੜ੍ਹ ਦੀ ਐੱਸ. ਐੱਸ. ਪੀ. ਨੂੰ ਸ਼ਿਕਾਇਤ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਦੇ ਵਫ਼ਦ ਨੇ ਚੰਡੀਗੜ੍ਹ ਦੀ ਐੱਸ. ਐੱਸ. ਪੀ. ਨੂੰ ਲਿਖਤੀ ਰੂਪ ਵਿਚ ਵੀਰਪਾਲ ਖ਼ਿਲਾਫ਼ ਸ਼ਿਕਾਇਤ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰਕੇ ਪਰਦੇ ਪਿੱਛੇ ਦੀ ਸੱਚਾਈ ਸਾਹਮਣੇ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦ ਕਾਰਵਾਈ ਸ਼ੁਰੂ ਕੀਤੀ ਤਾਂ ਵੀਰਪਾਲ ਕੌਰ ਨੇ ਮਾਫ਼ੀ ਵੀ ਮੰਗ ਲਈ ਪਰ ਵੀਰਪਾਲ ਕੌਰ ਨੇ ਜੋ ਸਿੱਖ ਗੁਰੂਆਂ ਦੀ ਤੁਲਨਾ ਰਾਮ ਰਹੀਮ ਨਾਲ ਕੀਤੀ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।